
ਚੰਡੀਗੜ੍ਹ, 9 ਅਪ੍ਰੈਲ – ਗੁਰਮੀਤ ਰਾਮ ਰਹੀਮ ਇੱਕ ਵਾਰ ਫਿਰ ਇਸ ਸਾਲ (2025) ਦੀ ਦੂਜੀ ਪੈਰੋਲ ਮਿਲੀ ਹੈ। ਪ੍ਰਸ਼ਾਸਨ ਨੇ ਅੱਜ (ਬੁੱਧਵਾਰ) ਸਵੇਰੇ ਉਸ ਨੂੰ ਸੁਨਾਰੀਆ ਜੇਲ੍ਹ ਚੋਂ ਬਾਹਰ ਕੱਢਿਆ। ਅੱਜ ਸਵੇਰੇ ਰਾਮ ਰਹੀਮ ਪੁਲਿਸ ਸੁਰੱਖਿਆ ਵਿਚਕਾਰ ਸਿਰਸਾ ਡੇਰੇ ਵੱਲ ਗਿਆ। ਇਸ ਵਾਰ ਰਾਮ ਰਹੀਮ ਸਿਰਸਾ ਡੇਰੇ ਵਿੱਚ ਹੀ ਰਹੇਗਾ।
ਹਨੀਪ੍ਰੀਤ ਦਾ ਸਾਥ ਅਤੇ ਸਖ਼ਤ ਸੁਰੱਖਿਆ ਪ੍ਰਬੰਧ
ਰਾਮ ਰਹੀਮ ਨੂੰ ਜੇਲ੍ਹ ਤੋਂ ਬਾਹਰ ਕੱਢਣ ਦੀ ਜ਼ਿੰਮੇਵਾਰੀ ਖੁਦ ਹਨੀਪ੍ਰੀਤ ਨੇ ਲਈ। ਉਹ ਸਵੇਰੇ-ਸਵੇਰੇ ਰੋਹਤਕ ਦੀ ਸੁਨਾਰੀਆ ਜੇਲ੍ਹ ਪਹੁੰਚੀ ਅਤੇ ਭਾਰੀ ਪੁਲਿਸ ਕਾਫ਼ਲੇ ਦੇ ਨਾਲ ਰਾਮ ਰਹੀਮ ਦੇ ਨਾਲ ਸਿਰਸਾ ਲਈ ਰਵਾਨਾ ਹੋ ਗਈ। ਇਸ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਰਸਤੇ ਵਿੱਚ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਪੁਲਿਸ ਨੇ ਪਹਿਲਾਂ ਹੀ ਤਿਆਰੀਆਂ ਕਰ ਲਈਆਂ ਸਨ। ਸਿਰਸਾ ਡੇਰੇ ਵਿੱਚ ਉਨ੍ਹਾਂ ਦੇ ਠਹਿਰਨ ਦੀ ਖ਼ਬਰ ਕਾਰਨ ਸਮਰਥਕਾਂ ਵਿੱਚ ਉਤਸ਼ਾਹ ਹੈ, ਹਾਲਾਂਕਿ ਰਾਮ ਰਹੀਮ ਨੇ ਪਹਿਲਾਂ ਹੀ ਪੈਰੋਕਾਰਾਂ ਨੂੰ ਡੇਰੇ ਵਿੱਚ ਭੀੜ ਨਾ ਕਰਨ ਦੀ ਅਪੀਲ ਕੀਤੀ ਸੀ।
ਇਸ ਸਾਲ ਹਰਿਆਣਾ ਸਰਕਾਰ ਦੀ ਦੂਜੀ ਵਾਰ ਹੋਈ ਮਹਿਰਬਾਨ
ਰਾਮ ਰਹੀਮ ਨੂੰ ਅੱਜ ਬੁੱਧਵਾਰ ਨੂੰ ਮੁੜ 21 ਦਿਨਾਂ ਦੀ ਪੈਰੋਲ ਮਿਲੀ ਹੈ। ਇਸ ਤੋਂ ਪਹਿਲਾਂ ਰਾਮ ਰਹੀਮ ਨੂੰ ਜਨਵਰੀ, 2025 ਨੂੰ 30 ਦਿਨਾਂ ਦੀ ਪੈਰੋਲ ਮਿਲੀ ਸੀ। ਜਿਸ ਤੋਂ ਬਾਅਦ ਉਹ ਸਿਰਸਾ ਡੇਰੇ ਵਿੱਚ ਰਿਹਾ। ਹਰਿਆਣਾ ਸਰਕਾਰ ਵੱਲੋਂ ਵਾਰ-ਵਾਰ ਦਿੱਤੀਆਂ ਜਾ ਰਹੀਆਂ ਪੈਰੋਲਾਂ ਬਾਰੇ ਵੀ ਕਈ ਸਵਾਲ ਉੱਠੇ ਹਨ। ਆਲੋਚਕਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਇਹ ਰਵੱਈਆ ਸ਼ੱਕ ਪੈਦਾ ਕਰਦਾ ਹੈ, ਖਾਸ ਕਰਕੇ ਜਦੋਂ ਚੋਣਾਂ ਨੇੜੇ ਹੁੰਦੀਆਂ ਹਨ।
ਇਸ ਤੋਂ ਪਹਿਲਾਂ 12 ਵਾਰ ਮਿਲ ਚੁੱਕੀ ਪੈਰੋਲ
ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਮਿਲਣ ਕਾਰਨ ਸੂਬਾ ਸਰਕਾਰ ‘ਤੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵੀ ਪਟੀਸ਼ਨ ਦਾਇਰ ਕੀਤੀ ਸੀ। ਜਿਸ ‘ਤੇ ਹਾਈਕੋਰਟ ਨੇ ਕਿਹਾ ਸੀ ਕਿ ਰਾਮ ਰਹੀਮ ਨੂੰ ਬਿਨਾਂ ਇਜਾਜ਼ਤ ਦੇ ਪੈਰੋਲ ਜਾਂ ਫਰਲੋ ਨਹੀਂ ਦਿੱਤੀ ਜਾਣੀ ਚਾਹੀਦੀ। ਬਾਅਦ ਵਿੱਚ ਹਾਈ ਕੋਰਟ ਨੇ ਵੀ ਪੈਰੋਲ ਜਾਂ ਫਰਲੋ ਦੀ ਜ਼ਿੰਮੇਵਾਰੀ ਸੂਬਾ ਸਰਕਾਰ ’ਤੇ ਛੱਡ ਦਿੱਤੀ ਸੀ। ਇਸ ਵਾਰ ਰਾਮ ਰਹੀਮ ਨੂੰ 13ਵੀਂ ਵਾਰ ਪੈਰੋਲ ਮਿਲੀ ਹੈ।
ਸਾਲ 2017 ਤੋਂ ਜੇਲ੍ਹ ਵਿੱਚ ਰਾਮ ਰਹੀਮ
ਗੁਰਮੀਤ ਰਾਮ ਰਹੀਮ ਨੂੰ 25 ਅਗਸਤ 2017 ਨੂੰ ਪੰਚਕੂਲਾ ਵਿੱਚ ਹੋਈ ਹਿੰਸਾ ਤੋਂ ਬਾਅਦ ਸੁਨਾਰੀਆ ਦੀ ਰੋਹਤਕ ਜੇਲ੍ਹ ਵਿੱਚ ਲਿਆਂਦਾ ਗਿਆ ਸੀ। ਬਾਅਦ ਵਿੱਚ ਸੀਬੀਆਈ ਅਦਾਲਤ ਦੇ ਵਿਸ਼ੇਸ਼ ਜੱਜ ਜਗਦੀਪ ਸਿੰਘ ਨੇ ਜੇਲ੍ਹ ਵਿੱਚ ਅਦਾਲਤ ਦੀ ਸਥਾਪਨਾ ਕੀਤੀ ਅਤੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਦੋ ਸਾਧਵੀਆਂ ਨੂੰ 10-10 ਸਾਲ (ਕੁੱਲ 20 ਸਾਲ) ਦੀ ਸਜ਼ਾ ਸੁਣਾਈ। ਗੁਰਮੀਤ ਰਾਮ ਰਹੀਮ ਨੂੰ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਅਤੇ ਸਾਬਕਾ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਬਾਅਦ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰਣਜੀਤ ਸਿੰਘ ਕਤਲ ਕੇਸ ਵਿੱਚ ਉਸ ਨੂੰ ਬਰੀ ਕਰ ਦਿੱਤਾ ਸੀ।