
*5 ਅਪ੍ਰੈਲ ਤੋਂ 8 ਅਪ੍ਰੈਲ ਤੱਕ ਜ਼ਿਲੇ ਵਿੱਚ ਨਸ਼ਿਆਂ ਵਿਰੁੱਧ ਕੀਤਾ ਜਾਵੇਗਾ ਮਾਰਚ
ਅੰਮ੍ਰਿਤਸਰ, 31 ਮਾਰਚ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਅੱਜ ਰੈਡ ਕਰਾਸ ਅੰਮ੍ਰਿਤਸਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਦੇ ਨਾਅਰੇ ਵਾਲੀ ਟੀ ਸ਼ਰਟ ਨੂੰ ਲਾਂਚ ਕੀਤਾ। ਉਹਨਾਂ ਨੇ ਇਸ ਮੌਕੇ ਦੱਸਿਆ ਕਿ ਰੈਡ ਕਰਾਸ ਅੰਮ੍ਰਿਤਸਰ ਵੱਲੋਂ ਨਸ਼ਿਆਂ ਵਿਰੁੱਧ ਲੋਕ ਜਾਗਰੂਕਤਾ ਲਈ ਪੰਜ ਅਪ੍ਰੈਲ ਤੋਂ ਅੱਠ ਅਪ੍ਰੈਲ ਤੱਕ ਮਾਰਚ ਜਿਲੇ ਦੇ ਵੱਖ ਵੱਖ ਇਲਾਕਿਆਂ ਵਿੱਚ ਕੱਢਿਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਮਾਰਚ ਵਿੱਚ ਰੋਜ਼ਾਨਾ 700 ਤੋਂ 800 ਦੇ ਕਰੀਬ ਬੱਚੇ, ਸਮਾਜ ਸੇਵੀ, ਅਧਿਕਾਰੀ, ਅਧਿਆਪਕ ਅਤੇ ਜ਼ਿਲੇ ਦੇ ਮੋਹਤਬਰ ਲੋਕ ਸ਼ਾਮਿਲ ਹੋਣਗੇ। ਇਹ ਟੀ ਸ਼ਰਟ ਮਾਰਚ ਦੌਰਾਨ ਬੱਚਿਆਂ ਅਤੇ ਹੋਰ ਲੋਕਾਂ ਨੂੰ ਪਾਉਣ ਲਈ ਦਿੱਤੀ ਜਾਵੇਗੀ।
ਉਹਨਾਂ ਦੱਸਿਆ ਕਿ ਪੰਜ ਅਤੇ ਛੇ ਅਪ੍ਰੈਲ ਨੂੰ ਇਹ ਮਾਰਚ ਅੰਮ੍ਰਿਤਸਰ ਫਤਿਹਗੜ੍ਹ ਚੂੜੀਆਂ ਰੋਡ ਉੱਤੇ ਹੋਵੇਗਾ ਅਤੇ ਸੱਤ ਅਪ੍ਰੈਲ ਨੂੰ ਮਾਰਚ ਯੂਨੀਵਰਸਿਟੀ ਤੋਂ ਚੱਲ ਕੇ ਕੰਪਨੀ ਬਾਗ ਵਿੱਚ ਸਮਾਪਤ ਹੋਵੇਗਾ, ਜਦ ਕਿ ਅੱਠ ਅਪ੍ਰੈਲ ਨੂੰ ਕਿਲਾ ਗੋਬਿੰਦਗੜ੍ਹ ਤੋਂ ਮਾਰਚ ਦੀ ਸ਼ੁਰੂਆਤ ਹੋਵੇਗੀ ਅਤੇ ਜਲਿਆਂਵਾਲਾ ਬਾਗ ਜਾ ਕੇ ਸਮਾਪਤੀ ਹੋਵੇਗੀ। ਉਹਨਾਂ ਦੱਸਿਆ ਕਿ ਇਸ ਮਾਰਚ ਵਿੱਚ ਰਾਜ ਭਰ ਤੋਂ ਨਾਮਵਰ ਸ਼ਖਸ਼ੀਅਤਾਂ ਨਸ਼ਿਆਂ ਵਿਰੁੱਧ ਜਾਗਰੂਕਤਾ ਦਾ ਹੋਕਾ ਦੇਣ ਲਈ ਪਹੁੰਚਣਗੀਆਂ। ਉਹਨਾਂ ਨੇ ਜ਼ਿਲਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਹਨਾਂ ਦਿਨਾਂ ਦੌਰਾਨ ਮਾਰਚ ਦਾ ਸਾਥ ਦੇ ਕੇ ਨਸ਼ਿਆਂ ਖਿਲਾਫ ਲੋਕ ਲਹਿਰ ਖੜੀ ਕਰਨ ਵਿੱਚ ਆਪਣਾ ਹਿੱਸਾ ਪਾਉਣ। ਇਸ ਮੌਕੇ ਉਹਨਾਂ ਨਾਲ ਸਹਾਇਕ ਕਮਿਸ਼ਨਰ ਗੁਰਸਿਮਰਨ ਕੌਰ ਅਤੇ ਰੈਡ ਕਰਾਸ ਤੇ ਸੈਕਟਰੀ ਸ੍ਰੀ ਸੈਮਸਨ ਮਸੀਹ ਵੀ ਹਾਜ਼ਰ ਸਨ।