ਲੁਧਿਆਣਾ ਜ਼ਿਮਨੀ ਚੋਣ ਤੋਂ ਪਹਿਲਾਂ ਕਾਂਗਰਸ ਹੋਈ ਦੋਫਾੜ !

ਲੁਧਿਆਣਾ, 19 ਅਪ੍ਰੈਲ – ਪੰਜਾਬ ਕਾਂਗਰਸ ਇੱਕ ਮੰਚ ‘ਤੇ ਵਿਖਾਈ ਨਹੀਂ ਦੇ ਰਹੀ ਹੈ। ਇਸ ਦੀ ਤਾਜ਼ਾ ਉਦਾਹਰਨ ਹਾਲ ਹੀ ਦੇ ਵਿੱਚ ਵੇਖਣ ਨੂੰ ਮਿਲੀ ਜਦੋਂ ਪ੍ਰਤਾਪ ਬਾਜਵਾ ਦੇ ਹੱਕ ਵਿੱਚ ਸਾਰੇ ਹੀ ਕਾਂਗਰਸੀ ਚੰਡੀਗੜ੍ਹ ਦੇ ਵਿੱਚ ਇਕੱਠੇ ਹੋਏ ਪਰ ਭਾਰਤ ਭੂਸ਼ਣ ਆਸ਼ੂ ਉਥੋਂ ਗੈਰ ਹਾਜ਼ਰ ਰਹੇ। ਇੰਨਾ ਹੀ ਨਹੀਂ ਟਿਕਟ ਮਿਲਣ ਤੋਂ ਬਾਅਦ ਭਾਰਤ ਭੂਸ਼ਣ ਆਸ਼ੂ ਨੂੰ ਮਿਲਣ ਲਈ ਜਦੋਂ ਪੰਜਾਬ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਉਨ੍ਹਾਂ ਦੇ ਘਰ ਪਹੁੰਚੇ ਤਾਂ ਆਸ਼ੂ ਉੱਥੇ ਨਹੀਂ ਮਿਲੇ। ਇੱਕ ਨਿੱਜੀ ਚੈਨਲ ‘ਤੇ ਦਿੱਤੇ ਇੰਟਰਵਿਊ ਦੇ ਵਿੱਚ ਆਸ਼ੂ ਨੇ ਕਿਹਾ ਕਿ ਉਹ ਮੈਨੂੰ ਫੋਨ ਕਰ ਸਕਦੇ ਸਨ ਕਿੰਨਾ ਕੁ ਵੱਡਾ ਹਲਕਾ ਸੀ।

ਪੰਜਾਬ ਕਾਂਗਰਸ ਹੋਈ ਦੋਫਾੜ !

ਇੰਨਾ ਹੀ ਨਹੀਂ ਰਾਣਾ ਗੁਰਜੀਤ ਕਾਂਗਰਸ ਤੋਂ ਵੱਖਰੀ ਸਟੇਜ ਚਲਾਉਂਦੇ ਵੀ ਬੀਤੇ ਦਿਨੀਂ ਵਿਖਾਈ ਦਿੱਤੇ ਸੀ। ਇੰਨ੍ਹਾਂ ਸਾਰਿਆਂ ਕਾਰਨਾਂ ਕਰਕੇ ਇੱਕ ਵਾਰ ਮੁੜ ਤੋਂ ਕਾਂਗਰਸ ਦੇ ਇੱਕਜੁੱਟ ਹੋਣ ਨੂੰ ਲੈ ਕੇ ਸਵਾਲ ਵਿਰੋਧੀਆਂ ਨੇ ਕਰਨੇ ਸ਼ੁਰੂ ਕਰ ਦਿੱਤੇ ਹਨ। ਜਿਸ ਦਾ ਖਾਮਿਆਜਾ ਜ਼ਿਮਨੀ ਚੋਣ ਦੇ ਵਿੱਚ ਕਾਂਗਰਸ ਨੂੰ ਕਿੰਨਾ ਕੁ ਭੁਗਤਣਾ ਪਵੇਗਾ ਇਹ ਤਾਂ ਨਤੀਜੇ ਹੀ ਦੱਸਣਗੇ। ਪਰ ਫਿਲਹਾਲ ਆਪਸੀ ਖੈਬਾਜ਼ੀ ਖਿੱਚੋਤਾਣ ‘ਤੇ ਚੁਟਕੀ ਲੈਂਦੇ ਵਿਰੋਧੀ ਪਾਰਟੀਆਂ ਦੇ ਲੀਡਰ ਜ਼ਰੂਰ ਵਿਖਾਈ ਦੇ ਰਹੇ ਹਨ।

‘ਆਪ’ ਨੇ ਚੁੱਕੇ ਕਾਂਗਰਸ ‘ਤੇ ਸਵਾਲ

ਲੁਧਿਆਣਾ ਪਹੁੰਚੇ ਆਮ ਆਦਮੀ ਪਾਰਟੀ ਦੇ ਪੰਜਾਬ ਉੱਪ ਪ੍ਰਧਾਨ ਸ਼ੈਰੀ ਕਲਸੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਕਾਂਗਰਸ ਦੇ ਵਿੱਚ ਜਿੰਨੇ ਵੀ ਆਗੂ ਹਨ, ਸਾਰੇ ਹੀ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਕੋਈ ਨਵੀਂ ਗੱਲ ਨਹੀਂ ਹੈ, ਕੋਈ ਵੀ ਕਾਂਗਰਸੀ ਇੱਕ ਲੀਹ ‘ਤੇ ਨਹੀਂ ਚੱਲ ਰਿਹਾ, ਸਾਰੇ ਹੀ ਇੱਧਰ ਉਧਰ ਤੁਰੇ ਫਿਰਦੇ ਹਨ। ਉਨ੍ਹਾਂ ਕਿਹਾ ਕਿ ਜੋ ਸਾਡੇ ਨਾਲ ਮੁਕਾਬਲੇ ਦੀ ਗੱਲ ਕਰ ਰਹੇ ਨੇ ਉਹ ਪਹਿਲਾਂ ਆਪਣੇ ਆਪ ਨੂੰ ਸਾਂਭ ਲੈਣ, ਆਪਣੇ ਲੀਡਰਾਂ ਨੂੰ ਇੱਕਜੁੱਟ ਕਰ ਲੈਣ, ਇੱਕ ਮੰਚ ‘ਤੇ ਇਕੱਠੇ ਹੋ ਜਾਣ ਇਹੀ ਹੀ ਵੱਡੀ ਗੱਲ ਹੋਵੇਗੀ।

‘ਜਿੰਨੇ ਲੀਡਰ ਓਨੇ ਮੁੱਖ ਮੰਤਰੀ ਚਿਹਰੇ’

ਇੰਨਾ ਹੀ ਨਹੀਂ ‘ਆਪ’ ਦੇ ਬੁਲਾਰੇ ਐਡਵੋਕੇਟ ਪਰਮਵੀਰ ਸਿੰਘ ਨੇ ਕਿਹਾ ਕਿ ਇਹ ਕੋਈ ਨਵੀਂ ਗੱਲ ਨਹੀਂ ਹੈ। ਜਦੋਂ ਵੀ ਚੋਣਾਂ ਹੁੰਦੀਆਂ ਹਨ ਉਦੋਂ ਕਾਂਗਰਸ ਆਪਸ ਦੇ ਵਿੱਚ ਹੀ ਉਲਝ ਕੇ ਰਹਿ ਜਾਂਦੀ ਹੈ। ਉਨ੍ਹਾਂ ਕਿਹਾ ਕਿ 20 ਸਾਲ ਤੋਂ ਕਾਂਗਰਸ ਦਾ ਇਹ ਹੀ ਹਾਲ ਰਿਹਾ ਹੈ। ਭਾਵੇਂ ਉਹ ਲੋਕ ਸਭਾ ਦੀਆਂ ਚੋਣਾਂ ਹੋਣ, ਭਾਵੇਂ ਹੁਣ ਜ਼ਿਮਨੀ ਚੋਣ ਹੋਵੇ ਸਭ ਦੇ ਮੂੰਹ ਇੱਧਰ ਉਧਰ ਹਨ। ਉਨ੍ਹਾਂ ਕਿਹਾ ਕਿ ਪ੍ਰਤਾਪ ਬਾਜਵਾ ਸਰਕਾਰ ‘ਤੇ ਸਵਾਲ ਖੜੇ ਕਰ ਰਹੇ ਨੇ, ਜਦੋਂ ਕਿ ਖੁਦ ਉਹ ਆਪਣੇ ਬਿਆਨਾਂ ਦੇ ਕਰਕੇ ਕਟਹਿਰੇ ਦੇ ਵਿੱਚ ਹਨ।

‘ਪਰਿਵਾਰ ‘ਚ ਹੁੰਦੇ ਰਹਿੰਦੇ ਨੇ ਵਖਰੇਵੇਂ’

ਹਾਲਾਂਕਿ ਕਾਂਗਰਸ ਦੀ ਇਹ ਆਪਸੀ ਖਿੱਚੋਤਾਣ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਵੀ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਨੇ, ਪਰ ਪੰਜਾਬ ਕਾਂਗਰਸ ਪ੍ਰਧਾਨ ਇਸ ਦੀ ਸਫਾਈ ਦਿੰਦੇ ਜ਼ਰੂਰ ਵਿਖਾਈ ਦਿੱਤੇ। ਹਾਲਾਂਕਿ ਉਨ੍ਹਾਂ ਨੇ ਇਹ ਵੀ ਗੱਲ ਕਬੂਲੀ ਹੈ ਕਿ ਕਿਤੇ ਨਾ ਕਿਤੇ ਆਪਸ ਦੇ ਵਿੱਚ ਪਰਿਵਾਰ ਦੇ ਅੰਦਰ ਵਖਰੇਵੇਂ ਜ਼ਰੂਰ ਹਨ। ਮੀਡੀਆ ਨੇ ਜਦੋਂ ਸਵਾਲ ਕੀਤਾ ਤਾਂ ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਪਰਿਵਾਰ ਦੇ ਵਿੱਚ ਗੱਲ ਕੋਈ ਹੋਵੇਗੀ ਤਾਂ ਉਹ ਪਰਿਵਾਰ ਦੇ ਵਿੱਚ ਹੀ ਰਹਿਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਟੀਵੀ ‘ਤੇ ਜਾਂ ਫਿਰ ਕਿਸੇ ਮੀਡੀਆ ‘ਤੇ ਅਸੀਂ ਕਿਉਂ ਲੈ ਕੇ ਆਈਏ। ਉਨ੍ਹਾਂ ਕਿਹਾ ਕਿ ਕਾਂਗਰਸ ਇੱਕ ਪਰਿਵਾਰ ਹੈ, ਜੇਕਰ ਕੋਈ ਮਨ ਮੁਟਾਵ ਹੈ ਕੋਈ ਗੱਲਬਾਤ ਹੋਵੇਗੀ ਤਾਂ ਉਹ ਆਪਸ ਦੇ ਵਿੱਚ ਬੈਠ ਕੇ ਸੁਲਝਾ ਲਈ ਜਾਵੇਗੀ।

ਸਾਂਝਾ ਕਰੋ

ਪੜ੍ਹੋ