ਕਹਾਣੀ/ਜੱਸਾ ਤੇ ਮਿੱਠੂ/ਡਾਕਟਰ ਅਜੀਤ ਸਿੰਘ ਕੋਟ ਕਪੂਰਾ

ਡਾਕਟਰ ਅਜੀਤ ਸਿੰਘ ਕੋਟ ਕਪੂਰਾ

ਜੱਸਾ ਤੇ ਮਿੱਠੂ
ਡਾਕਟਰ ਅਜੀਤ ਸਿੰਘ ਕੋਟਕਪੂਰਾ
ਮੋਟੇ ਜਿਹੇ ਢਿੱਡ ਵਾਲੇ ਸਿਪਾਹੀ ਨੇ ਮੂੰਹ ਵਿਚ ਸਿਗਰਟ ਲਾਈ ਹੋਈ ਸੀ ਤੇ ਉਸ ਨੇ ਮੇਰੇ ਉਤੇ ਰੋਅਬ ਝਾੜਨ ਲਈ ਮੈਨੂੰ ਜ਼ੋਰ ਨਾਲ ਧੱਕਾ ਮਾਰਿਆ ਅਤੇ ਮੈਂ ਸਾਹਮਣੀ ਕੰਧ ਵਿਚ ਵਜਦਾ ਵਜਦਾ ਮਸਾਂ ਹੀ ਬਚਿਆ | ਮੈਂ ਉਸ ਵੱਲ ਗੁਸੇ ਨਾਲ ਵੇਖਿਆ ਤਾਂ ਉਹ ਮੁਸਕਰਾਉਂਦਾ ਹੋਇਆ ਮੇਰੇ ਵਲ ਝਾਕਣ ਲੱਗਾ | ਮੈਂ ਆਪਣੀ ਕਮੀਜ਼ ਨੂੰ ਠੀਕ ਕਰਦਾ ਹੋਇਆ ਮੂੰਹ ਵਿਚ ਗੁਣਗੁਣਾਇਆ ਤੇ ਆਪਣੇ ਵਲੋਂ ਇੱਕ ਮੋਟੀ ਜਿਹੀ ਗਾਲ਼ ਉਸ ਨੂੰ ਕੱਢੀ ਜੋ ਸ਼ਾਇਦ ਉਸ ਨੂੰ ਸੁਣੀ ਨਹੀਂ ਸੀ ਅਤੇ ਮੈਂ ਵੀ ਸੁਣਾਉਣ ਲਈ ਨਹੀਂ ਕੱਢੀ ਸੀ ਅਤੇ ਕੇਵਲ ਆਪਣੇ ਮਨ ਦਾ ਗੁਸਾ ਹੀ ਕੱਢਿਆ ਸੀ | ਜਦੋਂ ਮੈਂ ਕੋਠੜੀ ਦਾ ਮੁਆਇਨਾ ਕੀਤਾ ਤਾਂ ਦੇਖਿਆ ਕਿ ਕੰਧ ਵੱਲ ਮੂੰਹ ਕਰ ਕੇ ਕੋਈ ਪੁਰਾਣਾ ਜਿਹਾ ਕੰਬਲ ਲੈ ਕਿ ਲੇਟਿਆ ਹੋਇਆ ਸੀ | ਕੰਬਲ ਵਿਚ ਕਾਫੀ ਮੋਰੀਆਂ ਸਨ ਜੋ ਸਾਫ ਨਜ਼ਰ ਆ ਰਹੀਆਂ ਸਨ | ਮੇਰੇ ਪੈਰਾਂ ਦਾ ਖੜਾਕ ਸੁਣ ਉਸ ਨੇ ਕੰਬਲ ਮੂੰਹ ਤੋਂ ਲਾਹ ਕੇ ਮੇਰੇ ਵੱਲ ਨਜ਼ਰ ਘੁਮਾਈ ਤੇ ਫੇਰ ਆਪਣਾ ਮੂੰਹ ਢੱਕ ਕੇ ਲੇਟ ਗਿਆ | ਮੇਰਾ ਉਸ ਨੂੰ ਬੁਲਾਣ ਦਾ ਮਨ ਕੀਤਾ ਪ੍ਰੰਤੂ ਮੈਂ ਵੀ ਘੇਸਲ ਵੱਟ ਗਿਆ ਤੇ ਸੋਚਿਆਂ ਕੇ ਆਪਾਂ ਕੇਹੜਾ ਇਥੇ ਯਾਰਾਂ ਨੂੰ ਮਿਲਣ ਆਏ ਹਾਂ | ਥੋੜੀ ਦੇਰ ਬਾਅਦ ਮੈਂ ਵੀ ਨੁੱਕਰ ਵਿਚ ਸੁਤੇ ਹੋਏ ਕੰਬਲ ਨੂੰ ਚੁੱਕਿਆ ਉਸ ਨੂੰ ਝਾੜਿਆ ਤੇ ਉਤੇ ਲੈ ਕੇ ਲੇਟ ਗਿਆ | ਮੋਰੀਆਂ ਮੇਰੇ ਵਾਲੇ ਕੰਬਲ ਵਿਚ ਮੇਰੇ ਰੂਮ ਮੇਟ ਨਾਲੋਂ ਕੋਈ ਇੱਕ ਦੋ ਘਟ ਵੱਧ ਹੋਣਗੀਆਂ | ਮੈਂ ਕੋਈ ਪ੍ਰਵਾਹ ਨਾ ਕੀਤੀ ਤੇ ਛੇਤੀ ਹੀ ਮੈਂ ਨੀਂਦ ਦੀ ਗੋਦ ਵਿਚ ਜਾ ਪਿਆ |
ਜਦੋਂ ਸਵੇਰ ਵੇਲੇ ਅੱਖ ਖੁਲੀ ਕਿ ਮੇਰਾ ਰੂਮ ਮੇਟ ਪਹਿਲਾਂ ਹੀ ਉਠਿਆ ਹੋਇਆ ਸੀ ਤੇ ਮੇਰੇ ਵਲ ਝਾਕ ਰਿਹਾ ਸੀ ਤੇ ਸ਼ਾਇਦ ਅੰਦਾਜ਼ਾ ਲਾ ਰਿਹਾ ਸੀ ਕਿ ਮੈਂ ਕਿਸ ਗੱਲ ਕਰਕੇ ਉਸ ਦਾ ਜੇਲ੍ਹ ਸਾਥੀ ਬਣਿਆ ਸੀ | ਇਸ ਤੋਂ ਪਹਿਲਾਂ ਕਿ ਮੈਂ ਉਸ ਨੂੰ ਸਵਾਲ ਕਰਦਾ ਕਿ ਭਾਅ ਜੀ ਇਥੇ ਕਿਵੇਂ | ਉਸ ਨੇ ਝੱਟ ਮੇਰੇ ਤੇ ਸਵਾਲ ਕੀਤਾ ਕਿ ਕਾਕਾ ਆਪਾਂ ਕਿਵੇਂ ਇਹਨਾਂ ਦੇ ਅੜਿਕੇ ਚੜ੍ਹ ਗਏ | ਆਪਾਂ ਆਪਣੀ ਛਾਤੀ ਚੌੜੀ ਕਰਕੇ ਪੂਰੀ ਟੋਹਰ ਨਾਲ ਦੱਸਿਆ ਕਿ ਮੈਂ ਜਦੋਂ ਆਪਣੇ ਘਰ ਵੱਲ ਜਾ ਰਿਹਾ ਸੀ ਅਤੇ ਨਸ਼ੇ ਵਿਚ ਟੱਲੀ ਸੀ | ਦੋ ਬੰਦੇ ਸਕੂਟਰ ਤੇ ਮੇਰੇ ਕੋਲੋਂ ਲੰਘੇ ਉਨ੍ਹਾਂ ਨੇ ਖੰਗੂਰਾ ਮਾਰਿਆ | ਮੈਂ ਝੱਟ ਉਨ੍ਹਾਂ ਨੂੰ ਗਾਲ਼ ਕਢੀ | ਉਨ੍ਹਾਂ ਨੇ ਸਕੂਟਰ ਰੋਕ ਲਿਆ ਤੇ ਲੜਨ ਲਈ ਤਿਆਰ ਹੋ ਗਏ | ਮੈਂ ਵੀ ਆਪਣਾ ਤੇਜ਼ ਹਥਿਆਰ ਕੱਢਿਆ,ਜਿਹੜਾ ਮੈਂ ਹਮੇਸ਼ਾਂ ਆਪਣੇ ਕੋਲ ਰੱਖਦਾ ਸੀ, ਉਸ ਹਥਿਆਰ ਨੂੰ ਵਰਤਿਆ ਤੇ ਦੋਵੇਂ ਥਾਏਂ ਢੇਰੀ ਕਰ ਦਿਤੇ | ਉਥੋਂ ਭੱਜਣ ਦਾ ਵਿਚਾਰ ਬਣਾ ਰਿਹਾ ਸੀ ਕਿ ਲੋਕਾਂ ਨੇ ਮੈਨੂੰ ਫੜ ਲਿਆ | ਮੇਰੇ ਤੋਂ ਪੁੱਛਣ ਲਗੇ ਕਿ ਕੀ ਹੋਇਆ ਹੈ | ਨਸ਼ੇ ਵਿਚ ਹੋਣ ਕਰਕੇ ਤੇ ਉਨ੍ਹਾਂ ਦੋਵਾਂ ਨੂੰ ਖਤਮ ਹੋਇਆ ਦੇਖ ਮੈਂ ਘਬਰਾ ਗਿਆ ਤੇ ਕੁਝ ਵੀ ਨਾ ਬੋਲ ਸਕਿਆ | ਕਿਸੇ ਨੇ ਪੁਲਿਸ ਨੂੰ ਫੋਨ ਕਰ ਦਿਤਾ ਤੇ ਉਹ ਮੈਨੂੰ ਫੜ ਕੇ ਇਥੇ ਤੇਰੇ ਨਾਲ ਕੋਠੜੀ ਵਿਚ ਸੁੱਟ ਗਿਆ ਤੇ ਮੈਂ ਨਸ਼ੇ ਦੀ ਲੋਰ ਵਿਚ ਹੀ ਸੌਂ ਗਿਆ | ਉਠਿਆ ਤਾਂ ਸਿਰ ਦੁੱਖ ਰਿਹਾ ਸੀ | ਜਦੋਂ ਮੈਂ ਨਜ਼ਰ ਘੁਮਾਈ ਤਾਂ ਤੈਨੂੰ ਦੇਖਿਆ | ਮੈਂ ਸੋਚਿਆ ਕਿ ਕੋਈ ਸਾਥੀ ਤਾਂ ਮਿਲਿਆ | ਜੇਲ੍ਹ ਦੀ ਜ਼ਿੰਦਗੀ ਦਾ ਸਮਾਂ ਅਸਾਨ ਹੋ ਜਾਵੇਗਾ ਅਤੇ ਚੰਗਾ ਲੰਘੇਗਾ | ਹੁਣ ਤੁਸੀਂ ਦੱਸੋ ਕਿ ਇਥੇ ਕਿਵੇਂ ਆਉਣਾ ਹੋਇਆ |
ਮੇਰੇ ਸਵਾਲ ਦੇ ਜੁਆਬ ਵਿਚ ਉਹ ਬੋਲਿਆ ਕਿ ਮੇਰਾ ਤਾਂ ਸੜਕ ਦੇ ਕਿਨਾਰੇ ਇਕ ਢਾਬਾ ਸੀ | ਸਾਰਾ ਦਿਨ ਢਾਬੇ ਤੇ ਭੀੜ ਰਹਿੰਦੀ ਸੀ | ਬਸਾਂ ਵੀ ਮੇਰੇ ਢਾਬੇ ਤੇ ਰੁਕਦੀਆਂ ਸਨ ਸਵਾਰੀਆਂ ਚਾਹ ਨਾਸ਼ਤਾ ਤੇ ਲੰਚ ਆਦਿ ਮੇਰੇ ਢਾਬੇ ਤੇ ਲੈਂਦੀਆਂ ਸਨ ਡ੍ਰਾਈਵਰ,ਕੰਡਕਟਰ ਤੋਂ ਕਦੇ ਪੈਸੇ ਨਹੀਂ ਲੈਂਦਾ ਸੀ ਸਗੋਂ ਉਨ੍ਹਾਂ ਨੂੰ ਕੁਝ ਕਮਿਸ਼ਨ ਦੇ ਦਿਆ ਕਰਦਾ ਸੀ ਤੇ ਉਹ ਰੋਜ਼ਾਨਾ ਹੀ ਮੇਰੇ ਢਾਬੇ ਤੇ ਬਸ ਰੋਕ ਮੇਰੀ ਚੰਗੀ ਵਿਕਰੀ ਕਰਵਾ ਦਿੰਦੇ ਸੀ | ਸ਼ਾਮ ਤੋਂ ਰਾਤ ਤਕ ਟਰੱਕਾਂ ਵਾਲਿਆਂ ਦੀ ਭੀੜ ਰਹਿੰਦੀ ਸੀ | ਟਰੱਕਾਂ ਵਾਲੇ ਛਿੱਟ ਲਾਓੰਦੇ ਰੋਟੀ ਖਾਂਦੇ ਤੇ ਥੋੜਾ ਸੁਸਤਾ ਕੇ ਅੱਗੇ ਵੱਲ ਚਾਲੇ ਪਾ ਦਿੰਦੇ ਸਨ | ਇੱਕ ਦਿਨ ਅਚਾਨਕ ਢਾਬੇ ਦੇ ਉਪਰ ਪੁਲਿਸ ਨੇ ਛਾਪਾ ਮਾਰਿਆ | ਟਰੱਕਾਂ ਵਾਲੇ ਤਾਂ ਪੁਲਿਸ ਨੂੰ ਦੇਖ ਆਸੇ ਪਾਸੇ ਹੋ ਗਏ | ਟਰੱਕਾਂ ਦੀ ਤਲਾਸ਼ੀ ਹੋਈ ਤੇ ਢਾਬੇ ਦੀ ਵੀ ਤਲਾਸ਼ੀ ਹੋਈ | ਢਾਬੇ ਦੇ ਮੰਜੇ ਥਲੋਂ 20 ਕਿਲੋ ਚਰਸ ਪਕੜੀ ਗਈ | ਮੈਂ ਤਾਂ ਚਰਸ ਕਦੇ ਦੇਖੀ ਵੀ ਨਹੀਂ ਸੀ | ਇਸ ਤੋਂ ਪਹਿਲਾਂ ਕਿ ਮੈਂ ਆਪਣੀ ਸਫਾਈ ਵਿਚ ਕੁਝ ਆਖਦਾ | ਪੁਲਿਸ ਨੇ ਮੈਨੂੰ ਵੀ ਫੜ ਕੇ ਇਸ ਕੋਠੜੀ ਵਿਚ ਲਿਆ ਸੁਟਿਆ | ਹੁਣ ਤੇਰਾ ਸਾਥ ਮਿਲ ਗਿਆ ਹੈ | ਗੱਲਾਂ ਬਾਤਾਂ ਵਿਚ ਸਮਾਂ ਲੰਘ ਜਾਵੇਗਾ | ਖਾਣਾ ਵਗੈਰਾ ਤਾਂ ਇਥੇ ਘਟੀਆ ਹੀ ਹੁੰਦਾ ਹੈ | ਪ੍ਰੰਤੂ ਜਦੋਂ ਇਹਨਾਂ ਦਾ ਕੁੱਕ ਭੱਜ ਗਿਆ ਤਾਂ ਹੁਣ ਮੈਂ ਹੀ ਇਹਨਾਂ ਦਾ ਕੁੱਕ ਹਾਂ ਤੇ ਹੁਣ ਮੈਂ ਤੈਨੂੰ ਵੀ ਨਾਲ ਲੈ ਜਾਇਆ ਕਰਾਂਗਾ ਤੇ ਆਪਾਂ ਰਲ ਕੇ ਕੁਕਿੰਗ ਕਰ ਲਵਾਂਗੇ ਤੇ ਮੌਜ ਨਾਲ ਮਰਜ਼ੀ ਦਾ ਖਾਵਾਂਗੇ | ਪੁਲਿਸ ਵਾਲੇ ਨਸ਼ਾ ਕਰਦੇ ਹਨ ਉਥੋਂ ਮੈਂ ਤੇਰਾ ਡੰਗ ਵੀ ਸਾਰ ਦਿਆ ਕਰਾਂਗਾ | ਨਸ਼ੇ ਦਾ ਫਿਕਰ ਕਰਨ ਦੀ ਲੋੜ ਨਹੀਂ ਹੈ | ਇਸ ਤਰਾਂ ਢਾਬੇ ਵਾਲੇ ਜੱਸੇ ਦੀ ਅਤੇ ਨਸ਼ੇ ਕਰਨ ਵਾਲੇ ਮਿੱਠੂ ਦੀ ਦੋਸਤੀ ਹੋ ਗਈ | ਉਹ ਦਿਨ ਵੇਲੇ ਕੁਕਿੰਗ ਦਾ ਕੰਮ ਕਰਦੇ ਤੇ ਚੰਗਾ ਖਾ ਕੇ ਆਓਂਦੇ ਤੇ ਰਾਤ ਨੂੰ ਮਸ਼ਕਰੀਆਂ ਕਰ ਕੇ ਸੌਂ ਜਾਇਆ ਕਰਦੇ ਸਨ |
ਇਕ ਦਿਨ ਮਿੱਠੂ ਤੇ ਜੱਸਾ ਗੱਲਾਂ ਕਰ ਰਹੇ ਸਨ ਤਾਂ ਮਿੱਠੂ ਕਹਿਣ ਲੱਗਾ ਲੈ ਮੈਂ ਤੈਨੂੰ ਇਕ ਵਾਰਤਾ ਦਸਦਾ ਹਾਂ | ਇੱਕ ਵਾਰ ਇੱਕ ਸ਼ਹਿਰ ਵਿਚ ਚਾਰ ਭਾਈ ਵਸਦੇ ਸਨ ਤੇ ਇਕ ਭਾਈ ਦੂਜਿਆਂ ਨਾਲੋਂ ਵੱਖਰੀ ਕਿਸਮ ਦਾ ਸੀ ਉਹ ਕੋਈ ਵੀ ਕੰਮ ਕਰ ਕੇ ਰਾਜ਼ੀ ਨਹੀਂ ਸੀ | ਉਸ ਦੇ ਭਰਾਵਾਂ ਨੇ ਉਸ ਨੂੰ ਇਕ ਲੰਗੜੀ ਘੋੜੀ ਤੇ ਇੱਕ ਕੱਚਾ ਕੋਠਾ ਦੇ ਕੇ ਵੱਖਰਾ ਕਰ ਦਿਤਾ ਤੇ ਆਪ ਤਿੰਨਾਂ ਨੇ ਤਿੰਨ ਘੋੜੇ ਰੱਖ ਲੈ | ਜਦੋਂ ਹੁਣ ਉਸ ਦੇ ਸਿਰ ਤੇ ਪਈ ਤਾਂ ਉਹ ਕਮਾਈ ਕਰਨ ਲਈ ਟੁਰ ਪਿਆ | ਚਲਦਾ ਚਲਦਾ ਦੂਰ ਕਿਸੇ ਵੱਡੇ ਸਾਰੇ ਸ਼ਾਹੂਕਾਰ ਕੋਲ ਨੌਕਰ ਹੋ ਗਿਆ | ਉਹ ਦਿਨ ਰਾਤ ਮੇਹਨਤ ਕਰਨ ਲੱਗ ਪਿਆ ਤੇ ਮਜ਼ਦੂਰੀ ਲੈ ਕੇ ਆਟੇ ਦਾ ਪੇੜਾ ਕਰ ਉਸ ਵਿਚ ਸਿੱਕਾ ਪਾ ਕੇ ਆਪਣੀ ਘੋੜੀ ਨੂੰ ਖਵਾ ਦਿੰਦਾ ਸੀ | ਇਸ ਤਰਾਂ ਉਹ ਆਪਣੀ ਮਜ਼ਦੂਰੀ ਦੀ ਰਕਮ ਇਕੱਠੀ ਕਰ ਰਿਹਾ ਸੀ ਅਤੇ ਸਾਰੇ ਉਸ ਦੀ ਪ੍ਰਸੰਸਾ ਕਰਦੇ ਸਨ ਉਹ ਇਕ ਨੇਕ ਤਬੀਅਤ ਦਾ ਨੌਕਰ ਹੈ | ਇਸ ਤਰਾਂ ਉਸ ਨੂੰ ਕਈ ਮਹੀਨੇ ਲੰਘ ਗਏ | ਉਸ ਦਾ ਮਨ ਆਪਣੇ ਜ਼ਾਲਿਮ ਭਰਾਵਾਂ ਲਈ ਉਚਾਟ ਹੋ ਗਿਆ | ਉਹ ਆਪਣੇ ਮਾਲਕ ਤੋਂ ਛੁਟੀ ਲੈ ਆਪਣੇ ਭਰਾਵਾਂ ਨੂੰ ਮਿਲਣ ਲਈ ਚਲ ਪਿਆ | ਦਿਨ ਦੇ ਸਮੇਂ ਜਦੋਂ ਉਸ ਦੇ ਭਾਈ ਉਸ ਨੂੰ ਮਿਲਣ ਲਈ ਆਏ ਤਾਂ ਉਹ ਲੋਹੇ ਦੀ ਲੱਠ ਨਾਲ ਘੋੜੀ ਨੂੰ ਕੁੱਟਣ ਲਗਾ | ਜਿਤਨੀ ਵਾਰ ਉਹ ਘੋੜੀ ਨੂੰ ਮਾਰਦਾ ਸੀ ਉਤਨੀ ਵਾਰ ਘੋੜੀ ਦੇ ਮੂੰਹ ਵਿਚ ਸਿਕੇ ਡਿਗਦੇ ਸਨ | ਉਸ ਦੇ ਭਾਈ ਇਹ ਦੇਖ ਉਸ ਨਾਲ ਹੋਰ ਈਰਖਾ ਕਰਨ ਲੱਗੇ | ਉਨ੍ਹਾਂ ਨੇ ਉਸ ਦੀ ਲੋਹੇ ਦੀ ਲੱਠ ਚੋਰੀ ਕਰ ਲਈ ਅਤੇ ਆਪਣੇ ਘੋੜਿਆਂ ਤੇ ਅਜ਼ਮਾਇਸ਼ ਕਰਨ ਲੱਗੇ ਇਸ ਤਰਾਂ ਉਨ੍ਹਾਂ ਨੇ ਆਪਣੇ ਪਸ਼ੂ ਜ਼ਖਮੀ ਕਰ ਲਏ ਕਿਸੇ ਦੀ ਕੰਡ ਤੋੜ ਦਿਤੀ ਕਿਸੇ ਦੇ ਜ਼ਖਮ ਕਰ ਦਿਤੇ ਪਰ ਸਿਕੇ ਉਹਨਾਂ ਨੂੰ ਨਾ ਹੀ ਮਿਲੇ |
ਉਨ੍ਹਾਂ ਨੇ ਆਪਣੇ ਭਰਾ ਨਾਲ ਗੁੱਸੇ ਹੋ ਕੇ ਉਸ ਦੀ ਕੋਠੜੀ ਨੂੰ ਅੱਗ ਲਾ ਦਿਤੀ | ਉਸ ਵਿਚਾਰੇ ਨੇ ਸਾਰੀ ਸੁਆਹ ਇਕੱਠੀ ਕਰ ਲਈ ਤੇ ਇੱਕ ਬੋਰੀ ਵਿਚ ਪਾ ਆਪਣੀ ਖੋਤੀ ਤੇ ਲੱਦ ਲਈ ਤੇ ਤੁਰ ਪਿਆ | ਹਾਲੇ ਥੋੜੀ ਦੂਰ ਹੀ ਗਿਆ ਸੀ ਇਕ ਬੁੱਢਾ ਜੋ ਆਪਣੇ ਪੋਤਰਿਆਂ ਨਾਲ ਜਾ ਰਿਹਾ ਸੀ ਨੇ ਉਸ ਨੂੰ ਕਿਹਾ ਕਿ ਬੱਚਿਆਂ ਨੂੰ ਘੋੜੀ ਉਪਰ ਬਿਠਾ ਲੈ | ਅਸੀਂ ਸੌਖੇ ਘਰ ਅਪੜ ਜਾਵਾਂਗੇ ਤੇ ਰੱਬ ਤੇਰਾ ਭਲਾ ਕਰੇਗਾ |
ਬਾਬਾ ਜੀ ਮੈਂ ਚੜਾਅ ਤਾਂ ਲਵਾਂ ਪਰ ਮੇਰਾ ਇਸ ਬੋਰੀ ਵਿਚ ਕੀਮਤੀ ਸਮਾਨ ਹੈ ਅਤੇ ਜੇ ਕਰ ਬੱਚੇ ਜ਼ੋਰ ਦੀ ਹੱਸ ਪਏ ਜਾਂ ਇਹ ਬੱਚੇ ਰੋਣ ਲੱਗ ਪਏ ਤਾਂ ਮੇਰਾ ਨੁਕਸਾਨ ਹੋ ਜਾਵੇਗਾ |
ਬਾਬਾ ਬੋਲਿਆ ਕਿ ਕੋਈ ਨਹੀਂ ਪੁੱਤ ,ਬੱਚਿਆਂ ਤੋਂ ਕੀਮਤੀ ਕੁਝ ਨਹੀਂ ਹੁੰਦਾ | ਜੇ ਕਰ ਬੱਚੇ ਰੋ ਪਏ ਜਾਂ ਹੱਸ ਪੈ ਤਾਂ ਮੈਂ ਤੇਰਾ ਹੋਇਆ ਨੁਕਸਾਨ ਪੂਰਾ ਕਰ ਦੇਵਾਂਗਾ | ਉਸ ਨੇ ਬੱਚਿਆਂ ਨੂੰ ਬੋਰੀ ਦੇ ਉਪਰ ਹੀ ਬਿਠਾ ਲਿਆ |
ਹਾਲੇ ਥੋੜੀ ਦੂਰ ਹੀ ਗਿਆ ਸੀ ਕਿ ਲੰਗੜੀ ਘੋੜੀ ਇਕ ਟੋਏ ਵਿਚ ਡਿਗਦੀ ਡਿਗਦੀ ਮਸਾਂ ਹੀ ਬਚੀ | ਬੱਚੇ ਡਰ ਗਏ ਅਤੇ ਡਰ ਕਾਰਨ ਉੱਚੀ ਉੱਚੀ ਰੋਣ ਕੁਰਲਾਣ ਲੱਗੇ | ਇਸ ਤੇ ਖੋਤੀ ਵਾਲਾ ਵੀ ਉੱਚੀ ਉੱਚੀ ਰੌਲਾ ਪਾਉਣ ਲੱਗਾ | ਹਾਏ ! ਮੈਂ ਤਾਂ ਲੁਟਿਆ ਗਿਆ ਮੇਰਾ ਤਾਂ ਸਾਰਾ ਕੁਝ ਸਵਾਹ ਹੋ ਗਿਆ ਹੈ | ਬੱਚਿਆਂ ਨੂੰ ਥਲੇ ਉਤਾਰ ਉਸ ਨੇ ਬਾਬੇ ਨੂੰ ਦਿਖਾਇਆ ਕਿ ਬੋਰੀ ਵਿਚ ਸਵਾਹ ਸੀ |
ਬਾਬਾ ਬੋਲਿਆ,ਵੇ ਚੁੱਪ ਕਰ ਜਾ | ਇਸ ਵਿਚ ਕੀ ਸੀ ਜੋ ਹੁਣ ਸਵਾਹ ਬਣ ਗਿਆ ਹੈ | ਉਸ ਨੇ ਬੋਰੀ ਦੀ ਇੱਕ ਨੁੱਕਰ ਵਿਚ ਹੱਥ ਮਾਰ ਕੇ ਦਿਖਾਇਆ ਕਿ ਇਸ ਵਿਚ ਤਾਂ ਸਿਕੇ ਸਨ ਜੋ ਹੁਣ ਸਵਾਹ ਹੋ ਗਏ ਹਨ | ਜਦੋਂ ਬਾਬੇ ਨੇ ਬੋਰੀ ਵਿਚ ਹੱਥ ਮਾਰ ਕੇ ਦੇਖਿਆ ਸਾਰੇ ਪਾਸੇ ਸਵਾਹ ਸੀ | ਦੇਖ ਬਾਬਾ ਤੇਰੇ ਨਿਆਣਿਆਂ ਨੇ ਚੀਕ ਚਿਹਾੜਾ ਪਾ ਕੇ ਸਾਰਾ ਕੁਝ ਸਵਾਹ ਕਰ ਦਿਤਾ ਹੈ |
ਬਾਬਾ ਬੋਲਿਆ ਚਲ ਪੁੱਤ ਚੁੱਪ ਕਰ ਜਾ ਮੈਂ ਘਰ ਜਾ ਕੇ ਤੇਰਾ ਨੁਕਸਾਨ ਪੂਰਾ ਕਰ ਦੇਵਾਂਗਾ | ਉਹ ਬਾਬੇ ਨਾਲ ਉਸ ਦੇ ਘਰ ਪੁੱਜਾ | ਬਾਬੇ ਨੇ ਉਸ ਨੂੰ ਕੁਝ ਸਿਕੇ ਦਿਤੇ ਜਿਸ ਨਾਲ ਉਸ ਦੀ ਬੋਰੀ ਸਿੱਕਿਆਂ ਨਾਲ ਭਰ ਗਈ | ਜਦੋਂ ਉਹ ਪਿੰਡ ਵਾਪਿਸ ਆਇਆ ਤਾਂ ਉਸ ਨੇ ਆਪਣੇ ਸਿੱਕਿਆਂ ਨਾਲ ਵਧੀਆ ਕੋਠੀ ਉਸਾਰ ਲਈ | ਆਪਣੇ ਭਰਾਵਾਂ ਨੂੰ ਉਸ ਨੇ ਆਖਿਆ ਕਿ ਤੁਹਾਡੀ ਬਹੁਤ ਬਹੁਤ ਮੇਹਰਬਾਨੀ ! ਜੇ ਕਰ ਤੁਸੀਂ ਮੇਰਾ ਘਰ ਨਾ ਸਾੜਦੇ ਤਾਂ ਮੈਂ ਇਤਨੀ ਸੁਆਹ ਕਿਥੋਂ ਇਕੱਠੀ ਕਰ ਸਕਦਾ ਸੀ ਤੇ ਨਾ ਹੀ ਉਸ ਨੂੰ ਵੇਚ ਕੇ ਕੋਠੀ ਉਸਾਰ ਸਕਦਾ ਸੀ | ਆਪਣੇ ਭਰਾ ਦੀ ਗੱਲ ਸੁਣ ਉਨ੍ਹਾਂ ਨੇ ਆਪਣੇ ਘਰ ਸਾੜ ਦਿਤੇ | ਸੁਆਹ ਇਕੱਠੀ ਕਰ ਕੇ ਬੋਰੀਆਂ ਵਿਚ ਭਰ ਕੇ ਤੁਰ ਪਏ ਵੇਚਣ |
ਸ਼ਹਿਰ ਜਾ ਕੇ ਉਹ ਗਲੀ ਗਲੀ ਹੋਕਾ ਦੇਣ ਲੱਗੇ ,ਲੈ ਲਓ ਵਧੀਆ ਸੁਆਹ,ਸੜੇ ਹੋਏ ਮਕਾਨਾਂ ਦੀ ਵਧੀਆ ਅਤੇ ਖੁਸ਼ਬੂ ਵਾਲੀ ਸੁਆਹ |
ਲੋਕਾਂ ਨੇ ਜਦੋਂ ਇਹ ਹੋਕਾ ਸੁਣਿਆ ਤਾਂ ਉਹ ਬੋਲੇ ,ਜਾਓ ਪਾਓ ਸੁਆਹ ਆਪਣੇ ਸਿਰ ਵਿਚ ਤੇ ਆਪਣੇ ਜਣਦਿਆਂ ਦੇ ਸਿਰ ਵਿਚ | ਇਸ ਤਰਾਂ ਲੋਕਾਂ ਨੇ ਮੰਦੇ ਬੋਲ ਬੋਲ ਕੇ ਤੇ ਕਈ ਥਾਈ ਛਿੱਤਰਾਂ ਨਾਲ ਸੇਵਾ ਕਰ ਉਨ੍ਹਾਂ ਨੂੰ ਭਜਾ ਦਿਤਾ | ਜਦੋਂ ਇਹ ਹਾਲਤ ਹੋਈ ਤਾਂ ਉਨ੍ਹਾਂ ਨੇ ਉਸ ਨੂੰ ਜਾਨ ਤੋਂ ਮਾਰਨ ਦੀਆਂ ਤਰਕੀਬਾਂ ਸੋਚਣ ਲੱਗ ਪਏ |
ਤਿੰਨੇ ਭਰਾ ਇਕੱਠੇ ਹੀ ਬੋਲੇ ਕਿ ਸਾਨੂੰ ਬਹੁਤ ਹੀ ਖੁਸ਼ੀ ਹੈ ਕਿ ਸਾਡਾ ਭਰਾ ਹੁਣ ਅਮੀਰ ਹੋ ਗਿਆ ਹੈ | ਇਸ ਖੁਸ਼ੀ ਵਿਚ ਅਸੀਂ ਵੱਡੀ ਸਾਰੀ ਪਾਰਟੀ ਕਰਾਂਗੇ ਅਤੇ ਖਰਚ ਵੀ ਅਸੀਂ ਤਿੰਨੇ ਰਲ ਕੇ ਕਰਾਂਗੇ | ਉਨ੍ਹਾਂ ਨੇ ਆਪਣੇ ਛੋਟੇ ਭਰਾ ਨੂੰ ਭਰਮਾ ਲਿਆ ਅਤੇ ਸ਼ਰਾਬ ਵਿਚ ਟੱਲੀ ਕਰ ਕੇ ਬਾਹਰ ਉਜਾੜ ਵਿਚ ਲੈ ਗਏ | ਮਦਹੋਸ਼ ਨੂੰ ਦਰਿਆ ਵਿਚ ਧੱਕਾ ਦੇ ਦਿਤਾ ਅਤੇ ਸੋਚਿਆ ਕਿ ਆਪੇ ਪਾਣੀ ਵਿਚ ਮਰ ਜਾਵੇਗਾ ਅਤੇ ਇਸ ਦੇ ਘਰ ਤੇ ਕਬਜ਼ਾ ਕਰ ਕੇ ਰਹਾਂਗੇ ਅਤੇ ਜਿਹੜੇ ਸਿਕੇ ਇਸ ਨੇ ਸਾਂਭ ਕੇ ਰੱਖੇ ਹਨ ਉਨ੍ਹਾਂ ਨਾਲ ਐਸ਼ ਕਰਾਂਗੇ | ਜਦੋਂ ਛੋਟਾ ਰੁੜ੍ਹਦਾ ਹੋਇਆ ਅੱਗੇ ਗਿਆ ਤਾਂ ਆਜੜੀ ਨੇ,ਜਿਹੜਾ ਆਪਣੇ ਮਾਲ ਡੰਗਰਾਂ ਨੂੰ ਪਾਣੀ ਪਿਓਣ ਲਈ ਲਿਆਇਆ ਸੀ ,ਉਸ ਨੇ ਜਦੋਂ ਰੁੜ੍ਹਦਾ ਹੋਇਆਬੰਦਾ ਦੇਖਿਆ ਉਸ ਨੂੰ ਵਿਚੋਂ ਕੱਢ ਲਿਆ | ਉਸ ਦੇ ਅੰਦਰ ਗਿਆ ਪਾਣੀ ਕੱਢ ਦਿਤਾ ਤਾ ਉਸ ਨੂੰ ਕੁਝ ਹੋਸ਼ ਆ ਗਈ | ਚਰਵਾਹਿਆਂ ਨੇ ਉਸ ਨੂੰ ਹਾਲ ਪੁੱਛਿਆ ਤਾਂ ਉਸ ਨੇ ਕਿਹਾ ਕਿ ਮੇਰੇ ਭਰਾਵਾਂ ਨੇ ਹੀ ਮੈਨੂੰ ਪਾਣੀ ਵਿਚ ਸੁਟਿਆ ਸੀ | ਮੇਰੇ ਸਕੇ ਭਰਾ ਚਾਹੁੰਦੇ ਸੀ ਕਿ ਮੈਂ ਵਿਆਹ ਕਰਵਾ ਲਵਾਂ ਪ੍ਰੰਤੂ ਮੈਂ ਤਿਆਰ ਨਹੀਂ ਸੀ ਇਸ ਲਈ ਮੈਨੂੰ ਸੁੱਟ ਕੇ ਚਲੇ ਗਏ ਹਨ | ਆਜੜੀ ਨੇ ਕਿਹਾ ਕਿ ਜੇ ਤੂੰ ਵਿਆਹ ਨਹੀਂ ਕਰਵਾਉਣਾ ਤਾਂ ਮੈਂ ਤਿਆਰ ਹਾਂ ਤਾਂ ਉਸ ਨੇ ਕਿਹਾ ਕਿ ਤੂੰ ਘਰੋਂ ਪੁੱਛ ਕੇ ਆ ਮੈਂ ਤੇਰੇ ਡੰਗਰਾਂ ਦਾ ਧਿਆਨ ਰਖਾਂਗਾ | ਜਦੋਂ ਉਹ ਆਜੜੀ ਘਰੋਂ ਪਤਾ ਕਰਨ ਲਈ ਗਿਆ ਤਾਂ ਛੋਟੇ ਭਰਾ ਨੇ ਉਸ ਦੇ ਡੰਗਰ ਬੱਕਰੀਆਂ ਭੇਡਾਂ ਨੂੰ ਆਪਣੇ ਘਰ ਲੈ ਗਿਆ | ਉਸ ਨੂੰ ਵੇਖ ਉਸ ਦੇ ਭਰਾ ਉਸ ਦੇ ਦੁਆਲੇ ਇਕੱਠੇ ਹੋ ਗਏ | ਛੋਟਾ ਭਰਾ ਕਹਿਣ ਲੱਗਾ ਕਿ ਤੁਸੀਂ ਗਲਤੀ ਕੀਤੀ ਮੈਨੂੰ ਪੁਲ ਦੇ ਨੇੜੇ ਹੀ ਸੁੱਟ ਦਿਤਾ ਤੇ ਉਥੇ ਮੈਨੂੰ ਇਹ ਡੰਗਰ ਹੀ ਮਿਲੇ ਹਨ ਜੇ ਕਰ ਡੂੰਘੇ ਥਾਂ ਤੇ ਸੁੱਟਦੇ ਤਾਂ ਮੈਨੂੰ ਘੋੜੇ ਊਠ ਅਤੇ ਗਾਵਾਂ ਮਿਲ ਜਾਣੀਆਂ ਸਨ | ਹੁਣ ਮੈਨੂੰ ਥੋੜਾ ਦੂਰ ਕਰਕੇ ਸੁਟਿਆ ਜੇ | ਇਹ ਸੁਣ ਭਰਾ ਆਪਸ ਵਿਚ ਇਸ਼ਾਰੇ ਕਰਨ ਲੱਗੇ ਤੇ ਛੋਟੇ ਭਰਾ ਨੂੰ ਕਿਹਾ ਕਿ ਚਲ ਵੀਰੇ ਸਾਨੂੰ ਵੀ ਦੱਸ ਅਸੀਂ ਡੂੰਘੇ ਪਾਣੀ ਵਿਚੋਂ ਚੰਗਾ ਚੋਖਾ ਮਾਲ ਲੈ ਕੇ ਆਵਾਂਗੇ | ਭਰਾਵਾਂ ਨੇ ਉਸ ਦੇ ਤਰਲੇ ਕੀਤੇ ਤੇ ਉਸ ਨੂੰ ਨਾਲ ਲੈ ਤੁਰੇ | ਜਦੋਂ ਦਰਿਆ ਦੇ ਨੇੜੇ ਪੁਜੇ ਤਾਂ ਉਸ ਨੇ ਡੂੰਘੇ ਪਾਣੀ ਵਲ ਇਸ਼ਾਰਾ ਕਰ ਦਿਤਾ | ਤਿੰਨ ਭਰਾਵਾਂ ਨੇ ਝਟਪਟ ਛਾਲਾਂ ਮਾਰ ਦਿਤੀਆਂ ਅਤੇ ਪਾਣੀ ਦੇ ਤੇਜ਼ ਵਹਾ ਵਿਚ ਵਹਿ ਗਏ | ਇਸ ਤਰਾਂ ਛੋਟੇ ਭਰਾ ਨੇ ਆਪਣੇ ਠੱਗ ਭਰਾਵਾਂ ਤੋਂ ਆਪਣਾ ਖਹਿੜਾ ਛੁਡਾ ਲਿਆ ਸੀ |
ਇਸ ਤਰਾਂ ਗੱਲਾਂ ਬਾਤਾਂ ਕਰਦੇ ਹੋਏ ਉਹ ਦੋਵੇਂ ਆਪਣੇ ਕੰਬਲ ਲੈ ਸੌਂ ਗਏ | ਅਗਲੇ ਦਿਨ ਸਵੇਰੇ ਦੇਰ ਨਾਲ ਉੱਠੇ ਤਾਂ ਜੱਸਾ ਕਹਿਣ ਲੱਗਾ ਮਿੱਠੂ ਛੇਤੀ ਤਿਆਰ ਹੋ ਆਪਾਂ ਤਾਂ ਸਾਰਿਆਂ ਨੂੰ ਨਾਸ਼ਤਾ ਦੇਣਾ ਹੈ ਤੇ ਉਹ ਛੇਤੀ ਕੁਕਿੰਗ ਲਈ ਚਲ ਪਏ | ਜਦੋਂ ਉਹ ਰਸੋਈ ਵਿਚ ਪੁਜੇ ਤਾਂ ਮੁਨਸ਼ੀ ਕਹਿਣ ਲੱਗਾ ਕਿ ਛੇਤੀ ਕਰੋ ਪਰੌਂਠੇ ਲਾਹ ਕੇ ਥਾਣੇਦਾਰ ਸਾਹਿਬ ਨੂੰ ਦੇ ਕੇ ਆਓ | ਉਨ੍ਹਾਂ ਨੇ ਗਸ਼ਤ ਤੇ ਜਾਣਾ ਹੈ | ਮਿੱਠੂ ਚਾਹ ਤਿਆਰ ਕਰਕੇ ਅਤੇ ਜੱਸੇ ਨੇ ਪਰੌਂਠੇ ਤਿਆਰ ਕਰ ਲਏ ਅਤੇ ਛੇਤੀ ਨਾਲ ਥਾਣੇਦਾਰ ਨੂੰ ਖਾਣ ਲਈ ਪਰੌਂਠੇ ਅਤੇ ਪੀਣ ਲਈ ਗਰਮ ਗਰਮ ਚਾਹ ਦੇ ਦਿਤੀ | ਫਿਰ ਉਨ੍ਹਾਂ ਨੇ ਮੁਨਸ਼ੀ ਨੂੰ ਖਵਾ ਦਿਤੈ ਅਤੇ ਇਸ ਤਰਾਂ ਨਾਸ਼ਤਾ ਕਰਵਾ ਦੁਪਹਿਰ ਦੇ ਖਾਣੇ ਦੀ ਤਿਆਰੀ ਵਿਚ ਰੁਝ ਗਏ | ਮੁਨਸ਼ੀ ਨੂੰ ਖੁਸ਼ ਵੇਖ ਮਿੱਠੂ ਨੇ ਉਸ ਤੋਂ ਨਸ਼ੇ ਦੀ ਮੰਗ ਕੀਤੀ | ਮੁਨਸ਼ੀ ਨੇ ਆਪਣੀ ਜੇਬ ਵਿਚੋਂ ਹੀ ਉਸ ਦੀ ਮੰਗ ਪੂਰੀ ਕਰ ਦਿਤੀ ਤੇ ਦੱਸਿਆ ਕਿ ਅੱਜ ਸ਼ਾਮ ਨੂੰ ਵੱਡੇ ਅਫਸਰਾਂ ਨੇ ਆਉਣਾ ਹੈ ਉਹ ਖਾਣਾ ਇਥੇ ਹੀ ਖਾਣਗੇ ਇਸ ਲਈ ਵਧੀਆ ਨਸ਼ਾ ਵੀ ਵਰਤੇਗਾ ਤੁਸੀਂ ਵੀ ਵਿਚੋਂ ਰੱਖ ਲੈਣਾ | ਪਰ ਧਿਆਨ ਰੱਖਣਾ ਖਾਣਾ ਵਧੀਆ ਤਿਆਰ ਕਰਨਾ ਤਾਂ ਜੋ ਅਫਸਰ ਪੂਰੀ ਤਰਾਂ ਨਿਹਾਲ ਹੋ ਜਾਣ | ਇਹ ਸੁਣ ਦੋਵੇਂ ਖੁਸ਼ ਹੋਏ ਤੇ ਆਪਣੇ ਕੰਮ ਲੱਗ ਗਏ | ਜਦੋਂ ਦੋਵੇਂ ਕੰਮ ਕਰ ਰਹੇ ਸਨ ਤਾਂ ਉਨ੍ਹਾਂ ਨੇ ਜੇਲ ਵਿਚੋਂ ਖਿਸਕਣ ਦੀ ਯੋਜਨਾ ਬਣਾ ਲਈ ਕਿ ਜਦੋਂ ਸਾਰੇ ਨਸ਼ੇ ਵਿਚ ਹੋਣਗੇ ਆਪਾਂ ਮੌਕਾ ਤਾੜ ਕਿ ਭੱਜ ਜਾਵਾਂਗੇ | ਉਹ ਸਬਜ਼ੀਆਂ ਵਗੈਰਾ ਬਣਾ ਕੇ ਵੇਹਲੇ ਹੋ ਗਏ ਤੇ ਉਧਰੋਂ ਅਫਸਰ ਵੀ ਪੁੱਜ ਗਏ | ਪਾਰਟੀ ਸ਼ੁਰੂ ਹੋ ਗਈ ਨਸ਼ਾ ਵਰਤ ਰਿਹਾ ਸੀ | ਮੁਨਸ਼ੀ ਨੇ ਨਸ਼ਾ ਸਭ ਨੂੰ ਵਰਤਾਉਣ ਲਈ ਮਿੱਠੂ ਨੂੰ ਲਾ ਦਿਤਾ ਅਤੇ ਜੱਸਾ ਸਭ ਨੂੰ ਚਿਕਨ ਵਰਤਾਅ ਰਿਹਾ ਸੀ | ਸਾਰੇ ਖੁਸ਼ੀ ਵਿਚ ਗੱਲਾਂ ਬਾਤਾਂ ਕਰ ਰਹੇ ਸੀ | ਮਿੱਠੂ ਨੇ ਦੇਖਿਆ ਕਿ ਸਾਰੇ ਹੁਣ ਨਸ਼ੇ ਵਿਚ ਗੁੱਟ ਹੋ ਚੁਕੇ ਹਨ ਤਾਂ ਉਨ੍ਹਾਂ ਨੇ ਦਰਵਾਜੇ ਵਾਲੇ ਚੋਕੀਦਾਰ ਨੂੰ ਵੀ ਮੋਟੇ ਮੋਟੇ ਪੈਗ ਲਵਾ ਦਿੱਤੇ | ਜਦੋਂ ਉਨ੍ਹਾਂ ਨੂੰ ਤਸੱਲੀ ਹੋ ਗਈ ਜੱਸੇ ਤੇ ਮਿੱਠੂ ਨੇ ਇਕ ਇਕ ਬੋਤਲ ਆਪਣੇ ਨਾਲ ਚੁੱਕ ਲਈ ਤੇ ਥੋੜਾ ਚਿਕਨ ਖਾ ਲਿਆ | ਚੋਕੀਦਾਰ ਕੋਲੋਂ ਲੰਘ ਕੇ ਦਰਵਾਜਾ ਬਾਹਰੋਂ ਬੰਦ ਕਰ ਦਿਤਾ ਤੇ ਆਪ ਪੁਲਿਸ ਦਾ ਇਕ ਮੋਟਰਸਾਈਕਲ ਥੋੜੀ ਦੂਰ ਜਾ ਕੇ ਸਟਾਰਟ ਕਰ ਲਿਆ ਤੇ ਭੱਜ ਗਏ ਉਨ੍ਹਾਂ ਨੇ ਮੋਟਰਸਾਈਕਲ ਨੂੰ ਰਾਹ ਵਿਚ ਛੱਡ ਦਿਤਾ ਅਤੇ ਆਪ ਇੱਕ ਟਰੱਕ ਨੂੰ ਹੱਥ ਦੇ ਕੇ ਉਸ ਉਪਰ ਚੜ ਗਏ ਤੇ ਜੱਸੇ ਦੇ ਢਾਬੇ ਦੇ ਨੇੜੇ ਟਰੱਕ ਰੁਕਵਾ ਕੇ ਢਾਬੇ ਵਿਚ ਚਲੇ ਗਏ।

ਡਾਕਟਰ ਅਜੀਤ ਸਿੰਘ ਕੋਟ ਕਪੂਰਾ
ਮੋਬਾਈਲ +15853050443

ਸਾਂਝਾ ਕਰੋ

ਪੜ੍ਹੋ