
ਐਸ.ਏ.ਐਸ ਨਗਰ, 10 ਅਪ੍ਰੈਲ – ਕਰ ਕਮਿਸ਼ਨਰ ਪੰਜਾਬ ਵਰੁਣ ਰੂਜ਼ਮ ਅਤੇ ਵਧੀਕ ਕਰ ਕਮਿਸ਼ਨਰ ਐਚ.ਪੀ.ਐਸ. ਘੋਤਰਾ ਨੇ ਅੱਜ ਇਥੇ ਐਡਵੋਕੇਟ ਪੀ.ਸੀ. ਗਰਗ ਦੀ ਕਿਤਾਬ ‘ਜੀ.ਐਸ.ਟੀ ਮੈਨੂਅਲ’ ਦੇ ਸਾਲ 2025 ਐਡੀਸ਼ਨ ਨੂੰ ਰਿਲੀਜ਼ ਕੀਤਾ। ਐਡਵੋਕੇਟ ਪੀ.ਸੀ. ਗਰਗ ਦੁਆਰਾ ਸੇਵਾਮੁਕਤ ਵਧੀਕ ਕਮਿਸ਼ਨਰ ਜੀ.ਐਸ.ਟੀ ਲਵਿੰਦਰ ਜੈਨ, ਸੀ.ਏ. ਰਿਤੇਸ਼ ਗਰਗ, ਅਤੇ ਸੀ.ਏ. ਪੁਨੀਸ਼ ਗਰਗ ਦੇ ਸਹਿਯੋਗ ਨਾਲ ਲਿਖੀ ਗਈ ਇਸ ਕਿਤਾਬ ਵਿੱਚ ਵਸਤਾਂ ਅਤੇ ਸੇਵਾਵਾਂ ਕਰ (ਜੀ.ਐਸ.ਟੀ) ਨਿਯਮਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ ਹੈ।
ਇਸ ਮੌਕੇ ਕਿਤਾਬ ਦੇ ਲੇਖਕ ਪੀ.ਸੀ. ਗਰਗ ਨੇ ਕਿਹਾ ਕਿ ਜੀ.ਐਸ.ਟੀ ਮੈਨੂਅਲ ਦਾ 2025 ਐਡੀਸ਼ਨ ਜੀ.ਐਸ.ਟੀ ਕਾਨੂੰਨਾਂ ਸਬੰਧੀ ਇੱਕ ਢਾਂਚਾਗਤ ਅਤੇ ਉਪਭੋਗਤਾ-ਅਨੁਕੂਲ ਪੇਸ਼ ਜਾਣਕਾਰੀ ਪੇਸ਼ ਕਰਦੀ ਹੈ, ਜਿਸ ਵਿੱਚ ਇਸ ਕਰ ਸਬੰਧੀ ਐਕਟ, ਨਿਯਮ, ਸੂਚਨਾਵਾਂ, ਆਦੇਸ਼ ਅਤੇ ਮਾਹਰਾਂ ਦੀਆਂ ਟਿੱਪਣੀਆਂ ਸ਼ਾਮਲ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਪ੍ਰਕਾਸ਼ਨ ਨੂੰ ਜੋ ਚੀਜ਼ ਬਾਕੀ ਕਿਤਾਬਾਂ ਨਾਲੋਂ ਵੱਖਰਾ ਕਰਦੀ ਹੈ ਉਹ ਹੈ ਇਸ ਵਿੱਚ ਹਵਾਲਾ ਦੇਣ ਦਾ ਢੰਗ ਹੈ, ਜਿਸ ਅਨੁਸਾਰ ਹਰ ਭਾਗ ਵਿੱਚ ਇਸ ਨਾਲ ਸਬੰਧਤ ਨਿਯਮ ਬਾਰੇ ਜਾਣਕਾਰੀ ਲਈ ਹਵਾਲਾ ਦਿੱਤਾ ਗਿਆ ਹੈ ਤਾਂ ਜੋ ਪੇਸ਼ੇਵਰਾਂ ਅਤੇ ਇਸ ਕਰ ਨਾਲ ਸਬੰਧਤ ਹੋਰ ਧਿਰਾਂ ਲਈ ਸਪਸ਼ਟਤਾ ਅਤੇ ਸੌਖ ਨੂੰ ਯਕੀਨੀ ਬਣਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜੀ.ਐਸ.ਟੀ ਪ੍ਰਬੰਧਾਂ ਦੀ ਵਿਆਪਕ ਸਮਝ ਨੂੰ ਆਸਾਨ ਬਣਾਉਣ ਲਈ ਹਰੇਕ ਭਾਗ ਅਤੇ ਨਿਯਮ ਦੇ ਤਹਿਤ ਸੰਬੰਧਿਤ ਸੂਚਨਾਵਾਂ, ਆਦੇਸ਼ ਅਤੇ ਮਾਹਰਾਂ ਦੀ ਰਾਏ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਕਿਤਾਬ ਮਾਰਗਦਰਸ਼ਕ ਸਿਧਾਂਤਾਂ ‘ਪ੍ਰਮਾਣਿਕਤਾ, ਸਰਲਤਾ ਅਤੇ ਕਿਫਾਇਤੀ’ ਦੇ ਨਾਲ ਤਿਆਰ ਕੀਤੀ ਗਈ ਹੈ ਜੋ ਇਸਨੂੰ ਕਰ ਪ੍ਰੋਫੈਸ਼ਨਲਾਂ, ਕਾਰੋਬਾਰਾਂ ਅਤੇ ਨੀਤੀ ਨਿਰਮਾਤਾਵਾਂ ਲਈ ਇੱਕ ਭਰੋਸੇਯੋਗ ਅਤੇ ਪਹੁੰਚਯੋਗ ਸਰੋਤ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਇਸ ਕਿਤਾਬ ਦਾ ਉਦੇਸ਼ ਜੀ.ਐਸ.ਟੀ ਕਾਨੂੰਨਾਂ ਬਾਰੇ ਪ੍ਰਭਾਵਸ਼ਾਲੀ ਢੰਗ ਨਾਲ ਜਾਣਕਾਰੀ ਹਾਸਿਲ ਕਰਨ ਵਿੱਚ ਇੱਕ ਢੁਕਵੇਂ ਸੰਦਰਭ ਵਜੋਂ ਕੰਮ ਕਰਨਾ ਹੈ। ਕਰ ਕਮਿਸ਼ਨਰ ਵਰੁਣ ਰੂਜਮ ਅਤੇ ਵਧੀਕ ਕਰ ਕਮਿਸ਼ਨਰ ਐਚਪੀਐਸ ਘੋਤਰਾ ਨੇ ਇੰਨ੍ਹਾਂ ਲੇਖਕਾਂ ਵੱਲੋਂ ਜੀ.ਐਸ.ਟੀ ਸਬੰਧੀ ਗੁੰਝਲਾਂ ਨੂੰ ਆਸਾਨ ਬਣਾਉਣ ਅਤੇ ਕਰ ਮਾਹਰਾਂ ਅਤੇ ਕਾਰੋਬਾਰਾਂ ਲਈ ਇੱਕ ਲੋੜੀਂਦਾ ਸਾਧਨ ਪ੍ਰਦਾਨ ਕਰਨ ਲਈ ਕੀਤੀ ਗਈ ਕੋਸ਼ਿਸ਼ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ।