
ਕੇਂਦਰ ਸਰਕਾਰ ਨੇ ਜਿਹੜੀ 2020 ਵਿੱਚ ਸਿੱਖਿਆ ਨੀਤੀ ਤਿਆਰ ਕੀਤੀ ਹੈ, ਉਸਨੂੰ ਪਹਿਲਾਂ ਤਾਂ ਅਰਵਿੰਦ ਕੇਜਰੀਵਾਲ ਨਿੰੰਦਦਾ ਰਿਹਾ। ਹੁਣ ਉਸਨੇ ਪੰਜਾਬ ਵਿੱਚ ਉਸ ਨੀਤੀ ਨੂੰ ਲਾਗੂ ਕਰਵਾਉਣ ਲਈ ਨਵਾਂ ਸ਼ੋਸ਼ਾ ਛੱਡਿਆ ਹੈ। ਐਮੀਨੈਂਸ ਆਫ਼ ਸਕੂਲ। ਪੰਜਾਬ ਦੇ ਵਿੱਚ ਇਹ 118 ਬਣਾਏ ਗਏ ਹਨ। ਇਹਨਾਂ ਸਕੂਲਾਂ ਦੇ ਬਣਨ ਨਾਲ ਪਿੰਡਾਂ ਦੇ ਸਕੂਲਾਂ ਦਾ ਭੋਗ ਪੈ ਜਾਵੇਗਾ, ਜਿਵੇਂ ਕਿਸੇ ਸ਼ਹਿਰ ਵਿੱਚ ਵੱਡਾ ਮਾਲਜ਼ ਖੁੱਲ੍ਹ ਜਾਣ ਨਾਲ ਛੋਟੀਆਂ ਦੁਕਾਨਾਂ ਬੰਦ ਹੋ ਜਾਂਦੀਆਂ ਹਨ। ਇੱਕ ਸਰਵੇਖਣ ਅਨੁਸਾਰ ਡੀ-ਮਾਰਟ, ਰਿਲਾਇੰਸ ਤੇ ਹੋਰ ਵੱਡੇ ਮਾਲਜ਼ ਖੁੱਲਣ ਨਾਲ ਹਰ ਤਰ੍ਹਾਂ ਦੀਆਂ ਦੋ ਢਾਈ ਹਜ਼ਾਰ ਦੁਕਾਨਾਂ ਬੰਦ ਹੋ ਜਾਂਦੀਆਂ ਹਨ। ਵੱਡੇ ਮਾਲਜ਼ ਉੱਤੇ ਨਕਦ ਤੇ ਮਹਿੰਗਾ ਸਮਾਨ ਮਿਲਦਾ ਹੈ। ਛੋਟੀਆਂ ਦੁਕਾਨਾਂ ਉੱਤੇ ਉਧਾਰ ਵੀ ਕਰ ਲਿਆ ਜਾਂਦਾ ਹੈ ਪਰ ਵੱਡੇ ਮਾਲਜ਼ ਉਤੇ ਤੁਹਾਨੂੰ ਨਕਦ ਰਾਸ਼ੀ ਦੇਣੀ ਪੈਂਦੀ ਹੈ। ਇਸੇ ਤਰ੍ਹਾਂ ਜਦੋਂ ਐਮੀਨੈਂਸ ਆਫ਼ ਸਕੂਲ ਸ਼ੁਰੂ ਹੋ ਗਏ ਤਾਂ ਰਾਈਟ ਆਫ਼ ਐਜੂਕੇਸ਼ਨ ਅਧਿਕਾਰ ਦਾ ਵੀ ਭੋਗ ਪੈ ਜਾਵੇਗਾ।
ਇਹ ਅਧਿਕਾਰ ਹਰ ਬੱਚੇ ਨੂੰ ਇੱਕ ਕਿਲੋਮੀਟਰ ਵਿੱਚ ਸਿੱਖਿਆ ਦੇਣ ਦਾ ਅਧਿਕਾਰ ਦੇਂਦਾ ਹੈ। ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਅੱਠ ਸੌ ਸਕੂਲਾਂ ਨੂੰ ਇਸ ਲਈ ਬੰਦ ਕਰ ਦਿੱਤਾ ਸੀ ਕਿ ਉੱਥੇ ਬੱਚਿਆਂ ਦੀ ਗਿਣਤੀ ਘੱਟ ਸੀ, ਸਿੱਖਿਆ ਦੀ ਕ੍ਰਾਂਤੀ ਲਿਆਉਣ ਵਾਲੀ ਸਰਕਾਰ ਨੇ 324 ਸਕੂਲਾਂ ਦੀ ਨਿਸ਼ਾਨਦੇਹੀ ਕਰ ਲਈ ਹੈ, ਜੋਂ ਭਵਿੱਖ ਵਿੱਚ ਬੰਦ ਕਰ ਦਿੱਤੇ ਜਾਣਗੇ। ਡੀਟੀਐਫ ਦੇ ਪ੍ਰਧਾਨ ਅਨੁਸਾਰ 3500 ਸਕੂਲ ਬੰਦ ਹੋ ਰਹੇ ਹਨ। ਪੰਜਾਬ ਵਿੱਚ ਇਸ ਸਮੇਂ 19000 ਦੇ ਕਰੀਬ ਸਕੂਲ ਚੱਲ ਰਹੇ ਹਨ, ਜਿਹਨਾਂ ਵਿੱਚ ਅਧਿਆਪਕ, ਮੁੱਖ ਅਧਿਆਪਕ ਤੇ ਪ੍ਰਿੰਸੀਪਲ ਦੀ ਹਜ਼ਾਰਾਂ ਅਸਾਮੀਆਂ ਖਾਲੀ ਹੋਣ ਕਰਕੇ, ਇਹਨਾਂ ਮੌਜੂਦਾ ਅਧਿਕਾਰੀਆਂ ਨੂੰ ਦੋ ਜਾਂ ਤਿੰਨ ਸਕੂਲਾਂ ਦਾ ਵਾਧੂ ਚਾਰਜ ਦਿੱਤਾ ਹੋਇਆ ਹੈ, ਇਹੋ ਹਾਲ ਕਾਲਜਾਂ ਦਾ ਹੈ, ਉਥੇ ਵੀ ਅਧਿਆਪਕਾਂ ਤੇ ਪ੍ਰਿੰਸੀਪਲ ਦੀਆਂ ਅਸਾਮੀਆਂ ਖਾਲੀ ਹਨ। ਇਸ ਕਾਰਨ ਆਮ ਲੋਕਾਂ ਦਾ ਸਰਕਾਰੀ ਸਕੂਲਾਂ ਤੇ ਕਾਲਜਾਂ ਤੋਂ ਭਰੋਸਾ ਚੁੱਕਿਆ ਗਿਆ ਹੈ।
ਇਹਨਾਂ ਸਰਕਾਰੀ ਸਕੂਲਾਂ ਤੇ ਕਾਲਜਾਂ ਵਿੱਚ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਦੇ ਬੱਚੇ ਸਿੱਖਿਆ ਹਾਸਲ ਕਰਦੇ ਹਨ। ਖਾਂਦੇ ਪੀਂਦੇ ਘਰਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਹਨ। ਨਿੱਜੀ ਸਿੱਖਿਆ ਸੰਸਥਾਵਾਂ ਨੂੰ ਖੋਲ੍ਹਣ ਦੀ ਹੱਲਾਸ਼ੇਰੀ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਸਮੇਂ ਸ਼ੁਰੂ ਹੋ ਗਈ ਸੀ। ਬਾਦਲਕਿਆਂ ਨੇ ਪੰਜਾਬ ਦੇ ਹਰ ਖੇਤਰ ਵਿੱਚ ਤਬਾਹੀ ਮਚਾਈ ਹੈ, ਉਹਨਾਂ ਦੇ ਬੀਜੇ ਕੰਡੇ ਹੁਣ ਲੋਕਾਂ ਦੇ ਪੈਰਾਂ ਵਿੱਚ ਨਹੀਂ, ਸਗੋ ਸੀਨੇ ਵਿੱਚ ਚੁੱਭਦੇ ਹਨ। ਉਹਨਾਂ ਕੰਡਿਆਂ ਨੂੰ ਹੋਰ ਤਿੱਖਾ ਕਰਨ ਲਈ ਪੰਜਾਬ ਦੀ ਮੌਜੂਦਾ ਸਰਕਾਰ ਰੇਤੀ ਫੇਰ ਰਹੀ ਹੈ। ਅੱਜਕਲ੍ਹ ਪੰਜਾਬ ਦੇ ਵਿੱਚ ਉਦਘਾਟਨੀ ਸਮਾਰੋਹ ਦੀ ਸੁਨਾਮੀ ਲਹਿਰ ਚੱਲ ਰਹੀ ਹੈ। ਇੱਕ ਇੱਕ ਸਕੂਲ ਵਿੱਚ ਦੋ ਤੋਂ ਵੱਧ ਉਦਘਾਟਨੀ ਪੱਥਰ ਲਗਾਏ ਜਾ ਰਹੇ ਹਨ। ਸਕੂਲਾਂ ਨੂੰ ਸਮਾਰੋਹ ਦੇ ਪ੍ਰਬੰਧਾਂ ਲਈ ਸੀਨੀਅਰ ਸੈਕੰਡਰੀ ਸਕੂਲ ਲਈ ਵੀਹ ਹਜ਼ਾਰ, ਹਾਈ ਸਕੂਲ ਲਈ ਪੰਦਰਾਂ ਹਜ਼ਾਰ, ਮਿਡਲ ਸਕੂਲ ਲਈ ਦਸ ਹਜ਼ਾਰ ਤੇ ਪ੍ਰਾਇਮਰੀ ਸਕੂਲ ਲਈ ਪੰਜ ਹਜ਼ਾਰ ਰੁਪਏ ਫੰਡ ਭੇਜਿਆ ਗਿਆ ਹੈ।
ਸਕੂਲਾਂ ਵਾਲਿਆਂ ਨੂੰ ਖਾਣ ਪੀਣ ਦੇ ਸਮਾਨ ਦੀ ਸੂਚੀ ਤੋਂ ਇਲਾਵਾ ਵਾਸਤੂ ਸ਼ਾਸਤਰ ਅਨੁਸਾਰ ਪੰਡਾਲ ਲਗਾਉਣ ਦਾ ਪੱਤਰ ਭੇਜਿਆ ਹੈ। ਅਧਿਆਪਕਾਂ ਨੇ ਪੰਜ ਸੌ ਮਹਿਮਾਨਾਂ ਦੇ ਬੈਠਣ ਤੇ ਖਾਣ ਪੀਣ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ। ਉਹਨਾਂ ਨੇ ਹੀ ਇਸ ਸਮਾਗਮ ਨੂੰ ਕਾਮਯਾਬ ਕਰਨ ਲਈ ਭੀੜ ਇਕੱਠੀ ਕਰਨੀ ਹੈ। ਪਿਛਲੇ ਦਿਨੀਂ ਪਟਿਆਲਾ ਜ਼ਿਲ੍ਹੇ ਵਿੱਚ ਸਾਬਕਾ ਸਿਹਤ ਮੰਤਰੀ ਚਤਿੰਨ ਸਿੰਘ ਜੌੜਾ ਮਾਜਰਾ ਨੇ ਸਕੂਲ ਦੀ ਘੱਟ ਭੀੜ੍ਹ ਨੂੰ ਦੇਖਦਿਆਂ ਅਧਿਆਪਕਾਂ ਦੀ ਮਾਈਕ ਰਾਹੀਂ ਲਾਹ ਪਾਹ ਕੀਤੀ। ਜਿਸ ਕਾਰਨ ਉਸਦੀ ਦੁਨੀਆਂ ਭਰ ਵਿਚ ਆਲੋਚਨਾ ਹੋ ਰਹੀ ਹੈ। ਪੰਜਾਬ ਸਿੱਖਿਆ ਕ੍ਰਾਂਤੀ ਦੀ ਚਰਚਾ ਹੱਟੀਆਂ ਤੇ ਭੱਠੀਆਂ ਤੇ ਹੋ ਰਹੀ ਹੈ। ਇੱਧਰ ਸਕੂਲਾਂ ਵਿੱਚ ਐਨੇ ਘੱਟ ਫੰਡ ਵਿੱਚ ਸਮਾਗਮ ਕਰਵਾਉਣ ਦਾ ਮੁਖੀਆਂ ਉਪਰ ਐਨਾ ਦਬਾਅ ਹੈ, ਉਹਨਾਂ ਦਾ ਬੀ ਪੀ ਤੇ ਸ਼ੂਗਰ ਵਧ ਤੇ ਘਟ ਰਿਹਾ ਹੈ, ਉਹਨਾਂ ਦੀ ਜਾਨ ਤੇ ਬਣੀ ਹੋਈ ਹੈ। ਪੰਜਾਬ ਸਰਕਾਰ ਵਲੋਂ ਪਖਾਨਿਆਂ, ਦੀਵਾਰਾਂ ਤੇ ਇਮਾਰਤਾਂ ਦੇ ਉਦਘਾਟਨ ਤੇ ਨੀਂਹ ਪੱਥਰ ਰੱਖੇ ਜਾ ਰਹੇ ਹਨ। ਦਿੱਲੀ ਦੇ ਹਾਰੇ ਹੋਏ ਸਿੱਖਿਆ ਮੰਤਰੀ ਤੇ ਮੁੱਖ ਮੰਤਰੀ ਦਾ ਨਾਮ ਇਹਨਾਂ ਪੱਥਰਾਂ ਉੱਤੇ ਲਿਖਿਆ ਜਾ ਰਿਹਾ ਹੈ।
ਉਧਰ ਦਿੱਲੀ ਵਿੱਚ ਸਿੱਖਿਆ ਵਿਭਾਗ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਸਮੇਂ ਹੋਏ 1200 ਕਰੋੜ ਦੇ ਘਪਲੇ ਲਈ ਸਾਬਕਾ ਸਿੱਖਿਆ ਮੰਤਰੀ ਦਿੱਲੀ ਦੀ ਗਿਰਫ਼ਤਾਰੀ ਨੂੰ ਹਰੀ ਝੰਡੀ ਮਿਲ ਗਈ ਹੈ। ਕੋਈ ਪਤਾ ਨਹੀਂ ਕਿ ਦਿੱਲੀ ਪੁਲਿਸ ਉਹਨਾਂ ਨੂੰ ਕਿਸੇ ਸਕੂਲ ਦੇ ਉਦਘਾਟਨ ਤੋਂ ਹੀ ਚੁੱਕ ਕੇ ਲੈ ਜਾਵੇ। ਪੰਜਾਬ ਵਿੱਚ ਚੱਲ ਰਹੀ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਹਰੀ ਕ੍ਰਾਂਤੀ ਵਾਲੀ ਹੀ ਹੈ, ਜਿਸ ਦਾ ਖਮਿਆਜਾ ਅੱਜ ਪੰਜਾਬ ਭੁਗਤ ਰਿਹਾ ਹੈ। ਉਦੋਂ ਵੀ ਕੇਂਦਰ ਸਰਕਾਰ ਨੇ ਸੋਚੀ ਸਮਝੀ ਸਾਜ਼ਿਸ਼ ਅਧੀਨ ਪੰਜਾਬ ਨੂੰ ਫਸਾਇਆ ਸੀ, ਉਦੋਂ ਵੀ ਪੰਜਾਬ ਦੇ ਸਿਆਣੇ ਤੇ ਸੂਝਵਾਨ ਲੋਕਾਂ ਨੇ ਚੁੱਪ ਧਾਰੀ ਸੀ, ਜਿਵੇਂ ਹੁਣ ਉਹ ਨਵੀਂ ਸਿੱਖਿਆ ਕ੍ਰਾਂਤੀ ਦੇ ਡਰਾਮਿਆਂ ਨੂੰ ਦੇਖ਼ ਕੇ ਚੁੱਪ ਹਨ। ਸੱਤਾ ਵਿਰੋਧੀ ਸਿਆਸੀ ਪਾਰਟੀਆਂ ਆਪਣੀ ਸਿਆਸੀ ਜ਼ਮੀਨ ਲੱਭਣ ਲੱਗੀਆਂ ਹੋਈਆਂ ਹਨ, ਉਹਨਾਂ ਨੂੰ ਕੋਈ ਫ਼ਿਕਰ ਨਹੀਂ ਸਰਕਾਰ ਕੀ ਕਰ ਰਹੀ ਹੈ। ਅਕਾਲੀ ਦਲ ਦੇ ਬਾਗੀ ਤੇ ਦਾਗ਼ੀ ਇੱਕ ਦੂਜੇ ਦੇ ਪੋਤੜੇ ਫਰੋਲਣ ਲੱਗੇ ਹਨ। ਸੁਖਬੀਰ ਬਾਦਲ ਨੂੰ ਚਾਅ ਚੜ੍ਹਿਆ ਹੋਇਆ ਹੈ ਕਿ ਉਹ ਦੁਬਾਰਾ ਫੇਰ ਪ੍ਰਧਾਨ ਬਣ ਰਿਹਾ ਹੈ। ਪੰਜਾਬ ਵਿੱਚ ਲਾਅ ਐਂਡ ਆਰਡਰ ਖ਼ਤਰੇ ਵਿੱਚ ਹੈ।
ਬੰਬ ਧਮਾਕੇ ਹੋ ਰਹੇ ਹਨ, ਪੁਲਿਸ ਮੁਕਾਬਲੇ ਕਰ ਰਹੀ ਹੈ। ਸਿਆਸੀ ਮਾਹਿਰਾਂ ਕਹਿੰਦੇ ਹਨ ਕਿ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਗਾਉਣ ਲਈ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ। ਉਹਨਾਂ ਇਲਾਕਿਆਂ ਵਿਚ ਅੱਜ ਬੰਬ ਧਮਾਕਾ ਹੋਇਆ ਜਿਹੜਾ ਇਲਾਕਾ ਬੀਐਸਐਫ ਦੇ ਕਬਜ਼ੇ ਹੇਠ ਹੈ। ਅੱਜ ਦੇ ਧਮਾਕੇ ਵਿੱਚ ਬੀਐਸਐਫ ਦੇ ਜਵਾਨ ਵੀ ਜ਼ਖ਼ਮੀ ਹੋਏ ਹਨ। ਕੁੱਝ ਦਿਨ ਪਹਿਲਾਂ ਜਲੰਧਰ ਵਿੱਚ ਭਾਜਪਾ ਦੇ ਸਾਬਕਾ ਪ੍ਰਧਾਨ ਪੰਜਾਬ ਮਨੋਰੰਜਨ ਕਾਲੀਆ ਦੇ ਘਰ ਹੈਂਡ ਗਰਨੇਡ ਸੁੱਟਿਆ ਗਿਆ ਸੀ, ਜਿਸ ਨਾਲ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਇਸ ਨਾਲ ਪੰਜਾਬ ਵਿੱਚ ਦਹਿਸ਼ਤ ਜਰੂਰ ਵੱਧ ਗਈ ਹੈ। ਛਲੇਡੇ ਨੇ ਗਿਰਗਿਟ ਵਾਂਗੂ ਰੰਗ ਬਦਲਿਆ ਹੈ। ਇਧਰ ਪੰਜਾਬ ਸਰਕਾਰ ਸਿੱਖਿਆ ਕ੍ਰਾਂਤੀ ਪੰਜਾਬ ਲਿਆਉਣ ਲਈ ਪੱਬਾਂ ਭਾਰ ਹੋਈ ਪਈ ਹੈ। ਪੰਜਾਬ ਨੂੰ ਇੱਕ ਵਾਰ ਫਿਰ ਚੰਦਰੀ ਨਜ਼ਰ ਲੱਗ ਗਈ ਹੈ। ਹੁਣ ਫੇਰ ਸੁਰਜੀਤ ਪਾਤਰ ਦੀ ਉਹ ਗ਼ਜ਼ਲ ਚੇਤੇ ਆ ਰਹੀ ਹੈ। ਲੱਗੀ ਨਜ਼ਰ ਪੰਜਾਬ ਨੂੰ, ਇਹਦੀ ਨਜ਼ਰ ਉਤਾਰੋ, ਲੈ ਕੇ ਮਿਰਚਾਂ ਕੌੜੀਆਂ, ਏਦ੍ਹੇ ਸਿਰ ਤੋਂ ਵਾਰੋਂ।
ਇਸ ਸਮੇਂ ਪੰਜਾਬ ਉਪਰ ਗਿਰਝਾਂ ਘੁੰਮ ਰਹੀਆਂ ਹਨ ਤੇ ਉਹ ਸਿੱਖਿਆ ਕ੍ਰਾਂਤੀ ਪੰਜਾਬ ਦੇ ਹੋ ਰਹੇ ਉਦਘਾਟਨੀ ਸਮਾਰੋਹ ਦੇਖ਼ ਰਹੀਆਂ ਹਨ। ਇਸ ਸਮੇਂ ਪੰਜਾਬ ਫਿਰ ਅੱਸੀਵਿਆਂ ਦੇ ਦਹਾਕੇ ਵੱਲ ਵਧਦਾ ਜਾ ਰਿਹਾ ਹੈ, ਕੌਣ ਰੋਕੇਗਾ ਇਸ ਨੂੰ ਪਿਛਲਖੁਰੀ ਜਾ ਰਹੇ ਨੂੰ?
ਬੁੱਧ ਸਿੰਘ ਨੀਲੋਂ
9464370823