
ਇਹਨਾਂ ਸਮਿਆਂ ਵਿੱਚ ਰੋਲੇ ਖਚੋਲੇ ਦੀ ਰਾਜਨੀਤੀ ਨੇ ਸ਼ਬਦਾਂ ਦੇ ਅਰਥ ਬਦਲ ਦਿੱਤੇ ਹਨ। ਕਿਸੇ ਨੂੰ ਕੁੱਝ ਵੀ ਸਮਝ ਨਹੀਂ ਆਉਂਦੀ ਕਿ ਉਹਨਾਂ ਦਾ ਆਪਣਾ ਤੇ ਪਰਾਇਆ ਕੌਣ ਹੈ। ਕੌਣ ਕਿਸ ਦੀ ਪਿੱਠ ਥਾਪੜ ਰਿਹਾ ਤੇ ਕੌਣ ਕਿਸ ਦੀ ਪਿੱਠ ਤੇ ਛੁਰਾ ਮਾਰਨ ਰਿਹਾ ਹੈ। ਪਿੱਠ ਪਿੱਛੇ ਛੁਰਾ ਮਾਰਨਾ, ਮੁਖ਼ਬਰ ਬਣ ਕੇ ਕਿਸੇ ਨੂੰ ਫੜਾਉਣਾ, ਇਹ ਪ੍ਰੰਪਰਾ ਸਦੀਆਂ ਪੁਰਾਣੀ ਹੈ। ਕਿਸੇ ਦੇ ਢਿੱਡ ਵਿੱਚ ਕੀ ਚੱਲਦਾ ਹੈ ਇਹ ਪੜ੍ਹਨਾ ਤੇ ਸਮਝਣਾ ਔਖਾ ਹੈ। ਕੌਣ ਤੁਹਾਨੂੰ ਠਿੱਬੀ ਲਾ ਜਾਵੇ ਕੋਈ ਪਤਾ ਨਹੀਂ। ਕੌਣ ਤੁਹਾਡਾ ਮੁੱਲ ਵੱਟ ਜਾਵੇ, ਪਤਾ ਬਾਅਦ ਵਿੱਚ ਲੱਗਦਾ ਹੈ। ਉਦੋਂ ਤੱਕ ਭਾਣਾ ਬੀਤ ਜਾਂਦਾ ਹੈ। ਗੁਰੂ ਕਾਲ, ਕਿੱਸਾ ਕਾਵਿ ਵਿੱਚ ਅਜਿਹੇ ਗਦਾਰਾਂ ਦਾ ਜ਼ਿਕਰ ਹੈ, ਜਿਹਨਾਂ ਚੰਦ ਸਿੱਕਿਆਂ ਦੇ ਲਾਲਚ ਵਿੱਚ ਗਦਾਰੀਆਂ ਕੀਤੀਆਂ ਤੇ ਉਹਨਾਂ ਦੇ ਵਾਰਿਸ ਹੁਣ ਵੀ ਕਰ ਰਹੇ ਹਨ। ਉਹਨਾਂ ਨੇ ਮਖੌਟੇ ਲੋਕ ਹਮਦਰਦੀ ਦਾ ਪਾਇਆ ਹੋਇਆ ਹੈ। ਪੰਜਾਬ ਦੇ ਲੋਕਾਂ ਨੂੰ ਸਿਆਸੀ ਪਾਰਟੀਆਂ ਦੇ ਆਗੂ ਤਾਂ ਸਦਾ ਵੇਚਦੇ ਤੇ ਖ਼ਰੀਦ ਦੇ ਹਨ ਪਰ ਲੋਕ ਹਿਤੈਸ਼ੀ ਕਹਾਉਣ ਵਾਲੇ ਜਦੋਂ ਸੰਘਰਸ਼ ਦਾ ਮੁੱਲ ਵੱਟ ਦੇ ਹਨ ਤਾਂ ਦੁੱਖ ਹੁੰਦਾ ਹੈ। ਕਿਸਾਨ ਮੋਰਚਾ ਕੌਣ ਵੇਚ ਗਿਆ ਤੇ ਕੌਣ ਵੇਚਣ ਲਈ ਪਖੰਡ ਕਰਦਾ ਹੈ। ਉਹਨਾਂ ਦਾ ਢਿੱਡ ਨਹੀਂ ਭਰਿਆ।
ਇਵੇਂ ਪੰਥਕ ਹਲਕਿਆਂ ਦਾ ਹਾਲ ਬਣਿਆ ਹੋਇਆ ਹੈ। ਸਭ ਮਖੌਟੇ ਧਾਰੀ ਹਨ, ਵਪਾਰੀ ਹਨ। ਉਹਨਾਂ ਦੇ ਲਈ ਧਰਮ, ਰਾਜਨੀਤੀ, ਮਜ਼ਦੂਰ, ਕਿਸਾਨ, ਮੁਲਾਜ਼ਮ, ਪੰਥ ਤੇ ਸੰਗਤ ਸਭ ਜਿਣਸਾਂ ਹਨ। ਜਿਹਨਾਂ ਨੂੰ ਉਹ ਪਾਲ ਪਲੋਸ ਕੇ ਮੰਡੀ ਵਿੱਚ ਵੇਚਦੇ ਹਨ। ਅਸੀਂ ਵਿਕਣ ਲਈ ਸਦਾ ਤਿਆਰ ਰਹਿੰਦੇ ਹਾਂ। ਉਹ ਸਾਨੂੰ ਸਿਰ ਦੇਣ ਲਈ ਕਹਿੰਦੇ ਹਨ, ਪਰ ਉਹਨਾਂ ਕਦੇ ਇਸ ਸਿਰ ਨੂੰ ਵਰਤਣ ਲਈ ਨਹੀਂ ਆਖਿਆ। ਅਸੀਂ ਸਿਰਾਂ ਦੀ ਵਰਤੋਂ ਸ਼ਹੀਦ ਹੋਣ ਲਈ ਕਰਦੇ ਹਾਂ। ਹਰ ਵੇਲੇ ਮਰਨ ਲਈ ਤਿਆਰ ਰਹਿੰਦੇ ਹਾਂ ਪਰ ਜਿਉਣਾ ਕਿਵੇਂ ਐਂ ਇਹਦੇ ਬਾਰੇ ਨਹੀਂ ਸੋਚ ਦੇ। ਜਿਹੜੇ ਸੋਚ ਕੇ ਤੁਰਦੇ ਹਨ, ਉਹ ਜ਼ਿੰਦਗੀ ਦਾ ਮੁੱਲ ਨਹੀਂ ਵੱਟਦੇ, ਉਸਨੂੰ ਜੁਰਅਤ ਨਾਲ ਜਿਉਂਦੇ ਹਨ। ਜਿਉਂਣ ਲਈ ਜਿਉਂਦੇ ਰਹਿਣਾ ਜ਼ਰੂਰੀ ਹੈ। ਮਰ ਕੇ ਜਿਉਂਇਆ ਨਹੀਂ ਜਾ ਸਕਦਾ। ਸਾਡੇ ਸਮਿਆਂ ਦੀ ਇਹ ਕੇਹੀ ਤਰਾਸਦੀ ਹੈ ਕਿ ਅੱਜ ਦਾ ਬੱਚਾ ਆਪਣੇ ਬਾਪ ਨੂੰ ਆਖਦਾ ਕਿ ਮੈਂ ‘ਤੇਰਾ ਪੁੱਤ ਨਹੀਂ ‘ ਤੇ ਮੇਰਾ ਬਾਪ ਤਾਂ ‘ਰੁਪਈਆ ‘ ਹੈ। ਉਹ ਇਹਨਾਂ ਰੁਪਈਆ ਲਈ ਕੁੱਝ ਵੀ ਕਰ ਸਕਦਾ ਹਾਂ, ਬਹੁਗਿਣਤੀ ਕਰ ਵੀ ਰਹੇ ਹਨ ।
ਇਹ ਗੱਲ ਕਿਸੇ ਹੱਦ ਤੱਕ ਸੱਚ ਵੀ ਹੈ ਕਿ, ਨਾ ਬਾਪ ਨਾ ਭਈਆ, ਸਭ ਤੇ ਬੜਾ ਰੁਪਈਆ। ਹੁਣ ਸਿਆਣੇ ਹੋਣ ਦੇ ਲਈ ਗਿਆਨ ਤੇ ਤਜਰਬੇ ਦੀ ਜਰੂਰਤ ਨਹੀਂ। ਸਿਆਣੇ ਬਨਣ ਦੇ ਲਈ ਰੁਪਈਆ ਬਹੁਤ ਜਰੂਰੀ ਹੈ। ਰੁਪਈਆ ਬਣਾਉਣ ਤੇ ਕਮਾਉਣ ਦੇ ਲਈ ਜ਼ਮੀਰ ਦਾ ਹੋਣਾ ਜਰੂਰੀ ਨਹੀਂ ਹੁੰਦਾ। ਜਿਸਦੇ ਕੋਲ ਜ਼ਮੀਰ ਹੁੰਦੀ ਐ, ਉਸ ਨੂੰ ਅਜੋਕੀ ਦੁਨੀਆਂ ਦੇ ਵਿੱਚ ਸਭ ਤੋਂ ਮੂਰਖ ਤੇ ਗਿਆਨਹੀਨ ਮੰਨਿਆ ਜਾਂਦਾ ਹੈ । ਇਹ ਸੱਚ ਕਿਸੇ ਨੂੰ ਮਨਾਉਣ ਜਾਂ ਨਾ ਮਨਾਉਣ ਦੇ ਨਾਲ ਕੋਈ ਫਰਕ ਨਹੀਂ ਪੈਦਾ। ਫਰਕ ਤਾਂ ਉਸ ਵੇਲੇ ਪੈਦਾ ਹੈ ਜਦੋਂ ਗਿਆਨਵਾਨ ਮਨੁੱਖ ਦੀ ਰੀੜ੍ਹ ਦੀ ਹੱਡੀ ਸੱਪ ਵਾਂਗੂੰ ਲਚਕਦਾਰ ਜਾਂ ਲੋਹਾ ਬਣਦੀ ਹੈ ।
ਬਗ਼ੈਰ ਰੀੜ੍ਹ ਵਾਲਾ ਜੀਵ ਹਰ ਭੀੜ ਵਿੱਚ ਦੀ ਗੁਜਰ ਜਾਂਦਾ ਹੈ ਪਰ ਲੋਹੇ ਦੀ ਰੀੜ੍ਹ ਵਾਲਾ ਤਾਂ ਬਗੈਰ ਭੀੜ ਦੇ ਮੂਹਰੇ ਪਹਾੜ ਬਣ ਜਾਂਦਾ ਹੈ। ਲਚਕਦਾਰ ਟਾਹਣੀਆਂ ਤੇ ਤਣਿਆ ਵਾਲੇ ਰੁੱਖ ਲੰਮਾ ਸਮਾਂ ਜਿਉਦੇ ਤਾਂ ਰਹਿ ਸਕਦੇ ਹਨ ਪਰ ਉਹ ਕਿਸੇ ਦੇ ਲਈ ਫਲ ਤੇ ਫੁੱਲ ਨਹੀਂ ਦੇ ਸਕਦਾ। ਸਗੋਂ ਅੰਤਮ ਵੇਲੇ ਉਹ ਬਾਲਣ ਦੇ ਕੰਮ ਕੰਮ ਆਉਦਾ ਐ । ਉਹ ਕਿਸੇ ਨੂੰ ਜਾਲ ਕੇ ਰਾਖ ਬਣਾ ਸਕਦਾ ਹੈ ਪਰ ਸਖਤ ਤੇ ਮਜ਼ਬੂਤ ਤਣੇ ਤੇ ਟਾਹਣੇ ਵਾਲੇ ਰੁੱਖ ਵਗਦੀ ਹਵਾ ਦਾ ਰੁਖ ਬਦਲ ਸਕਦੇ ਹਨ ।ਕਿਸੇ ਲਈ ਛਾਂ ਬਣ ਸਕਦੇ ਤੇ ਰਾਹ ਦਸੇਰਾ ਬਣ ਸਕਦੇ ਹਨ । ਉਹ ਰੁੱਖ ਤੇ ਮਨੁੱਖ ਸਦੀਆਂ ਤੇ ਯੁੱਗਾਂ ਤੱਕ ਜਿਉਦੇ ਹਨ ਤੇ ਮਾਰਗ ਦਰਸ਼ਨ ਬਣਦੇ ਹਨ ।
ਰੁਪਈਏ ਦੇ ਨਾਲ ਤੁਸੀਂ ਡਿਗਰੀਆਂ ਖਰੀਦ ਸਕਦੇ ਹੋ ਪਰ ਗਿਆਨ ਨਹੀਂ। ਰੁਪਈਆ ਨਾਲ ਕੋਠੀ ਖਰੀਦ ਸਕਦੇ ਹੋ ਪਰ ਘਰ ਨਹੀਂ। ਘਰ ਬਣਾਉਣ ਦੇ ਲਈ ਰਿਸ਼ਤਿਆਂ ਦੀ ਵਿਆਕਰਨ ਦੀਆਂ ਧੁਨੀਆਂ ਦਾ ਹੋਣਾ ਤੇ ਉਨ੍ਹਾਂ ਨੂੰ ਸੁਰਬੱਧ ਕਰਨ ਦਾ ਗਿਆਨ ਹੀ ਕੋਠੀ ਨੂੰ ਘਰ ਬਣਾ ਸਕਦਾ ਹੈ। ਰਿਸ਼ਤਿਆਂ ਦੀ ਵਰਨਮਾਲਾ ਦੇ ਵਿੱਚ ਬਚਪਨ, ਜਵਾਨੀ ਤੇ ਬੁਢਾਪੇ ਇਕੋ ਫੇਰੇ ਜਾਂਦੀ ਉਹ ਮਾਲਾ ਹੁੰਦੀ ਹੈ ਜਿਸ ਦੇ ਵਿੱਚ ਲੋਰੀਆਂ, ਸੁਹਾਗ ਤੇ ਆਲੁਹਣੀਆ ਸ਼ਾਮਲ ਹੁੰਦੀਆਂ ਹਨ। ਜਿਹਨਾਂ ਇਮਾਰਤਾਂ ਦੇ ਵਿੱਚ ਇਹ ਤਿੰਨ ਹੀ ਰਿਸ਼ਤਿਆਂ ਦੀ ਮਾਲਾ ਨਹੀਂ ਹੁੰਦੀ ਉਹ ਘਰ ਨਹੀਂ ਹੁੰਦੇ ਭੂਤਵਾੜੇ ਹੁੰਦੇ ਹਨ । ਜਿਥੇ ਭੂਤ ਤਾਂ ਨੱਚਦੇ ਹਨ ਪਰ ਕਿਸੇ ਬੱਚੇ ਦੀ ਕਿਲਕਾਰੀ, ਕਿਸੇ ਕੁੜੀ ਦੀ ਫੁਲਕਾਰੀ ਤੇ ਬਾਪ ਦੀ ਟਿਚਕਾਰੀ ਨਹੀਂ ਹੁੰਦੀ ਕੋਈ ਕੋਠੀ ਹੋ ਸਕਦੀ ਐ।ਸਾਡੇ ਸਮਿਆਂ ਦੇ ਵਿੱਚ ਹੁਣ ਘਰ ਨਹੀਂ ਵੱਡੇ ਮਕਾਨ ਬਣਦੇ ਹਨ । ਇਹਨਾਂ ਮਕਾਨਾਂ ਵਿੱਚ ਗੁਆਂਢੀਆਂ ਤੇ ਰਿਸ਼ਤੇਦਾਰਾਂ ਨੂੰ ਦੁਖੀ ਕਰਨ ਲਈ ਸ਼ੋਅਰੂਮਾਂ ਵਾਂਗੂੰ ਵਸਤੂਆਂ ਨੂੰ ਸਜਾਇਆ ਜਾਂਦਾ ਹੈ।
ਵਸਤੂਆਂ ਅਸੀਂ ਆਪਣੇ ਲਈ ਨਹੀਂ ਸਗੋਂ ਦੂਜਿਆਂ ਨੂੰ ਦਿਖਾਉਣ ਲਈ ਤੇ ਚੰਗਾ ਦਿਖਣ ਦੇ ਲਈ ਲਿਆਉਦੇ ਆ। ਸਾਡੇ ਅੰਦਰ ਸਦੀਆਂ ਤੇ ਯੁੱਗਾਂ ਤੋਂ ਇਹ ਡਰ ਬਣਿਆ ਹੋਇਆ ਹੈ ਕਿ “ਲੋਕ ਕੀ ਕਹਿਣਗੇ ?” ਜਦਕਿ ਲੋਕਾਂ ਦੇ ਕੋਲ ਕਹਿਣ ਦੇ ਕੁੱਝ ਨਹੀਂ ਹੁੰਦਾ ਸਗੋਂ ਇਹ ਮਨ ਦਾ ਵਹਿਮ ਹੁੰਦਾ ਹੈ। ਇਸੇ ਕਰਕੇ ਅਸੀਂ ਜਿਉਦੇ ਨਹੀਂ ਸਗੋਂ ਸੱਪ ਵਾਂਗੂੰ ਰੀਂਘਦੇ ਹਾਂ ਤੇ ਚੀਕਦੇ ਹਾਂ ਬਗੈਰ ਗਰੀਸ ਲੱਗੇ ਗੱਡੇ ਦੇ ਪਹੀਏ ਵਾਂਗੂੰ । ਅਸੀਂ ਬਹੁਗਿਣਤੀ ਲੋਕ ਬਗੈਰ ਗਰੀਸ ਦੇ ਉਹ ਗੱਡੇ ਹੀ ਹਾਂ ਜੋ ਹਰ ਵੇਲੇ ਚੀਕਦੇ ਹਾਂ। ਸਾਡੇ ਸਮਿਆਂ ਦੇ ਵਿੱਚ ਸ਼ਬਦਾਂ ਦੇ ਅਰਥ ਤੇ ਅਰਥਾਂ ਦੇ ਸ਼ਬਦ ਬਦਲਦੇ ਜਾ ਰਹੇ ਹਨ । ਜ਼ਿੰਦਗੀ ਦੀ ਵਰਮਾਲਾ ਦੀ ਵਿਆਕਰਨ ਬਦਲ ਗਈ ਜਾਂ ਬਦਲ ਦਿੱਤੀ ਐ ? ਅਸੀਂ ਇਸ ਸਵਾਲ ਦੇ ਜਵਾਬ ਦੀ ਤਲਾਸ਼ ਲਈ ਕਿਸੇ ਛਾਂਦਾਰ ਰੁੱਖ ( ਬਜ਼ੁਰਗ) ਕੋਲ ਬੈਠ ਕੇ ਨਹੀਂ ਸਗੋਂ ਧੁੱਪ ਵਿੱਚ ਬਹਿ ਕੇ ਮੁੜਕੋ ਮੁੜਕੀ ਹੁੰਦੇ ਹਾਂ ਤੇ ਉਦਾਸ ਨਹੀਂ, ਸਗੋਂ ਨਿਰਾਸ਼ ਹੁੰਦੇ ਹਾਂ। ਵਕਤ ਦੀ ਧੁੱਪ ਤੁਹਾਨੂੰ ਕੁੱਝ ਪਲ ਦੇ ਲਈ ਸਕੂਨ ਦੇ ਸਕਦੀ ਹੈ ਪਰ ਛਾਂਦਾਰ ਰੁੱਖ ਵਰਗੀ ਸਾਦਗੀ ਤੇ ਸਬਰ ਨਹੀਂ ਦੇ ਸਕਦੀ। ਜਿਵੇਂ ਨਸ਼ਾ ਬੋਤਲ ਵਿੱਚ ਨਹੀਂ,ਮਨ ਵਿੱਚ ਹੁੰਦਾ ਹੈ । ਜੇ ਮਨ ਵਿੱਚ ਨਾ ਹੋਵੇ ਤਾਂ ਤਨ ਦਿਸ਼ਾਹੀਣ ਹੋ ਜਾਂਦਾ ਹੈ।
ਨਸ਼ਾ ਸਰੀਰ ਨੂੰ ਨਹੀਂ ਮਨ ਨੂੰ ਚੜ੍ਹਦਾ ਹੈ। ਦਿਨ ਤੇ ਰਾਤ ਦਾ ਸਫ਼ਰ ਇੱਕ ਦੂਜੇ ਦੇ ਮਿਲਾਪ ਲਈ ਦੌੜ ਦਾ ਹੈ। ਜਦ ਦਿਨ ਹੁੰਦਾ ਤੇ ਮਨ ਅੰਦਰ ਰਾਤ ਦੀ ਉਡੀਕ ਹੁੰਦੀ ਹੈ, ਜਦ ਰਾਤ ਹੁੰਦੀ ਤੇ ਤਨ ਅੰਦਰ ਦਿਨ ਹੁੰਦਾ ਹੈ। ਇਹਨਾਂ ਦੋਹਾਂ ਦੀ ਦੂਰੀ ਅਕਸਰ ਉਮਰ ਦਾ ਪੰਧ ਬਣ ਜਾਂਦੀ ਹੈ । ਉਮਰ ਦਾ ਪੰਧ ਪਲਾਂ ਦਾ ਨਹੀਂ ਹੁੰਦਾ ਯੁੱਗਾਂ ਦਾ ਹੁੰਦਾ ਹੈ । ਅਸੀਂ ਉਮਰ ਦੇ ਪੰਧ ਨੂੰ ਜੀਵਨ ਨਾਲ ਨਹੀਂ ਸਗੋਂ ਕੀਤੇ ਕੰਮਾਂ ਨਾਲ ਉਸਦਾ ਵਰ ਮੇਚਦੇ ਹਾਂ। ਕਿਸੇ ਵਰ ਮੇਚਣ ਲਈ ਗਜ਼ ਜਾਂ ਪੈਮਾਨਿਆਂ ਦੀ ਲੋੜ ਨਹੀਂ ਹੁੰਦੀ। ਉਹ ਅੱਖਾਂ ਨਾਲ ਮਿਣਿਆ ਜਾ ਸਕਦਾ ਐ ਜੇ ਨਜ਼ਰੀਆ ਸਹੀ ਹੋਵੇ। ਅਕਸਰ ਅਸੀਂ ਨਜ਼ਰੀਆ ਨਹੀਂ ਨਜ਼ਰ ਬਦਲ ਦੇ ਹਾਂ। ਸਾਡੇ ਸਮਿਆਂ ਦੇ ਸ਼ਹੀਦਾਂ ਤੇ ਗਦਾਰਾਂ ਨੂੰ ਜਦ ਇੱਕੋ ਤੱਕੜੀ ਵਿੱਚ ਤੋਲਿਆ ਜਾਂਦਾ ਹੈ ਤਾਂ ਦੁੱਖ ਲਗਦਾ ਐ ਜਦਕਿ ਸ਼ਹੀਦਾਂ ਦੇ ਬਰਾਬਰ ਗਦਾਰ ਸਦਾ ਹੌਲੇ ਹੁੰਦੇ ਹਨ। ਗਦਾਰਾਂ ਦੇ ਹਵਾ ਵਿੱਚ ਲਟਕਦੇ ਸਰੀਰ ਸਦਾ ਹੀ ਜ਼ਿੰਦਗੀ ਦੇ ਮੱਥੇ ਵਿੱਚ ਜ਼ਖ਼ਮ ਕਰਦੇ ਹਨ । ਇਹਨਾਂ ਦੇ ਵਿੱਚ ਲੱਗੇ ਕਿੱਲ ਸਦਾ ਹੀ ਤੁਰੀ ਜਾਂਦੀ ਜ਼ਿੰਦਗੀ ਨੂੰ ਦਰਦ ਦੇਂਦੇ ਹਨ । ਗਦਾਰ ਤਾਂ ਸਦਾ ਲਈ ਮਰ ਜਾਂਦੇ ਹਨ । ਸ਼ਹੀਦ ਲੋਕ ਮਨਾ ਵਿੱਚ ਵਸਦੇ ਹਨ ਤੇ ਸਦਾ ਲਈ ਅਮਰ ਹੁੰਦੇ ਹਨ ।
ਮਰ ਗਿਆ ਨੂੰ ਲੋਕ ਰੋਂਦੇ ਹਨ । ਉਨ੍ਹਾਂ ਦੀਆਂ ਤਲਵਾਰਾਂ ਤੇ ਵਿਚਾਰਾਂ ਨੂੰ ਅੱਗ ਵਿੱਚ ਸਾੜ ਕੇ ਰਾਖ ਬਣਾਉਂਦੇ ਹਨ । ਸ਼ਹੀਦਾਂ ਨੂੰ ਲੋਕ ਸਦਾ ਮਨ ਵਿੱਚ ਵਸਾਈ ਰੱਖਦੇ ਹਨ । ਮਰ ਚੁੱਕਿਆਂ ਨਾਲ ਸਰਤੰਜ਼ ਖੇਡਣ ਵਾਲੇ ਬਹੁਗਿਣਤੀ ਤਨ ਅਰਥਹੀਣ ਲੜਦੇ ਹਨ । ਜੰਗ ਤਲਵਾਰਾਂ ਤੇ ਹਥਿਆਰਾਂ ਨਾਲ ਨਹੀਂ , ਵਿਚਾਰਾਂ ਨਾਲ ਸੂਝ ਤੇ ਸਮਝ ਨਾਲ ਲੜੀ ਜਾਂਦੀ ਹੈ। ਵਿਚਾਰਾਂ ਨੂੰ ਤਲਵਾਰਾਂ ਦੀ ਲੋੜ ਨਹੀਂ ਹੁੰਦੀ। ਹਥਿਆਰ ਇੱਕ ਬਾਰ ਸੂਝ ਤੇ ਸਿਆਣਪ ਨਾਲ ਵਰਤੇ ਜਾਂਦੇ ਹਨ ਤੇ ਸਾਰੀ ਉਮਰ ਸੰਭਾਲ ਕੇ ਰੱਖੇ ਜਾਂਦੇ ਹਨ । ਜੰਗ ਦੋ ਸਿਆਸੀ ਪਾਰਟੀਆਂ ਦੇ ਆਗੂਆਂ ਵਿੱਚ ਹੁੰਦੀ ਹੈ ਪਰ ਲੜਦੇ ਤੇ ਮਰਦੇ ਬਗੈਰ ਸਿਰਾਂ ਵਾਲੇ ਹੁੰਦੇ ਹਨ। ਬਗੈਰ ਸਿਰਾਂ ਵਾਲੇ ਸਾਡੇ ਸ਼ਹੀਦ ਬਣਾ ਦਿੱਤੇ ਹਨ ਤੇ ਅਸੀਂ ਮੰਨ ਲਏ ਹਨ। ਉਹਨਾਂ ਦੀ ਪੂਜਾ ਸ਼ੁਰੂ ਕਰ ਦਿੱਤੀ।
ਉਹਨਾਂ ਦੀ ਯਾਦ ਵਿਚ ਵਪਾਰ ਸ਼ੁਰੂ ਕਰ ਲਿਆ। ਵਾਹ ਪੰਜਾਬੀਓ ਵਾਹ। ਸਾਡੇ ਸਮਿਆਂ ਵਿੱਚ ਦੁਸ਼ਮਣ ਨੇ ਗਦਾਰ ਤੇ ਸ਼ਹੀਦ ਦੇ ਅਰਥ ਬਦਲ ਦਿੱਤੇ ਹਨ, ਅਸੀਂ ਕੌਮ ਦੇ ਗਦਾਰ ਆਪਣੇ ਨਾਇਕ ਬਣਾ ਲਏ ਤੇ ਸ਼ਹੀਦਾਂ ਦੀਆਂ ਯਾਦਾਂ ਤੇ ਯਾਦਗਾਰਾਂ ਕਾਰ ਸੇਵਾ ਵਾਲਿਆਂ ਰਾਹੀਂ ਤਬਾਹ ਕਰਵਾ ਲਈਆਂ। ਕਾਰ ਸੇਵਾ ਦੇ ਨਾਮ ਉਤੇ ਪਲਣ ਵਾਲੀ ਚਿੱਟੀ ਸਿਉਂਕ ਸਾਡੇ ਘਰ-ਘਰ ਵੜ ਗਈ। ਸਾਨੂੰ ਹੁਣ ਲਕੀਰ ਮਾਰ ਕੇ ਜੁੜਨਗੇ ਤੁਰਨ ਦੀ ਲੋੜ ਐ, ਦੁਸ਼ਮਣ ਹਰ ਹਰਬਾ ਵਰਤ ਰਿਹਾ ਐ ਤੇ ਅਸੀਂ ਵੱਖਰੇ ਵੱਖਰੇ ਲੜ ਤੇ ਮਰ ਰਹੇ ਤੇ ਮਾਰੇ ਜਾ ਰਹੇ ਹਾਂ । ਇਹ ਸਿਲਸਿਲੇਵਾਰ ਵਰਤਾਰਾ ਚਲ ਰਿਹਾ ਹੈ, ਉਸ ਵੇਲੇ ਤੱਕ ਜਾਰੀ ਰਹੇਗਾ ਜਦ ਤੱਕ ਅਸੀਂ ਅੰਦਰਲੀ ਅੰਤਰ ਆਤਮਾ ਨਹੀਂ ਜਗਾਉਂਦੇ ਤੇ ਜਤਾਉਂਦੇ। ਕਦੋਂ ਤੱਕ ਹਨੇਰ ਵਿੱਚ ਮਰਦੇ ਰਹਾਂਗੇ ? ਗਿਆਨ ਵਿਗਿਆਨ ਹਾਸਲ ਕਰੇ ਬਿਨਾਂ ਬਿਨ ਮੌਤੇ ਮਰਿਆ ਜਾ ਸਕਦਾ ਹੈ ਪਰ ਜ਼ਿੰਦਗੀ ਦੇ ਜੰਗ ਦੇ ਮੈਦਾਨ ਵਿੱਚ ਜਿਉਂਦੇ ਵਸਦੇ ਰਹਿਣਾ ਮੁਸ਼ਕਲ ਹੈ। ਕਿਉਂਕਿ ਗਿਆਨ ਬਿਨੁ ਸ਼ਹੀਦ ਤੇ ਗ਼ਦਾਰ ਦੀ ਪਰਖ ਨਹੀਂ ਕੀਤੀ ਜਾ ਸਕਦੀ। ਗਿਆਨ ਤੇ ਸਿੱਖਿਆ ਜ਼ਰੂਰੀ ਹੈ। ਇਸੇ ਕਰਕੇ ਕਿਹਾ ਹੈ – ਗਿਆਨ ਵਿਹੂਣਾ ਗਾਵੈ ਗੀਤ, ਭੁਖੇ ਮੁਲਾਂ ਘਰੇ ਮਸੀਤਿ!!
ਬੁੱਧ ਸਿੰਘ ਨੀਲੋਂ
9464370823