ਸਕੇਪ ਸਾਹਿਤਕ ਸੰਸਥਾ ਵੱਲੋਂ ਕਰਵਾਇਆ ਵਿਸਾਖੀ ਕਵੀ ਦਰਬਾਰ

 
ਵਿਸਾਖੀ ਕਵੀ ਦਰਬਾਰ ਵਿੱਚ ਸ਼ਾਮਲ ਕਵੀਜਨ।

ਫਗਵਾੜਾ, 15 ਅਪ੍ਰੈਲ (   ਏ.ਡੀ.ਪੀ. ਨਿਊਜ਼ )  ਸਕੇਪ ਸਾਹਿਤਕ ਸੰਸਥਾ (ਰਜਿ.) ਫਗਵਾੜਾ ਵੱਲੋਂ ਵਿਸਾਖੀ ਮੌਕੇ ਹਰਗੋਬਿੰਦ ਨਗਰ ਫਗਵਾੜਾ ਵਿਖੇ ਵਿਓਂਤਿਆ ਗਿਆ ਕਵੀ ਦਰਬਾਰ  ਬਹੁਤ ਖ਼ੂਬਸੂਰਤੀ ਨਾਲ ਨੇਪਰੇ ਚੜ੍ਹਿਆ। ਉੱਘੇ ਕਾਲਮਨਵੀਸ ਅਤੇ ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ, ਸੰਸਥਾ ਦੇ ਸਰਪ੍ਰਸਤ ਪ੍ਰਿੰ. ਗੁਰਮੀਤ ਸਿੰਘ ਪਲਾਹੀ, ਸੰਸਥਾ ਪ੍ਰਧਾਨ ਰਵਿੰਦਰ ਚੋਟ, ਸਾਬਕਾ ਪ੍ਰਧਾਨ ਬਲਦੇਵ ਰਾਜ ਕੋਮਲ, ਪਰਵਿੰਦਰਜੀਤ ਸਿੰਘ ਅਤੇ ਕਰਮਜੀਤ ਸਿੰਘ ਸੰਧੂ ਨੇ ਪ੍ਰਧਾਨਗੀ ਮੰਡਲ ਵਿੱਚ ਸ਼ਿਰਕਤ ਕੀਤੀ। ਕਵੀ  ਦਰਬਾਰ ਦੇ ਆਗਾਜ਼ ਤੋਂ ਪਹਿਲਾਂ ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਕੇਂਦਰੀ ਪੰਜਾਬੀ ਲੇਖਕ ਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਹਰਜਿੰਦਰ ਸਿੰਘ ਅਟਵਾਲ ਅਤੇ ਉੱਘੇ ਕਹਾਣੀਕਾਰ ਪ੍ਰੇਮ ਪ੍ਰਕਾਸ਼ ਜੀ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ।ਇਸ ਉਪਰੰਤ ਵੀਹ ਦੇ ਕਰੀਬ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਸਾਂਝ ਪਾਈ। ਓਮ ਪ੍ਰਕਾਸ਼ ਸੰਦਲ ਨੇ ਬਲਦੇਵ ਰਾਜ ਕੋਮਲ ਦੀ ਲਿਖੀ ਗ਼ਜ਼ਲ ਤਰੰਨੁਮ ਵਿੱਚ ਪੇਸ਼ ਕਰਕੇ ਖ਼ੂਬ ਸਮਾਂ ਬੰਨ੍ਹਿਆ। ਮੋਹਨ ਆਰਟਿਸਟ ਵੱਲੋਂ ਤਰੱਨੁਮ ਵਿੱਚ ਪੇਸ਼ ਕੀਤੀ ਗ਼ਜ਼ਲ, ਸੋਹਣ ਸਹਿਜਲ, ਲਾਲੀ ਕਰਤਾਰਪੁਰੀ,ਦਲਜੀਤ ਮਹਿਮੀ ਵੱਲੋਂ ਪੇਸ਼ ਕੀਤੇ ਗੀਤ ਅਤੇ ਗ਼ਜ਼ਲਾਂ ਨੂੰ ਸਰੋਤਿਆਂ ਵੱਲੋਂ ਖ਼ੂਬ ਪਸੰਦ ਕੀਤਾ ਗਿਆ। ਸੁਖਦੇਵ ਸਿੰਘ ਗੰਢਵਾਂ,ਹਰਜਿੰਦਰ ਸਿੰਘ ,ਸੀਤਲ ਰਾਮ ਬੰਗਾ, ਡਾ.ਇੰਦਰਜੀਤ ਸਿੰਘ ਵਾਸੂ,ਸੁਬੇਗ ਸਿੰਘ ਹੰਜਰਾਅ,ਅਸ਼ੋਕ ਟਾਂਡੀ,ਕਰਮਜੀਤ ਸਿੰਘ ਸੰਧੂ,ਮਾਸਟਰ ਸੁਖਦੇਵ ਸਿੰਘ,ਸ਼ਾਮ ਸਰਗੂੰਦੀ, ਬਲਦੇਵ ਰਾਜ ਕੋਮਲ,ਸੋਢੀ ਸੱਤੋਵਾਲੀ ਵੱਲੋਂ ਵੀ ਖ਼ੂਬਸੂਰਤ ਰਚਨਾਵਾਂ ਨਾਲ਼ ਹਾਜ਼ਰੀ ਲਗਵਾਈ ਗਈ। ਸਾਹਿਬਾ ਜੀਟਨ ਕੌਰ ਨੇ ਹਰਜਿੰਦਰ ਸਿੰਘ ਜਿੰਦੀ ਦੀ ਲਿਖੀ ਕਵਿਤਾ ‘ਵਿਸਾਖੀ’ ਸੁਣਾ ਕੇ ਆਪਣੀ ਹਾਜ਼ਰੀ ਲਗਵਾਈ। ਨਗੀਨਾ ਸਿੰਘ ਬਲੱਗਣ ਅਤੇ ਸ਼ਾਮ ਸਰਗੂੰਦੀ ਵੱਲੋਂ ਹਾਲ ਵਿੱਚ ਹੀ ਵਿੱਛੜੇ ਉੱਘੇ ਅਦਾਕਾਰ ਮਨੋਜ ਕੁਮਾਰ ਨੂੰ  ” ਜ਼ਿੰਦਗੀ ਔਰ ਕੁਛ ਭੀ ਨਹੀਂ” ਗੀਤ ਰਾਹੀਂ ਸ਼ਰਧਾਂਜਲੀ ਭੇਂਟ ਕੀਤੀ ਗਈ।

ਵਿਸਾਖੀ ਕਵੀ ਦਰਬਾਰ ਮੌਕੇ ਚਰਨਜੀਤ ਸਿੰਘ ਪੰਨੂ ਦੀ ਪੁਸਤਕ “ਸਤਨਾਜਾ” ਲੋਕ ਅਰਪਨ ਕਰਦੇ ਹੋਏ ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਅਤੇ ਨਾਲ ਖੜੇ ਹਨ ਪ੍ਰਿੰ. ਗੁਰਮੀਤ ਸਿੰਘ ਪਲਾਹੀ, ਰਵਿੰਦਰ ਚੋਟ, ਬਲਦੇਵ ਰਾਜ ਕੋਮਲ, ਕਮਲੇਸ਼ ਸੰਧੂ ਅਤੇ ਕਰਮਜੀਤ ਸਿੰਘ ਸੰਧੂ।

ਇਸ ਮੌਕੇ ਨਰਪਾਲ ਸਿੰਘ ਸ਼ੇਰਗਿੱਲ ਵੱਲੋਂ ਚਰਨਜੀਤ ਸਿੰਘ ਪੰਨੂ ਦਾ ਕਹਾਣੀ ਸੰਗ੍ਰਹਿ “ਸਤਨਾਜਾ” ਅਤੇ ਸੁਖਦੇਵ ਸਿੰਘ ਗੰਢਵਾਂ ਦਾ ਕਾਵਿ ਸੰਗ੍ਰਹਿ “ਧਰਤੀ ਪੰਜਾਬ ਦੀਏ” ਅਤੇ ਪ੍ਰਸਿੱਧ ਲੇਖਕ ਐਡਵੋਕੇਟ ਐੱਸ. ਐੱਲ.ਵਿਰਦੀ ਜੀ ਦੀਆਂ ਤਿੰਨ ਪੁਸਤਕਾਂ “ਸੰਘਰਸ਼ੀ ਯੋਧੇ – ਜਿਨ੍ਹਾਂ ਯੁੱਗ ਪਲਟ ਦਿੱਤੇ”, “ਐਸੀ ਦਸ਼ਾ ਹਮਾਰੀ”, ਅਤੇ “ਲੋਕਾਂ ਦੀ ਅਜ਼ਾਦੀ ਦੀ ਜੰਗ” ਲੋਕ ਅਰਪਣ ਕੀਤੀਆਂ ਗਈਆਂ।ਸੰਸਥਾ ਸਰਪ੍ਰਸਤ ਪ੍ਰਿੰ. ਗੁਰਮੀਤ ਸਿੰਘ ਪਲਾਹੀ ਵੱਲੋਂ ਮੁੱਖ ਮਹਿਮਾਨ ਨਰਪਾਲ ਸਿੰਘ ਸ਼ੇਰਗਿੱਲ,ਸਾਬਕਾ ਪ੍ਰਧਾਨ ਕਮਲੇਸ਼ ਸੰਧੂ ਅਤੇ ਨਵੇਂ ਚੁਣੇ ਗਏ ਸੰਸਥਾ ਪ੍ਰਧਾਨ ਰਵਿੰਦਰ ਚੋਟ ਨੂੰ ਯਾਦਗਾਰੀ ਚਿੰਨ੍ਹ ਅਤੇ ਪੁਸਤਕਾਂ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਮੁੱਖ ਲੁਹਾਰ,ਮਨਜੀਤ ਸਿੰਘ ,ਰਵਿੰਦਰ ਸਿੰਘ ਰਾਏ, ਐਡਵੋਕੇਟ ਐੱਸ. ਐੱਲ. ਵਿਰਦੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਪਰਵਿੰਦਰ ਜੀਤ ਸਿੰਘ ਅਤੇ ਕਮਲੇਸ਼ ਸੰਧੂ ਨੇ ਨਿਭਾਈ। ਅੰਤ ਵਿੱਚ ਰਵਿੰਦਰ ਚੋਟ ਨੇ ਆਏ ਹੋਏ ਸਰੋਤਿਆਂ ਦਾ ਧੰਨਵਾਦ ਕੀਤਾ।

 

ਸਾਂਝਾ ਕਰੋ

ਪੜ੍ਹੋ