
ਸੰਗਰੂਰ, 7 ਅਪ੍ਰੈਲ – ਸੰਗਰੂਰ ’ਚ ਪੰਜਾਬ ਹੋਮ ਗਾਰਡ ਦੇ ਸੇਵਾ ਮੁਕਤ ਮੁਲਾਜ਼ਮ ਅੱਜ ਜ਼ੀਰਕਪੁਰ-ਬਠਿੰਡਾ ਕੌਮੀ ਹਾਈਵੇ ਉਪਰ ਆਵਾਜਾਈ ਠੱਪ ਕਰ ਕੇ ਵਿਸ਼ਾਲ ਰੋਸ ਧਰਨੇ ’ਤੇ ਡੱਟ ਗਏ ਹਨ। ਸਵੇਰੇ ਕਰੀਬ 10.30 ਵਜੇ ਤੋਂ ਕੌਮੀ ਹਾਈਵੇ -7 ਜਾਮ ਹੈ ਅਤੇ ਟਰੈਫਿਕ ਪ੍ਰਭਾਵਿਤ ਹੋ ਰਹੀ ਹੈ। ਧਰਨਾਕਾਰੀ ਪੈਨਸ਼ਨ, ਭੱਤੇ, ਮੈਡੀਕਲ ਸਹੂਲਤ ਅਤੇ ਹੋਰ ਕੋਈ ਵੀ ਲਾਭ ਨਾ ਮਿਲਣ ਤੋਂ ਖਫਾ ਹਨ। ਹੋਮ ਗਾਰਡ ਵੈਲਫੇਅਰ ਐਸੋਸੀਏਸ਼ਨ ਰਿਟਾਇਰਡ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਮਿੱਠੂ ਸਿੰਘ ਨੇ ਕਿਹਾ ਕਿ ਪੰਜਾਬ ਦੇ ਕਰੀਬ ਪੰਜ ਹਜ਼ਾਰ ਤੋਂ ਵੱਧ ਸੇਵਾ ਮੁਕਤ ਹੋਮ ਗਾਰਡ ਜਵਾਨਾਂ ਨੂੰ ਪੈਨਸ਼ਨ ਨਹੀਂ ਮਿਲ ਰਹੀ, ਜਦੋਂ ਕਿ ਕਰੀਬ ਦਸ ਹਜ਼ਾਰ ਜਵਾਨ ਡਿਊਟੀ ਨਿਭਾ ਰਹੇ ਹਨ।
ਉਨ੍ਹਾ ਕਿਹਾ ਕਿ ਮਈ 2022 ’ਚ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਸੀ ਪਰ ਪੈਨਸ਼ਨ ਤਾਂ ਕੀ ਮਿਲਣੀ ਸੀ, ਬਾਅਦ ’ਚ ਮੁੱਖ ਮੰਤਰੀ ਨੇ ਮੀਟਿੰਗ ਵੀ ਨਹੀਂ ਕੀਤੀ। ਉਹਨਾਂ ਕਿਹਾ ਕਿ ਸੇਵਾ ਮੁਕਤੀ ਤੋਂ ਬਾਅਦ ਉਨ੍ਹਾਂ ਨੂੰ ਇੱਕ ਰੁਪਈਆ ਵੀ ਨਹੀਂ ਮਿਲਦਾ ਜਦੋਂ ਕਿ ਅਤਿਵਾਦ ਸਮੇਂ 368 ਜਵਾਨ ਸ਼ਹੀਦ ਹੋ ਗਏ ਸਨ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਧਰਨਾ ਜਾਰੀ ਰਹੇਗਾ।