
ਚੰਡੀਗੜ੍ਹ, 26 ਮਾਰਚ – ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਦਾ ਬਜਟ ਪੇਸ਼ ਕੀਤਾ, ਇਸ ਦੌਰਾਨ ਉਨ੍ਹਾਂ ਨੇ ਸਿਹਤ ਯੋਜਨਾ ਨੂੰ ਲੈ ਵੱਡਾ ਐਲਾਨ ਕੀਤਾ ਹੈ। ਮੰਤਰੀ ਚੀਮਾ ਨੇ ਕਿਹਾ ਕਿ ਸਿਹਤ ਬੀਮਾ ਯੋਜਨਾ ਤਹਿਤ 65 ਲੱਖ ਪਰਿਵਾਰਾਂ ਨੂੰ ਕਵਰ ਕੀਤਾ ਜਾਵੇਗਾ। ਉਨ੍ਹਾਂ ਨੂੰ 10 ਲੱਖ ਰੁਪਏ ਤੱਕ ਦਾ ਬੀਮਾ ਕਵਰ ਦਿੱਤਾ ਜਾਵੇਗਾ। ਪੰਜਾਬ ਵਿੱਚ ਅਗਲੇ ਸਾਲ ਪਹਿਲੀ ਡਰੱਗ ਜਨਗਣਨਾ ਹੋਵੇਗੀ।
ਸਿਹਤ ਵਿਭਾਗ ਲਈ 268 ਕਰੋੜ ਰੁਪਏ ਦਾ ਬਜਟ
ਮੰਤਰੀ ਚੀਮਾ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਸਿਹਤ ਤੇ ਭਲਾਈ ਵਿਭਾਗ ਨੇ 3 ਸਾਲਾਂ ਵਿੱਚ 881 ਆਮ ਆਦਮੀ ਕਲੀਨਿਕ ਸਥਾਪਿਤ ਕੀਤੇ ਹਨ। ਹੁਣ ਤੱਕ 3 ਕਰੋੜ ਤੋਂ ਵੱਧ ਲੋਕ ਇਸ ਦਾ ਲਾਭ ਲੈ ਚੁੱਕੇ ਹਨ। ਅਕਾਲੀ ਦਲ ਅਤੇ ਕਾਂਗਰਸ ਨੇ ਮਿਲ ਕੇ ਬਿਮਾਰ ਪੰਜਾਬ ਪੈਦਾ ਕੀਤਾ ਹੈ। ਸਿਹਤ ਵਿਭਾਗ ਲਈ 268 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਹੁਣ ਤੱਕ 45 ਲੱਖ ਸਿਹਤ ਬੀਮਾ ਸਹੂਲਤਾਂ ਵਿੱਚ ਸ਼ਾਮਲ ਸਨ।
ਸਾਰੇ ਪਰਿਵਾਰਾਂ ਨੂੰ ਮਿਲਣਗੇ ਸਿਹਤ ਕਾਰਡ
ਪੰਜਾਬ ਦੇ ਸਿਹਤ ਖੇਤਰ ਲਈ ਦੋ ਫੈਸਲੇ ਲਏ ਜਾ ਰਹੇ ਹਨ। ਆਉਣ ਵਾਲੇ ਸਾਲ ਵਿੱਚ ਪਹਿਲੀ ਵਾਰ 65 ਲੱਖ ਪਰਿਵਾਰਾਂ ਨੂੰ ਸਿਹਤ ਬੀਮਾ ਯੋਜਨਾ ਤਹਿਤ ਕਵਰ ਕੀਤਾ ਜਾਵੇਗਾ, ਜਿਸ ਕਿਸੇ ਨਾਲ ਵੀ ਵਿਤਕਰਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੋਈ ਪੇਂਡੂ ਹੋਵੇ, ਸ਼ਹਿਰੀ ਹੋਵੇ, ਗਰੀਬ ਜਾਂ ਅਮੀਰ ਹੋਵੇ, ਹਰ ਇੱਕ ਨੂੰ ਕਵਰ ਕੀਤਾ ਜਾਵੇਗਾ। ਦੂਜਾ ਫੈਸਲਾ ਇਹ ਹੈ ਕਿ ਬੀਮਾ ਕਵਰ 5 ਲੱਖ ਰੁਪਏ ਤੋਂ 10 ਲੱਖ ਰੁਪਏ ਦੇ ਵਿਚਕਾਰ ਹੋਵੇਗਾ। ਸਾਰੇ ਪਰਿਵਾਰਾਂ ਨੂੰ ਸਿਹਤ ਕਾਰਡ ਮਿਲਣਗੇ। 778 ਕਰੋੜ ਰੁਪਏ ਰੱਖੇ ਗਏ ਹਨ। ਫਰਿਸ਼ਤੇ ਸਕੀਮ ਲਈ 10 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਚਾਹੇ ਉਹ ਪੇਂਡੂ ਹੋਵੇ ਜਾਂ ਸ਼ਹਿਰੀ, ਅਮੀਰ ਹੋਵੇ ਜਾਂ ਗਰੀਬ, ਹਰ ਕੋਈ ਇਸ ਸਕੀਮ ਦਾ ਲਾਭ ਲੈ ਸਕਦਾ ਹੈ।
ਮੰਤਰੀ ਨੇ ਕਿਹਾ ਕਿ ਸਿਹਤ ਹਮੇਸ਼ਾ ਸਾਡੀ ਸਰਕਾਰ ਦੀਆਂ ਪ੍ਰਮੁੱਖ ਤਰਜੀਹਾਂ ਵਿੱਚੋਂ ਇੱਕ ਰਹੀ ਹੈ ਅਤੇ ਅਸੀਂ ਇਸ ਪਾੜੇ ਨੂੰ ਹਮੇਸ਼ਾ ਲਈ ਪੂਰਾ ਕਰਨ ਲਈ ਵਚਨਬੱਧ ਹਾਂ। ਪਿਛਲੇ ਤਿੰਨ ਸਾਲਾਂ ਵਿੱਚ ਸਾਡੀ ਸਰਕਾਰ ਨੇ 881 ਆਮ ਆਦਮੀ ਕਲੀਨਿਕਾਂ ਦੀ ਸਥਾਪਨਾ ਕਰਕੇ ਮੁੱਢਲੀ ਸਿਹਤ ਸੰਭਾਲ ਤੱਕ ਵਿਆਪਕ ਪਹੁੰਚ ਵੱਲ ਇੱਕ ਵੱਡਾ ਕਦਮ ਚੁੱਕਿਆ ਹੈ, ਜੋ ਕਿ ਹਰ ਵਿਅਕਤੀ ਨੂੰ ਮੁਫ਼ਤ ਡਾਕਟਰੀ ਸਲਾਹ, ਮੁਫ਼ਤ ਦਵਾਈਆਂ ਅਤੇ ਮੁਫ਼ਤ ਟੈਸਟ ਮੁਹੱਈਆ ਕਰਵਾਉਂਦੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਵਿੱਚ 70,000 ਤੋਂ ਵੱਧ ਲੋਕ ਮੁਫਤ ਇਲਾਜ ਕਰਵਾਉਂਦੇ ਹਨ ਅਤੇ ਹੁਣ ਤੱਕ ਇਹ ਕਲੀਨਿਕ 3 ਕਰੋੜ ਤੋਂ ਵੱਧ ਮਰੀਜ਼ਾਂ ਨੂੰ ਸੇਵਾਵਾਂ ਪ੍ਰਦਾਨ ਕਰ ਚੁੱਕੇ ਹਨ।