
ਹਿਸਾਰ, 14 ਅਪ੍ਰੈਲ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਇੱਥੋਂ ਅਯੁੱਧਿਆ ਲਈ ਇਕ ਵਪਾਰਕ ਉਡਾਣ ਨੂੰ ਹਰੀ ਝੰਡੀ ਦਿਖਾਈ। ਇਸਦੇ ਨਾਲ ਹੀ ਉਨ੍ਹਾਂ ਹਵਾਈ ਅੱਡੇ ਅਤੇ ਨਵੀਂ ਟਰਮੀਨਲ ਇਮਾਰਤ ਦਾ ਨੀਂਹ ਪੱਥਰ ਰੱਖਿਆ। ਇੱਥੇ ਸਥਿਤ ਮਹਾਰਾਜਾ ਅਗਰਸੇਨ ਹਵਾਈ ਅੱਡੇ ਦੀ ਨਵੀਂ ਟਰਮੀਨਲ ਇਮਾਰਤ 410 ਕਰੋੜ ਰੁਪਏ ਤੋਂ ਵੱਧ ਦੀ ਅਨੁਮਾਨਤ ਲਾਗਤ ਨਾਲ ਬਣਾਈ ਜਾਵੇਗੀ। ਇਸ ਵਿਚ ਇਕ ਅਤਿ-ਆਧੁਨਿਕ ਯਾਤਰੀ ਟਰਮੀਨਲ, ਇਕ ਕਾਰਗੋ ਟਰਮੀਨਲ ਅਤੇ ਇਕ ਏਟੀਸੀ ਇਮਾਰਤ ਸ਼ਾਮਲ ਹੋਵੇਗੀ।
ਇਸ ਪ੍ਰੋਜੈਕਟ ਨੂੰ ਦੋ ਸਾਲਾਂ ਵਿੱਚ ਪੂਰਾ ਕਰਨ ਦਾ ਟੀਚਾ ਹੈ।ਸ੍ਰੀ ਮੋਦੀ ਨੇ ਇੱਥੋਂ ਅਯੁੱਧਿਆ ਲਈ ਸ਼ੁਰੂਆਤੀ ਉਡਾਣ ਨੂੰ ਹਰੀ ਝੰਡੀ ਦਿਖਾਉਂਦੇ ਹੋਏ ਇਕ ਬਿਆਨ ਵਿਚ ਪਹਿਲਾਂ ਕਿਹਾ ਕਿ ਹਿਸਾਰ ਤੋਂ ਅਯੁੱਧਿਆ ਲਈ ਹਫ਼ਤੇ ਵਿਚ ਦੋ ਵਾਰ ਨਿਰਧਾਰਤ ਉਡਾਣਾਂ ਅਤੇ ਜੰਮੂ, ਅਹਿਮਦਾਬਾਦ, ਜੈਪੁਰ ਅਤੇ ਚੰਡੀਗੜ੍ਹ ਲਈ ਹਫ਼ਤੇ ਵਿਚ ਤਿੰਨ ਉਡਾਣਾਂ ਹਰਿਆਣਾ ਦੀ ਹਵਾਬਾਜ਼ੀ ਸੰਪਰਕ ਵਿਚ ਇਕ ਮਹੱਤਵਪੂਰਨ ਹੁਲਾਰਾ ਦੇਣਗੀਆਂ।