ਅਦਾਲਤ ਨੇ 32 ਸਾਲਾਂ ਬਾਅਦ ਟਾਈਗਰ ਮੇਮਨ ਦੀ ਜਾਇਦਾਦ ਕੇਂਦਰ ਨੂੰ ਸੌਂਪਣ ਦਾ ਦਿਤਾ ਹੁਕਮ

ਮੁੰਬਈ, 1 ਅਪ੍ਰੈਲ – ਮੁੰਬਈ ਦੀ ਇੱਕ ਵਿਸ਼ੇਸ਼ ਅਦਾਲਤ ਨੇ 1993 ਵਿੱਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਕਥਿਤ ਮੁੱਖ ਸਾਜ਼ਿਸ਼ਕਾਰਾਂ ’ਚੋਂ ਇਕ ਟਾਈਗਰ ਮੇਮਨ ਅਤੇ ਉਸਦੇ ਪਰਵਾਰ ਦੀਆਂ 14 ਜਾਇਦਾਦਾਂ ਕੇਂਦਰ ਸਰਕਾਰ ਨੂੰ ਸੌਂਪਣ ਦਾ ਹੁਕਮ ਦਿੱਤਾ ਹੈ। ਅਤਿਵਾਦੀ ਅਤੇ ਵਿਨਾਸ਼ਕਾਰੀ ਗਤੀਵਿਧੀਆਂ (ਰੋਕਥਾਮ) ਐਕਟ-1987 (ਟਾਡਾ) ਅਦਾਲਤ ਦੇ ਹੁਕਮ ਤੋਂ ਬਾਅਦ ਇਹ ਜਾਇਦਾਦਾਂ 1994 ਤੋਂ ਬੰਬੇ ਹਾਈ ਕੋਰਟ ਦੇ ‘ਰਿਸੀਵਰ’ ਦੇ ਕਬਜ਼ੇ ’ਚ ਸੀ। ਦਸਣਯੋਗ ਹੈ ਕਿ 12 ਮਾਰਚ, 1993 ਨੂੰ ਮੁੰਬਈ ਦੇ ਵੱਖ-ਵੱਖ ਹਿੱਸਿਆਂ ’ਚ ਹੋਏ 13 ਬੰਬ ਧਮਾਕਿਆਂ ’ਚ 257 ਲੋਕ ਮਾਰੇ ਗਏ ਸਨ ਅਤੇ 700 ਤੋਂ ਵੱਧ ਜ਼ਖ਼ਮੀ ਹੋਏ ਸਨ। ਬਾਅਦ ਵਿਚ, ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਇਸ ਮਾਮਲੇ ਦੀ ਜਾਂਚ ਆਪਣੇ ਹੱਥਾਂ ’ਚ ਲੈ ਲਈ ਸੀ।

ਪਿਛਲੇ ਹਫ਼ਤੇ 26 ਮਾਰਚ ਨੂੰ ਦਿਤੇ ਗਏ ਇੱਕ ਹੁਕਮ ’ਚ ਵਿਸ਼ੇਸ਼ ਟਾਡਾ ਅਦਾਲਤ ਦੇ ਜੱਜ ਵੀ.ਡੀ. ਕੇਦਾਰ ਨੇ ਕਿਹਾ, ‘‘ਅਚੱਲ ਜਾਇਦਾਦਾਂ ਦਾ ਕਬਜ਼ਾ ਕੇਂਦਰ ਸਰਕਾਰ ਨੂੰ ਸੌਂਪ ਦਿੱਤਾ ਜਾਣਾ ਚਾਹੀਦਾ ਹੈ।’’ ਹੁਕਮ ’ਚ ਕਿਹਾ ਗਿਆ ਹੈ ਕਿ ਕੇਂਦਰ ਨੂੰ ਸੌਂਪੀਆਂ ਜਾਣ ਵਾਲੀਆਂ ਜਾਇਦਾਦਾਂ ‘‘ਕਰਜ਼ ਤੋਂ ਮੁਕਤ’’ ਹਨ ਅਤੇ ਇਸ ਤਰ੍ਹਾਂ ‘‘ਕੇਂਦਰ ਸਰਕਾਰ ਸਮਰੱਥ ਅਥਾਰਟੀ ਰਾਹੀਂ 14 ਅਚੱਲ ਜਾਇਦਾਦਾਂ ਦਾ ਕਬਜ਼ਾ ਲੈਣ ਦੀ ਹੱਕਦਾਰ ਹੈ। ਤਸਕਰ ਅਤੇ ਵਿਦੇਸ਼ੀ ਮੁਦਰਾ ਹੇਰਾਫੇਰੀ (ਜਾਇਦਾਦ ਜ਼ਬਤ) ਐਕਟ ਤਹਿਤ ਸਮਰੱਥ ਅਧਿਕਾਰੀ ਨੇ ਜਾਇਦਾਦਾਂ ਨੂੰ ਜਾਰੀ ਕਰਨ ਦੀ ਮੰਗ ਕੀਤੀ ਸੀ।

ਪਟੀਸ਼ਨ ਵਿੱਚ ਕਿਹਾ ਗਿਆ ਕਿ ਉਪਰੋਕਤ ਐਕਟ ਦਾ ਕੰਮ ਵਿਦੇਸ਼ੀ ਮੁਦਰਾ ਧੋਖਾਧੜੀ ਕਰਨ ਵਾਲਿਆਂ ਅਤੇ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਦੀਆਂ ਗ਼ੈਰ-ਕਾਨੂੰਨੀ ਤੌਰ ’ਤੇ ਪ੍ਰਾਪਤ ਕੀਤੀਆਂ ਜਾਇਦਾਦਾਂ ਦਾ ਪਤਾ ਲਗਾਉਣਾ ਅਤੇ ਕੇਂਦਰ ਸਰਕਾਰ ਨੂੰ ਉਨ੍ਹਾਂ ਨੂੰ ਜ਼ਬਤ ਕਰਨ ਦਾ ਆਦੇਸ਼ ਦੇਣਾ ਹੈ। ਸੀਬੀਆਈ ਅਨੁਸਾਰ, 1993 ਦੇ ਧਮਾਕਿਆਂ ਦੀ ਸਾਜ਼ਿਸ਼ ਕਥਿਤ ਤੌਰ ’ਤੇ ਅੰਡਰਵਰਲਡ ਡੌਨ ਦਾਊਦ ਇਬਰਾਹਿਮ ਨੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਇਸ਼ਾਰੇ ’ਤੇ ਆਪਣੇ ਸਾਥੀਆਂ ਟਾਈਗਰ ਮੇਮਨ ਅਤੇ ਮੁਹੰਮਦ ਦੋਸਾ ਦੀ ਮਦਦ ਨਾਲ ਰਚੀ ਸੀ। ਦਾਊਦ ਇਬਰਾਹਿਮ ਤੇ ਟਾਈਗਰ ਮੇਮਨ ਅਜੇ ਵੀ ਲੋੜੀਂਦੇ ਦੋਸ਼ੀ ਹਨ। ਟਾਈਗਰ ਮੇਮਨ ਦੇ ਭਰਾ ਯਾਕੂਬ ਮੇਮਨ ਨੂੰ ਇਸ ਮਾਮਲੇ ’ਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ 2015 ਵਿਚ ਉਸਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ।

ਮੇਮਨ ਦੀਆਂ ਇਨ੍ਹਾਂ ਜਾਇਦਾਦਾਂ ’ਤੇ ਹੋਵੇਗਾ ਕੇਂਦਰ ਦਾ ਕਬਜ਼ਾ

ਮੇਮਨ ਦੀਆਂ 14 ਜਾਇਦਾਦਾਂ ’ਚ ਬਾਂਦਰਾ (ਪੱਛਮ) ਵਿੱਚ ਇੱਕ ਇਮਾਰਤ ’ਚ ਇੱਕ ਫਲੈਟ, ਮਾਹਿਮ ਵਿੱਚ ਇੱਕ ਦਫ਼ਤਰ ਕੰਪਲੈਕਸ, ਮਾਹਿਮ ’ਚ ਇੱਕ ਪਲਾਟ, ਸਾਂਤਾਕਰੂਜ਼ (ਪੂਰਬ) ’ਚ ਇੱਕ ਪਲਾਟ ਅਤੇ ਇੱਕ ਫ਼ਲੈਟ, ਕੁਰਲਾ ’ਚ ਇੱਕ ਇਮਾਰਤ ’ਚ ਦੋ ਫਲੈਟ, ਮੁਹੰਮਦ ਅਲੀ ਰੋਡ ’ਤੇ ਇੱਕ ਦਫ਼ਤਰ, ਡੋਂਗਰੀ ’ਚ ਇੱਕ ਦੁਕਾਨ ਅਤੇ ਪਲਾਟ, ਮਨੀਸ਼ ਮਾਰਕੀਟ ’ਚ ਤਿੰਨ ਦੁਕਾਨਾਂ ਅਤੇ ਮੁੰਬਈ ’ਚ ਸ਼ੇਖ ਮੇਮਨ ਸਟਰੀਟ ’ਤੇ ਸਥਿਤ ਇੱਕ ਇਮਾਰਤ ਸ਼ਾਮਲ ਹੈ।

ਸਾਂਝਾ ਕਰੋ

ਪੜ੍ਹੋ

ਸਰਬ ਨੌਜਵਾਨ ਸਭਾ ਨੇ ਵੋਕੇਸ਼ਨਲ ਸੈਂਟਰ ‘ਚ

*ਕਿੱਤਾ ਮੁਖੀ ਕੋਰਸਾਂ ਦੀ ਸਿਖਲਾਈ ਆਰਥਕ ਤੰਗੀ ਸਮੇਂ ਬਣਦੀ ਹੈ...