
ਲੁੱਟ-ਖੋਹ ਹੋ ਜਾਣ ਦੇ ਡਰੋਂ ਉਹ ਸੋਨੇ ਦੇ ਗਹਿਣੇ ਨਾ ਪਹਿਨਦੀ। ਕਦੇ ਇਹ ਸੋਚ ਕੇ ਕਿ ਫੇਰ ਬਣਵਾਉਣ ਦਾ ਵੀ ਕੀ ਫ਼ਾਇਦਾ ਜੇ ਕੋਈ ਆਪਣੇ ਸ਼ੌਕ ਹੀ ਪੂਰੇ ਨਾ ਕਰੇ। ਸਰਦੀਆਂ ਵਿੱਚ ਕੋਟੀਆਂ-ਸਵੈਟਰ ਪੈ ਜਾਣ ਕਾਰਨ ਉਸ ਨੇ ਗਲ ਵਿੱਚ ਸੋਨੇ ਦੀ ਚੇਨ ਪਾ ਲਈ। ਪਰ ਜਦੋਂ ਉਹ ਸਕੂਟਰ ’ਤੇ ਡਿਊਟੀ ਜਾਂਦੀ, ਫਿਰ ਉਸ ਨੂੰ ਭੈਅ ਜਿਹਾ ਆਉਂਦਾ ਕਿ ਕਿਤੇ ਕੋਈ ਖੋਹ ਕੇ ਹੀ ਨਾ ਲੈ ਜਾਵੇ, ਸੋਨਾ ਕਿਹੜਾ ਲੈਣ ਦਾ ਹੈ। ਇੱਕ ਤੋਲਾ ਲੈਣ ਨਾਲ ਹੀ ਨੱਕ ਨੂੰ ਜੀਭ ਲੱਗ ਜਾਂਦੀ ਹੈ। ਬਣਵਾਈ, ਘੜਾਈ, ਪਾਲਿਸ਼ ਦਾ ਲਾ ਕੇ ਪੂਰਾ ਲੱਖ ਲੱਗ ਜਾਂਦਾ ਏ ਤਾਂ ਕਿਤੇ ਤੋਲਾ ਮਸਾਂ ਖਰੀਦਿਆ ਜਾਂਦਾ ਏ।
ਇੱਕ ਦਿਨ ਉਹ ਕਿਸੇ ਧਾਰਮਿਕ ਸਥਾਨ ’ਤੇ ਮੱਥਾ ਟੇਕਣ ਗਈ। ਉਸ ਨੂੰ ਇਹੀ ਡਰ ਲੱਗਦਾ ਰਿਹਾ ਕਿ ਕਿਧਰੇ ਕੋਈ ਉਸ ਦੀ ਚੇਨ ਹੀ ਨਾ ਲਾਹ ਲਵੇ। ਕਦੇ ਉਹ ਮਫਲਰ ਗਲੇ ਦੇ ਆਲੇ-ਦੁਆਲੇ ਲਪੇਟਦੀ। ਕਦੇ ਉਸ ਨੂੰ ਸੋਚ ਕੇ ਡਰ ਲੱਗਦਾ ਕਿ ਚੇਨ ਕੱਟਣ ਵਾਲਿਆਂ ਦਾ ਤਾਂ ਪਤਾ ਹੀ ਨਹੀਂ ਲੱਗਦਾ ਕਦੋਂ ਕੱਟ ਲੈਂਦੇ ਨੇ। ਇੱਕ ਦਿਨ ਉਹ ਆਟੋ ਵਿੱਚ ਬੈਠ ਗਈ। ਸਾਰੇ ਰਸਤੇ ਉਸ ਨੂੰ ਡਰ ਵੱਢ-ਵੱਢ ਖਾਈ ਗਿਆ। ਕਦੇ ਉਸ ਨੂੰ ਲੱਗਦਾ ਜਿਵੇਂ ਆਟੋ ਚਲਾਉਣ ਵਾਲਾ ਭਾਈ ਸ਼ੀਸੇ ਵਿਚਦੀ ਉਸ ਦੇ ਗਲੇ ਵਾਲੀ ਚੇਨ ਵੱਲ ਹੀ ਦੇਖੀ ਜਾ ਰਿਹਾ ਹੋਵੇ।
ਕਦੇ ਉਹ ਡਰਦੀ ਕਿ ਥਾਂ-ਥਾਂ ’ਤੇ ਨਸ਼ੇੜੀ ਫਿਰਦੇ ਨੇ। ਨਸ਼ੇ ਲਈ ਤਾਂ ਉਹ ਆਪਣੀਆਂ ਮਾਵਾਂ ਦੇ ਗਹਿਣੇ ਵੇਚ ਦਿੰਦੇ ਨੇ। ਉਸ ਦੀ ਚੇਨ ਕਿਸ ਨੇ ਛੱਡਣੀ ਏ। ਹੁਣ ਚੇਨ ਦੀ ਟੌਹਰ ਤੇ ਸ਼ੌਕ ਤਾਂ ਘੱਟ ਸੀ। ਹੁਣ ਤਾਂ ਉਸ ਦੇ ਉਤਾਰੇ ਜਾਣ ਦਾ ਡਰ ਅਤੇ ਤਣਾਅ ਵਾਧੂ ਸੀ। ਇੱਕ ਦਿਨ ਉਸ ਨੇ ਦਿਲ ਕਰੜਾ ਜਿਹਾ ਕਰਕੇ ਇਹ ਕਹਿੰਦਿਆਂ ਚੇਨ ਉਤਾਰ ਹੀ ਦਿੱਤੀ, ‘‘ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ।” ਚੇਨ ਉਤਾਰਦਿਆਂ ਹੀ ਉਸ ਨੂੰ ਬੇਫ਼ਿਕਰੀ ਹੋ ਗਈ। ਅੱਜ ਬੜੇ ਦਿਨਾਂ ਬਾਅਦ ਉਸ ਨੂੰ ਚੈਨ ਦੀ ਨੀਂਦ ਆਈ।