
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਸੁਖਬੀਰ ਸਿੰਘ ਬਾਦਲ ਦੀ ਮੁੜ ਚੋਣ ਨੇ ਕਸੂਤੀ ਸਥਿਤੀ ’ਚ ਫਸੀ ਇਸ ਪਾਰਟੀ ’ਤੇ ਉਸ ਦੇ ਨਿਰਵਿਵਾਦ ਦਬਦਬੇ ਦੀ ਪੁਸ਼ਟੀ ਕਰ ਦਿੱਤੀ ਹੈ। ਸਥਿਤੀ ਹਾਲਾਂਕਿ ਜਿਉਂ ਦੀ ਤਿਉਂ ਹੈ, ਇੱਥੋਂ ਤੱਕ ਕਿ ਸਿੱਖਾਂ ਦੀ ਸਰਬਉੱਚ ਸੰਸਥਾ ਅਕਾਲ ਤਖ਼ਤ ਵੀ ਸ਼੍ਰੋਮਣੀ ਅਕਾਲੀ ਦਲ ’ਚ ਅਤਿ ਲੋੜੀਂਦੇ ਸੁਧਾਰ ਵਿੱਢਣ ਦੀਆਂ ਆਪਣੀਆਂ ਕੋਸ਼ਿਸ਼ਾਂ ਵਿਚ ਸਫ਼ਲ ਨਹੀਂ ਹੋ ਸਕੀ। ਅਕਾਲ ਤਖ਼ਤ ਵੱਲੋਂ ਲਾਈ ਤਨਖਾਹ ਦੀ ਸਜ਼ਾ ਭੁਗਤਣ ਤੇ ਪਿਛਲੇ ਸਾਲ ਦਸੰਬਰ ਵਿਚ ਕਾਤਲਾਨਾ ਹਮਲੇ ’ਚ ਕਿਸੇ ਤਰ੍ਹਾਂ ਬਚਣ ਵਾਲੇ ਸੁਖਬੀਰ ਸਿੰਘ ਬਾਦਲ ਲਈ ਇਹ ਇਕ ਨਵੀਂ ਸ਼ੁਰੂਆਤ ਹੈ। ਅਹਿਮ ਸੁਆਲ ਇਹ ਹੈ ਕਿ ਕੀ ਉਹ ਪਿਛਲੇ ਅੱਠ ਸਾਲਾਂ ਦੌਰਾਨ ਲੱਗੇ ਚੁਣਾਵੀ ਝਟਕਿਆਂ ਤੋਂ ਆਪਣੀ ਪਾਰਟੀ ਨੂੰ ਇਸ ਨਵੀਂ ਸ਼ੁਰੂਆਤ ਨਾਲ ਉਭਾਰ ਸਕੇਗਾ? ਕੀ ਖੁੱਸ ਚੁੱਕੀ ਵੱਡੀ ਸਿੱਖ ਵੋਟ ਨੂੰ ਮੋੜ ਕੇ ਅਕਾਲੀ ਦਲ ਵੱਲ ਲਿਆ ਸਕੇਗਾ?
ਇਹ ਵੀ ਜ਼ਿਕਰਯੋਗ ਹੈ ਕਿ ਜਥੇਦਾਰਾਂ ਅਤੇ ਸ਼੍ਰੋਮਣੀ ਅਕਾਲੀ ਦਲ ਮੁਤਾਬਿਕ ਚੱਲਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਕਰਾਰ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਮੁੜ ਪ੍ਰਧਾਨ ਬਣਿਆ ਹੈ। ਪਿਛਲੇ ਮਹੀਨਿਆਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਵਾਦਤ ਢੰਗ ਨਾਲ ਤਿੰਨ ਤਖ਼ਤਾਂ ਦੇ ਜਥੇਦਾਰਾਂ ਨੂੰ ਫਾਰਗ ਕੀਤਾ ਹੈ। ਉਹ ਉਨ੍ਹਾਂ ਪੰਜ ਜਥੇਦਾਰਾਂ ਵਿਚ ਸ਼ਾਮਲ ਸਨ ਜਿਨ੍ਹਾਂ ਸੁਖਬੀਰ ਸਿੰਘ ਬਾਦਲ ਤੇ ਬਾਕੀ ਅਕਾਲੀ ਆਗੂਆਂ ਨੂੰ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਦਹਾਕਾ ਚੱਲੀ ਸਰਕਾਰ (2007-17) ਦੌਰਾਨ ਹੋਈਆਂ ‘ਭੁੱਲਾਂ’ ਲਈ ਸਜ਼ਾ ਲਾਈ ਸੀ। ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ ਹੈ ਕਿ ਇਹ ਜਥੇਦਾਰ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਨਾਲ ਰਲੇ ਹੋਏ ਸਨ, ਜੋ ਸ਼੍ਰੋਮਣੀ ਅਕਾਲੀ ਦਲ ਨੂੰ ਖ਼ਤਮ ਕਰਨ ’ਤੇ ਉਤਾਰੂ ਹੈ। ਸੁਖਬੀਰ ਸਿੰਘ ਬਾਦਲ ਦੇ ਦਾਅਵੇ ਨੇ ਉਨ੍ਹਾਂ ਕਿਆਸਰਾਈਆਂ ਨੂੰ ਹਵਾ ਦਿੱਤੀ ਹੈ ਕਿ ਅਕਾਲੀ ਹੁਣ ਭਗਵਾਂ ਪਾਰਟੀ ਨਾਲ ਆਪਣੇ ਸਬੰਧ ਬਹਾਲ ਕਰਨ ਦੇ ਇੱਛੁਕ ਨਹੀਂ ਹਨ। ਹਾਲਾਂਕਿ 2027 ਦੀਆਂ ਵਿਧਾਨ ਸਭਾ ਚੋਣਾਂ ਇਕੱਲਿਆਂ ਲੜਨ ਦਾ ਬਦਲ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਕੋਲ ਨਹੀਂ ਹੈ। ਇਸ ਦਾ ਟਾਕਰਾ ‘ਆਪ’, ਕਾਂਗਰਸ, ਭਾਜਪਾ ਤੇ ਕੁਝ ਹੋਰਨਾਂ ਅਕਾਲੀ ਧੜਿਆਂ ਨਾਲ ਹੋਣਾ ਹੈ, ਜਿਨ੍ਹਾਂ ਵਿਚੋਂ ਇਕ ਧੜਾ ਜੇਲ੍ਹ ’ਚ ਨਜ਼ਰਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਬਣਾਇਆ ਗਿਆ ਹੈ। ਜਥੇਦਾਰਾਂ ਦੇ ਫਾਰਗ ਹੋਣ ਨਾਲ ਸੁਖਬੀਰ ਸਿੰਘ ਬਾਦਲ ਦਾ ਹੱਥ ਬੇਸ਼ੱਕ ਉੱਚਾ ਹੋਇਆ ਹੈ, ਪਰ ਮੁੜ ਚੁਣੇ ਗਏ ਪ੍ਰਧਾਨ ਅੱਗੇ ਆਪਣੀ ਪਾਰਟੀ ਨੂੰ ਪੈਰਾਂ-ਸਿਰ ਕਰਨ ਤੇ ਪੰਜਾਬੀ ਵੋਟਰਾਂ ਦਾ ਭਰੋਸਾ ਦੁਬਾਰਾ ਜਿੱਤਣ ਦੀ ਵੱਡੀ ਚੁਣੌਤੀ ਹੈ।