
18, ਅਪ੍ਰੈਲ – ਅਸੀਂ ਅਕਸਰ ਦੇਖਦੇ ਹਾਂ ਕਿ ਪੰਜਾਬ ਦੇ ਨੌਜਵਾਨ ਇਥੇ ਰੁਜ਼ਗਾਰ ਨਾ ਮਿਲਣ ਕਰ ਕੇ ਬਾਹਰਲੇ ਮੁਲਕਾਂ ਵਲ ਭੱਜ ਰਹੇ ਹਨ, ਕੋਈ ਪੜ੍ਹਾਈ, ਕੋਈ ਵਰਕ ਪਰਮਿਟ ਆਦਿ ’ਤੇ ਜਾ ਰਿਹਾ ਹੈ। ਇਹ ਨੌਜਵਾਨ 25 ਤੋਂ 50 ਲੱਖ ਰੁਪਏ ਖ਼ਰਚ ਕੇ ਬਾਹਰਲੇ ਦੇਸ਼ਾਂ ਵਿਚ ਜਾਂਦੇ ਹਨ ਤੇ ਉਥੇ ਜਾ ਕੇ ਮਜ਼ਦੂਰੀ ਕਰਦੇ ਹਨ। ਅੱਜ ਅਸੀਂ ਇਕ ਪੰਜਾਬ ਦੇ ਨੌਜਵਾਨ ਸਿਕੰਦਰ ਸਿੰਘ ਦੀ ਗੱਲ ਕਰ ਰਹੇ ਹਾਂ ਜਿਸ ਨੇ ਇਸ ਰੀਤ ਨੂੰ ਤੋੜਿਆ ਹੈ। ਸਿਕੰਦਰ ਸਿੰਘ ਪੰਜਾਬ ਵਿਚ ਰੁਜ਼ਗਾਰ ਨਾ ਮਿਲਣ ਕਰ ਕੇ ਕੈਨੇਡਾ ਚਲਿਆ ਗਿਆ ਸੀ ਪਰ ਬਾਅਦ ਵਿਚ ਪਤਾ ਲੱਗਾ ਕਿ ਉਸ ਦੀ ਪੰਜਾਬ ਪੁਲਿਸ ਵਿਚ ਸਬ ਇੰਸਪੈਕਟਰ ਦੀ ਨੌਕਰੀ ਲੱਗ ਗਈ ਹੈ।
ਸਿਕੰਦਰ ਸਿੰਘ ਨੇ ਕਿਹਾ ਕਿ ਮੈਂ ਪਟਿਆਲਾ ਯੂਨੀਵਰਸਿਟੀ ਤੋਂ ਐਮਟੈਕ ਕੀਤੀ ਹੈ। ਮੈਂ ਪ੍ਰੋਫ਼ੈਸਰ ਬਣਨਾ ਚਾਹੁੰਦਾ ਸੀ ਤੇ ਇਕ ਪ੍ਰਾਈਵੇਟ ਸਕੂਲ ਵਿਚ ਅਧਿਆਪਕ ਦੀ ਨੌਕਰੀ ਕਰਦਾ ਸੀ ਜਿਥੇ ਮੈਨੂੰ 15000 ਰੁਪਏ ਤਨਖ਼ਾਹ ਦਿਤੀ ਜਾਂਦੀ ਸੀ, 5 ਤੋਂ 6 ਸਾਲ ਨੌਕਰੀ ਕਰਨ ਤੋਂ ਬਾਅਦ ਵੀ ਤਨਖ਼ਾਹ ਨਹੀਂ ਵਧ ਰਹੀ ਸੀ ਤੇ ਮੇਰਾ ਗੁਜ਼ਾਰਾ ਨਹੀਂ ਹੋ ਰਿਹਾ ਸੀ ਤੇ ਮੈਂ ਪੰਜਾਬ ਵਿਚ ਸਰਕਾਰੀ ਨੌਕਰੀ ਲਈ ਵੀ ਬਹੁਤ ਮਿਹਨਤ ਕੀਤੀ ਪਰ ਨੌਕਰੀ ਨਹੀਂ ਮਿਲੀ, ਜਿਸ ਕਰ ਕੇ ਅਗਸਤ 2023 ਵਿਚ ਮੈਂ 20 ਲੱਖ ਰੁਪਏ ਲਗਾ ਕੇ ਕੈਨੇਡਾ ਚਲਿਆ ਗਿਆ।
ਸਾਨੂੰ ਬਾਹਰਲੇ ਮੁਲਕਾਂ ਵਿਚ ਜਾ ਕੇ ਕੰਮ ਜ਼ੀਰੋ ਤੋਂ ਸ਼ੁਰੂ ਕਰਨਾ ਪੈਂਦਾ ਹੈ, ਇਸ ਕਰ ਕੇ ਸਾਨੂੰ ਉਥੇ ਪਹਿਲਾਂ ਲੇਬਰ ਹੀ ਕਰਨੀ ਪੈਂਦੀ ਹੈ। ਕੈਨੇਡਾ ਜਾ ਕੇ ਮੈਂ ਇਕ ਕੰਪਨੀ ਵਿਚ ਪਹਿਲੇ ਦਿਨ ਸਾਫ਼ ਸਫ਼ਾਈ ਦਾ ਕੰਮ ਤੇ ਬੇਕਰੀ ਦੇ ਭਰੇ ਡੱਬਿਆਂ ਨੂੰ ਸੈੱਟ ਕੀਤਾ। ਜਿਥੇ ਮੇਰੀ ਰਾਤ ਦੇ 11 ਵਜੇ ਤੋਂ ਸਵੇਰੇ 7 ਵਜੇ ਤਕ ਸਿਫ਼ਟ ਹੁੰਦੀ ਸੀ ਤੇ ਮੈਂ ਸਾਰਾ ਕੰਮ ਖੜ੍ਹ ਕੇ ਹੀ ਕਰਨਾ ਪੈਂਦਾ ਸੀ। ਕੈਨੇਡਾ ਜਾ ਕੇ ਮੇਰੇ ਦਿਮਾਗ਼ ਵਿਚ ਇਕ ਹੀ ਗੱਲ ਘੁੰਮਦੀ ਸੀ ਕੇ ਜੇ ਮੈਂ 20 ਲੱਖ ਰੁਪਏ ਖ਼ਰਚ ਕੇ ਲੇਬਰ ਹੀ ਕਰਨੀ ਸੀ ਤਾਂ ਪੰਜਾਬ ਵਿਚ ਕਰ ਲੈਂਦਾ ਤੇ ਮੈਂ ਕਾਫ਼ੀ ਭਾਵੁਕ ਵੀ ਹੋ ਗਿਆ ਸੀ। ਜਿਥੇ ਮੈਂ ਤਿੰਨ ਮਹੀਨੇ ਕੰਮ ਕੀਤਾ।
ਕੈਨੇਡਾ ਵਿਚ ਜਾ ਕੇ ਮੈਂ ਭਾਰਤੀ ਕਰੰਸੀ ਅਨੁਸਾਰ ਇਕ ਮਹੀਨੇ ਦਾ 1 ਲੱਖ 40 ਹਜ਼ਾਰ ਰੁਪਏ ਕਮਾਉਂਦਾ ਸੀ। ਕੈਨੇਡਾ ਜਾਣ ਲਈ ਮੇਰੇ ਪਰਿਵਾਰ ਨੇ ਮੇਰੀ ਬਹੁਤ ਮਦਦ ਕੀਤੀ ਤੇ ਮੈਨੂੰ 20 ਲੱਖ ਰੁਪਏ ਦਾ ਕਰਜ਼ਾ ਲੈ ਕੇ ਕੈਨੇਡਾ ਭੇਜਿਆ ਸੀ। ਕੈਨੇਡਾ ਵਿਚ ਜਦੋਂ ਮੈਂ ਕੰਮ ’ਤੇ ਸੀ ਤਾਂ ਦੁਪਹਿਰ ਦੇ 3 ਵਜੇ ਮੇਰੇ ਪਿਤਾ ਜੀ ਦਾ ਫ਼ੋਨ ਆਇਆ ਤੇ ਉਨ੍ਹਾਂ ਕਿਹਾ ਕਿ ਪੁਲਿਸ ਮਹਿਕਮੇ ਮੁਲਾਜ਼ਮ ਘਰ ਆਏ ਸੀ ਜਿਨ੍ਹਾਂ ਕਿਹਾ ਕਿ ਸਿਕੰਦਰ ਸਿੰਘ ਦੀ ਨੌਕਰੀ ਲੱਗ ਗਈ ਹੈ ਤੇ ਮੈਂ ਆਪਣੇ ਪਿਤਾ ਜੀ ਨੂੰ ਸਿਰਫ਼ ਇੰਨਾ ਹੀ ਕਿਹਾ ਸੀ ਕਿ ਠੀਕ ਹੈ। ਉਸ ਸਮੇਂ ਮੇਰੇ ਦਿਲ ਵਿਚ ਇਹ ਨਹੀਂ ਸੀ ਕੇ ਮੈਂ ਭਾਰਤ ਵਾਪਸ ਆਉਣਾ ਹੈ। ਜਦੋਂ ਮੈਂ ਪੁਲਿਸ ਦਾ ਪੇਪਰ ਦਿਤਾ ਸੀ ਤਾਂ ਮੇਰਾ ਪੇਪਰ ਤਾਂ ਬਹੁਤ ਵਧੀਆ ਹੋਇਆ ਸੀ ਪਰ ਉਸ ਦਾ ਨਤੀਜਾ ਨਹੀਂ ਆ ਰਿਹਾ ਸੀ। ਜਿਸ ਕਰ ਕੇ ਮੈਨੂੰ ਵੀ ਇਸ ਭੇਡਚਾਲ ਦਾ ਹਿੱਸਾ ਬਣਨਾ ਪੈ ਗਿਆ ਤੇ ਮੈਂ ਵੀ ਕੈਨੇਡਾ ਜਾਣ ਲਈ ਕਦਮ ਚੁੱਕ ਲਿਆ।