ਲਾਹੌਰ ’ਚ ਸ਼ਹੀਦ-ਏ-ਆਜ਼ਮ ਦੀਆਂ ਪੈੜ/ਨਵਦੀਪ ਸਿੰਘ ਗਿੱਲ

ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਲਾਹੌਰ ਗਏ ਭਾਰਤੀ ਵਫ਼ਦ ਮੈਂਬਰਾਂ ਨੂੰ ਵਿਛੜੇ ਗੁਰਧਾਮਾਂ ਅਤੇ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਿਤ ਸਿੱਖ ਰਾਜ ਦੀਆਂ ਅਹਿਮ ਥਾਵਾਂ ਦੇਖਣ ਦੇ ਨਾਲ ਨਾਲ ਸ਼ਹੀਦ-ਏ-ਆਜ਼ਮ ਭਗਤ ਸਿੰਘ ਨਾਲ ਸਬੰਧਿਤ ਇਤਿਹਾਸਕ ਥਾਵਾਂ ਦੇਖਣ ਦੀ ਵੀ ਤੀਬਰ ਇੱਛਾ ਸੀ। ਇੱਕ ਹਫ਼ਤਾ ਲਾਹੌਰ ਵਿਖੇ ਹੀ ਠਹਿਰ ਹੋਣ ਸਦਕਾ ਸਾਨੂੰ ਸ਼ਹੀਦ ਭਗਤ ਸਿੰਘ ਨਾਲ ਸਬੰਧਿਤ ਤਿੰਨ ਅਹਿਮ ਥਾਵਾਂ ਇਸਲਾਮੀਆ ਕਾਲਜ (ਪੁਰਾਣਾ ਨਾਮ ਡੀ.ਏ.ਵੀ.ਕਾਲਜ), ਸ਼ਾਦਮਾਨ ਚੌਕ ਅਤੇ ਪੁਣਛ ਹਾਊਸ ਦੇਖਣ ਦਾ ਮੌਕਾ ਮਿਲਿਆ। ਇਹ ਤਿੰਨ ਥਾਵਾਂ ਸ਼ਹੀਦ ਭਗਤ ਸਿੰਘ ਦੇ ਜੀਵਨ ਕਾਲ ਦੀਆਂ ਤਿੰਨ ਮਹੱਤਵਪੂਰਨ ਘਟਨਾਵਾਂ ਨਾਲ ਸਬੰਧਿਤ ਹੋਣ ਕਰਕੇ ਸਾਨੂੰ ਇਤਿਹਾਸ ਨੂੰ ਨੇੜਿਓਂ ਦੇਖਣ ਅਤੇ ਮਹਿਸੂਸ ਕਰਨ ਦਾ ਮੌਕਾ ਮਿਲਿਆ।

ਸਭ ਤੋਂ ਪਹਿਲਾਂ ਸਰਕਾਰੀ ਇਸਲਾਮੀਆ ਕਾਲਜ ਦੇਖਿਆ। ਲਾਲਾ ਲਾਜਪਤ ਰਾਏ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਭਗਤ ਸਿੰਘ ਤੇ ਸਾਥੀਆਂ ਨੇ ਲਾਹੌਰ ਦੇ ਐੱਸ.ਪੀ. ਜੇਮਜ਼ ਏ. ਸਕੌਟ ਨੂੰ ਮਾਰਨ ਦੀ ਯੋਜਨਾ ਬਣਾਈ ਸੀ। ਭਗਤ ਸਿੰਘ, ਚੰਦਰ ਸ਼ੇਖਰ, ਰਾਜਗੁਰੂ ਤੇ ਸੁਖਦੇਵ 17 ਦਸੰਬਰ 1928 ਨੂੰ ਲਾਹੌਰ ਦੇ ਜ਼ਿਲ੍ਹਾ ਪੁਲੀਸ ਹੈੱਡਕੁਆਰਟਰ ਦੇ ਬਾਹਰ ਸਕੌਟ ਦੀ ਉਡੀਕ ਵਿੱਚ ਘਾਤ ਲਗਾ ਕੇ ਬੈਠ ਗਏ। ਉਸ ਦਿਨ ਸਕੌਟ ਦੀ ਬਜਾਏ ਏ.ਐੱਸ.ਪੀ. ਜੌਹਨ ਪੀ. ਸਾਂਡਰਸ ਮੋਟਰਸਾਈਕਲ ਉੱਤੇ ਦਫ਼ਤਰੋਂ ਬਾਹਰ ਨਿਕਲਿਆ ਤਾਂ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਸਾਂਡਰਸ ਨੂੰ ਮਾਰ ਮੁਕਾ ਦਿੱਤਾ। ਐੱਸ.ਪੀ. ਦਫ਼ਤਰ ਦੇ ਸਾਹਮਣੇ ਉਸ ਵੇਲੇ ਡੀ.ਏ.ਵੀ. ਕਾਲਜ ਸੀ, ਜੋ ਹੁਣ ਸਰਕਾਰੀ ਇਸਲਾਮੀਆ ਕਾਲਜ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਕ੍ਰਾਂਤੀਕਾਰੀ ਸੂਰਮੇ ਪੁਲੀਸ ਤੋਂ ਬਚਣ ਲਈ ਸੜਕ ਪਾਰ ਕਰਕੇ ਕਾਲਜ ਅੰਦਰ ਦਾਖਲ ਹੋ ਗਏ। ਲਾਹੌਰ ਦੀ ਫੇਰੀ ਦੌਰਾਨ ਕਾਲਜ ਦੇ ਰਾਜਨੀਤੀ ਸਾਸ਼ਤਰ ਦੇ ਅਧਿਆਪਕ ਨੇ ਸਾਨੂੰ ਉਹ ਗੇਟ ਦਿਖਾਇਆ ਜਿੱਥੋਂ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀ ਪੁਲੀਸ ਹੈੱਡਕੁਆਰਟਰ ਤੋਂ ਕਾਲਜ ਅੰਦਰ ਦਾਖਲ ਹੋਏ ਸਨ।

ਉਨ੍ਹਾਂ ਉੱਥੇ ਇੱਕ ਪੁਰਾਣਾ ਦਰੱਖ਼ਤ ਵੀ ਦਿਖਾਇਆ ਜਿਥੇ ਕ੍ਰਾਂਤੀਕਾਰੀ ਦਰੱਖ਼ਤ ਦੇ ਓਹਲੇ ਲੁਕੇ ਸਨ। ਇਸ ਤੋਂ ਬਾਅਦ ਭਗਤ ਸਿੰਘ ਕੈਮਿਸਟਰੀ ਵਿਭਾਗ ਵਿੱਚ ਗਏ। ਅਸੀਂ ਕਾਲਜ ਦੀ ਉਹ ਪੁਰਾਣੀ ਕੈਮਿਸਟਰੀ ਲੈਬ ਵੀ ਦੇਖੀ। ਭਗਤ ਸਿੰਘ ਬਾਰੇ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਇੱਕ ਰਾਤ ਕੈਮਿਸਟਰੀ ਵਿਭਾਗ ਵਿੱਚ ਲੁਕ ਕੇ ਗੁਜ਼ਾਰੀ ਸੀ। ਕਾਲਜ ਦੇ ਰਸਤੇ ਭੱਜਦੇ ਸਮੇਂ ਚੰਦਰ ਸ਼ੇਖਰ ਨੇ ਪਿੱਛਾ ਕਰ ਰਹੇ ਪੁਲੀਸ ਦੇ ਹੈੱਡ ਕਾਂਸਟੇਬਲ ਚੰਨਣ ਸਿੰਘ ਨੂੰ ਗੋਲੀ ਵੀ ਮਾਰੀ ਸੀ। ਉਦੋਂ ਪੁਲੀਸ ਨੇ ਵੱਡੇ ਪੱਧਰ ਉੱਤੇ ਛਾਪੇਮਾਰੀ ਮੁਹਿੰਮ ਚਲਾਈ ਸੀ ਪਰ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀ ਪੁਲੀਸ ਦੀ ਪਕੜ ’ਚੋਂ ਬਚਣ ਵਿੱਚ ਸਫਲ ਹੋ ਗਏ ਸਨ। ਸਾਰੇ ਇਨਕਲਾਬੀ ਦੋ ਦਿਨ ਲਾਹੌਰ ਸ਼ਹਿਰ ਵਿੱਚ ਲੁਕੇ ਰਹੇ।

ਸਾਂਡਰਸ ਦੇ ਕਤਲ ਤੋਂ ਦੋ ਦਿਨ ਬਾਅਦ 19 ਦਸੰਬਰ ਨੂੰ ਦੁਰਗਾ ਭਾਬੀ ਦੀ ਮਦਦ ਨਾਲ ਭਗਤ ਸਿੰਘ ਸੂਟ-ਬੂਟ ਵਿੱਚ ਰਾਜਗੁਰੂ ਨੂੰ ਨਾਲ ਲੈ ਕੇ ਲਾਹੌਰ ਤੋਂ ਬਚ ਕੇ ਨਿਕਲਣ ਵਿੱਚ ਕਾਮਯਾਬ ਹੋ ਗਿਆ। ਦੁਰਗਾ ਭਾਬੀ ਦਾ ਪੂਰਾ ਨਾਮ ਦੁਰਗਾਵਤੀ ਦੇਵੀ ਸੀ ਅਤੇ ਉਹ ਕ੍ਰਾਂਤੀਕਾਰੀ ਭਗਵਤੀ ਚਰਨ ਵੋਹਰਾ ਦੀ ਪਤਨੀ ਸੀ। ਉਹ ਆਪਣੇ ਬੱਚੇ ਨੂੰ ਕੁੱਛੜ ਚੁੱਕੀ ਭਗਤ ਸਿੰਘ ਦੀ ਪਤਨੀ ਹੋਣ ਦਾ ਨਾਟਕ ਕਰਦੀ ਹੋਈ ਉੱਥੋਂ ਗਈ। ਰਾਜਗੁਰੂ ਨੇ ਸਾਮਾਨ ਚੁੱਕੀ ਉਨ੍ਹਾਂ ਦਾ ਨੌਕਰ ਹੋਣ ਦਾ ਨਾਟਕ ਕੀਤਾ। ਲਾਹੌਰ ਦੇ ਰੇਲਵੇ ਸਟੇਸ਼ਨ ਅੱਗਿਓਂ ਗੁਜ਼ਰਦਿਆਂ ਸਾਡੇ ਵਫ਼ਦ ਮੈਂਬਰਾਂ ਦੇ ਚੇਤਿਆਂ ’ਚ ਸੰਤਾਲੀ ਦੀ ਵੰਡ ਵੇਲੇ ਹੋਈ ਵੱਢ-ਟੁੱਕ ਨਾਲ ਲਾਹੌਰ ਰੇਲਵੇ ਸਟੇਸ਼ਨ ’ਤੇ ਲਾਸ਼ਾਂ ਨਾਲ ਲੱਦੀਆਂ ਰੇਲਾਂ ਦੇ ਮੰਜ਼ਰ ਵੀ ਆਏ।

ਲਾਹੌਰ ਦੀ ਫੇਰੀ ਦੌਰਾਨ ਸਾਨੂੰ ਸਭ ਤੋਂ ਵੱਧ ਖਿੱਚ ਸ਼ਾਦਮਾਨ ਚੌਕ ਦੇਖਣ ਦੀ ਸੀ। ਸ਼ਾਦਮਾਨ ਚੌਕ ਵੱਲ ਜਾਂਦਿਆਂ ਬਹੁਤੇ ਰਾਹਗੀਰਾਂ ਕੋਲੋਂ ਜਦੋਂ ਅਸੀਂ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਫਾਂਸੀ ਵਾਲੇ ਸਥਾਨ ਬਾਰੇ ਪੁੱਛਣ ਲੱਗੇ ਤਾਂ ਬਹੁਤੇ ਇਸ ਗੱਲ ਤੋਂ ਅਣਜਾਣ ਸਨ। ਜ਼ਿਆਦਾਤਰ ਸਿਰਫ਼ ਸ਼ਾਦਮਾਨ ਚੌਕ ਬਾਰੇ ਹੀ ਜਾਣਦੇ ਸਨ, ਫਾਂਸੀ ਵਾਲੀ ਜਗ੍ਹਾ ਬਾਰੇ ਨਹੀਂ। ਇਹ ਸੁਣ ਕੇ ਸਾਨੂੰ ਬਹੁਤ ਹੈਰਾਨੀ ਹੋਈ। ਜੇਲ੍ਹ ਰੋਡ ’ਤੇ ਸਥਿਤ ਸ਼ਾਦਮਾਨ ਚੌਕ ਕੋਲ ਜਾ ਕੇ ਸਾਨੂੰ ਫੁੱਲਾਂ-ਗੁਲਦਸਤਿਆਂ ਦੀਆਂ ਦੁਕਾਨਾਂ ਵਾਲਿਆਂ ਨੇ ਇਸ ਥਾਂ ਦੀ ਮਹੱਤਤਾ ਤੋਂ ਜਾਣੂ ਕਰਵਾਇਆ। ਉਹ ਦੱਸਦੇ ਸਨ ਕਿ ਹਰ ਸਾਲ ਭਾਰਤ ਤੋਂ 23 ਮਾਰਚ ਨੂੰ ਇੱਥੇ ਲੋਕ ਵੱਡੀ ਗਿਣਤੀ ਵਿੱਚ ਆਉਂਦੇ ਅਤੇ ਸ਼ਹੀਦਾਂ ਨੂੰ ਸਿਜਦਾ ਕਰਦੇ ਹਨ। ਇਸ ਜਗ੍ਹਾ ਹੁਣ ਫੁਹਾਰਿਆਂ ਵਾਲਾ ਚੌਕ ਹੈ। ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਲਾਹੌਰ ਸਾਜ਼ਿਸ਼ ਕੇਸ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ।

ਬਰਤਾਨਵੀ ਹਕੂਮਤ ਵੱਲੋਂ 23 ਮਾਰਚ 1931 ਨੂੰ ਸ਼ਾਮ ਸਾਢੇ ਸੱਤ ਵਜੇ ਲਾਹੌਰ ਜੇਲ੍ਹ ਵਿੱਚ ਤਿੰਨੋਂ ਕ੍ਰਾਂਤੀਕਾਰੀਆਂ ਨੂੰ ਫਾਂਸੀ ਦੇ ਦਿੱਤੀ ਗਈ। ਇਸੇ ਜਗ੍ਹਾ ਹੁਣ ਸ਼ਾਦਮਾਨ ਚੌਕ ਹੈ, ਉਹ ਕਿਸੇ ਵੇਲੇ ਲਾਹੌਰ ਜੇਲ੍ਹ ਦੀ ਫਾਂਸੀ ਵਾਲੀ ਕੋਠੜੀ ਸੀ। ਉਸ ਵੇਲੇ ਜੇਲ੍ਹ ਅਧਿਕਾਰੀ ਭਗਤ ਸਿੰਘ ਤੇ ਸਾਥੀਆਂ ਨੂੰ ਫਾਂਸੀ ਦੇਣ ਮਗਰੋਂ ਲਾਹੌਰ ਜੇਲ੍ਹ ਦੀ ਪਿਛਲੀ ਕੰਧ ਤੋੜ ਕੇ ਤਿੰਨੋਂ ਸ਼ਹੀਦਾਂ ਦੀਆਂ ਲਾਸ਼ਾਂ ਨੂੰ ਫਿਰੋਜ਼ਪੁਰ ਰੋਡ ’ਤੇ ਸਥਿਤ ਗੰਡਾ ਸਿੰਘ ਵਾਲਾ ਕੋਲ ਲੈ ਗਏ। ਰਾਤ ਦੇ ਹਨੇਰੇ ਵਿੱਚ ਗੁਪਤ ਤਰੀਕੇ ਨਾਲ ਸਸਕਾਰ ਕਰਦਿਆਂ ਉਨ੍ਹਾਂ ਦੀਆਂ ਅੱਧ-ਸੜੀਆਂ ਲਾਸ਼ਾਂ ਨੂੰ ਸਤਲੁਜ ਵਿੱਚ ਵਹਾ ਦਿੱਤਾ ਗਿਆ। ਉਸ ਵੇਲੇ ਲਾਹੌਰ ਦੇ ਲੋਕਾਂ ਵਿੱਚ ਬਰਤਾਨਵੀ ਹਕੂਮਤ ਖ਼ਿਲਾਫ਼ ਬਹੁਤ ਰੋਹ ਸੀ ਅਤੇ ਵੱਡੀ ਗਿਣਤੀ ਵਿੱਚ ਲੋਕ ਸੜਕਾਂ ਉੱਤੇ ਉਤਰ ਆਏ ਸਨ, ਜਿਸ ਕਾਰਨ ਸ਼ਹੀਦਾਂ ਦਾ ਅੰਤਿਮ ਸੰਸਕਾਰ ਕਾਹਲੀ ਕਾਹਲੀ ਕਰਕੇ ਉਨ੍ਹਾਂ ਦੀਆਂ ਅੱਧ -ਸੜੀਆਂ ਦੇਹਾਂ ਨੂੰ ਸਤਲੁਜ ਵਿੱਚ ਵਹਾਇਆ ਗਿਆ। ਇਸ ਜਗ੍ਹਾ ਹੁਸੈਨੀਵਾਲਾ ਵਿਖੇ ਸ਼ਾਨਦਾਰ ਸਮਾਰਕ ਬਣਾਇਆ ਗਿਆ ਹੈ।

ਸ਼ਾਦਮਾਨ ਚੌਕ ਬਾਰੇ ਹਾਸਲ ਕੀਤੀ ਹੋਰ ਜਾਣਕਾਰੀ ’ਚ ਪਤਾ ਲੱਗਿਆ ਕਿ ਬਰਤਾਨਵੀ ਹਕੂਮਤ ਵੱਲੋਂ ਪਹਿਲਾਂ ਤਾਂ ਫਾਂਸੀ ਵਾਲੀ ਕੋਠੜੀ ਵਾਲੀ ਜਗ੍ਹਾ ਨੂੰ ਢਾਹ ਦਿੱਤਾ ਗਿਆ ਸੀ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਇਹ ਹਿੱਸਾ ਪਾਕਿਸਤਾਨ ਵਿੱਚ ਰਹਿ ਗਿਆ। ਸੱਠਵਿਆਂ ਵਿੱਚ ਇਸੇ ਜਗ੍ਹਾ ਰਿਹਾਇਸ਼ੀ ਸ਼ਾਦਮਾਨ ਕਾਲੋਨੀ ਵੀ ਬਣਾਈ ਗਈ ਜਿਸ ਤੋਂ ਬਾਅਦ ਸ਼ਾਦਮਾਨ ਚੌਕ ਦਾ ਮੌਜੂਦਾ ਰੂਪ ਹੋਂਦ ਵਿੱਚ ਆਇਆ। ਇਸ ਚੌਕ ਦਾ ਨਾਂ ਸ਼ਹੀਦ ਭਗਤ ਸਿੰਘ ਚੌਕ ਰੱਖਣ ਲਈ ਹਾਲੇ ਕਾਨੂੰਨੀ ਲੜਾਈ ਚੱਲ ਰਹੀ ਹੈ। ਇਹ ਸਥਾਨ ਭਾਰਤ ਤੋਂ ਲਾਹੌਰ ਆਉਣ ਵਾਲੇ ਸੈਲਾਨੀਆਂ ਲਈ ਸਭ ਤੋਂ ਵੱਧ ਖਿੱਚ ਦਾ ਕੇਂਦਰ ਹੈ। ਇਸ ਦੇ ਆਲੇ-ਦੁਆਲੇ ਪੁਰਾਣੀਆਂ ਰਿਹਾਇਸ਼ੀ ਇਮਾਰਤਾਂ ਹਨ ਅਤੇ ਫਲਾਂ ਦੀਆਂ ਰੇਹੜੀਆਂ ਲੱਗਦੀਆਂ ਹਨ।

ਸ਼ਹੀਦ ਭਗਤ ਸਿੰਘ ਨਾਲ ਸਬੰਧਿਤ ਤੀਜੀ ਇਤਿਹਾਸਕ ਥਾਂ ਅਸੀਂ ਪੁਣਛ ਹਾਊਸ ਦੇਖੀ। ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀ ਯਾਦ ਵਿੱਚ ਪੁਣਛ ਹਾਊਸ ਵਿੱਚ ਇੱਕ ਯਾਦਗਾਰ ਗੈਲਰੀ ਬਣਾਈ ਗਈ ਹੈ ਜਿਸ ਦਾ ਉਦਘਾਟਨ ਪਿੱਛੇ ਜਿਹੇ ਲਹਿੰਦੇ ਪੰਜਾਬ ਦੇ ਮੁੱਖ ਸਕੱਤਰ ਜ਼ਾਹਿਦ ਅਖਤਰ ਜ਼ਮਾਨ ਨੇ ਕੀਤਾ। ਚੁਬਰਜੀ ਕੋਲ ਮੌਜੂਦ ਪੁਣਛ ਹਾਊਸ ਉਹ ਇਤਿਹਾਸਕ ਸਥਾਨ ਹੈ, ਜਿੱਥੇ 1929-1930 ਵਿੱਚ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਲਾਹੌਰ ਸਾਜ਼ਿਸ਼ ਕੇਸ ਦਾ ਮੁਕੱਦਮਾ ਚਲਾਇਆ ਗਿਆ ਸੀ। ਪੁਣਛ ਹਾਊਸ ਬਰਤਾਨਵੀ ਰਾਜ ਦੌਰਾਨ ਜੰਮੂ ਕਸ਼ਮੀਰ ਖੇਤਰ ਦੀ ਪੁਣਛ ਰਿਆਸਤ ਨਾਲ ਸਬੰਧਿਤ ਹੈ। ਇਹ ਇੱਕ ਰਿਹਾਇਸ਼ੀ ਇਮਾਰਤ ਸੀ, ਜੋ 1849 ਵਿੱਚ ਲਾਰਡ ਲਾਰੈਂਸ ਲਈ ਬਣਾਈ ਗਈ ਸੀ। ਉਹ ਆਖ਼ਰੀ ਸਿੱਖ ਮਹਾਰਾਜੇ ਦਲੀਪ ਸਿੰਘ ਸਮੇਂ ਸਿੱਖ ਫ਼ੌਜਾਂ ਦਾ ਕਮਾਂਡਰ ਸੀ। ਲਾਰਡ ਲਾਰੈਂਸ ਤੋਂ ਬਾਅਦ ਪੁਣਛ ਹਾਊਸ ਚਾਰਲਸ ਬੋਲਨੋਇਸ ਕੋਲ ਸੀ ਜੋ ਚੀਫ ਕੋਰਟ ਵਿੱਚ ਬੈਰਿਸਟਰ ਵਜੋਂ ਸੇਵਾ ਨਿਭਾਉਂਦਾ ਸੀ।

ਬਾਅਦ ਵਿੱਚ ਇਹ ਚੀਫ ਜਸਟਿਸ ਸਰ ਮੈਰੇਡੀਥ ਪਲੋਡੇਨ ਦਾ ਨਿਵਾਸ ਸਥਾਨ ਬਣ ਗਿਆ। ਲਾਹੌਰ ਦੇ ਮਾਲ ਵਿਭਾਗ ਦੇ ਰਿਕਾਰਡ ਅਨੁਸਾਰ ਜਿਸ ਜ਼ਮੀਨ ’ਤੇ ਪੁਣਛ ਹਾਊਸ ਬਣਾਇਆ ਗਿਆ ਹੈ, ਉਹ ਰਾਜਾ ਜਗਤ ਸਿੰਘ ਦੀ ਜਾਇਦਾਦ ਸੀ। 1962 ਵਿੱਚ ਇਹ ਇਮਾਰਤ ਪਾਕਿਸਤਾਨ ਦੀ ਫੈਡਰਲ ਸਰਕਾਰ ਨੂੰ ਸੌਂਪ ਦਿੱਤੀ ਗਈ ਸੀ। ਇਸ ਵੇਲੇ ਪੁਣਛ ਹਾਊਸ ਵਿੱਚ ਸਰਕਾਰੀ ਦਫ਼ਤਰ ਵੀ ਮੌਜੂਦ ਹਨ। ਇਸ ਇਮਾਰਤ ਦੇ ਇੱਕ ਹਿੱਸੇ ਵਿੱਚ ਭਗਤ ਸਿੰਘ ਦੀ ਯਾਦ ਵਿੱਚ ਬਣਾਈ ਗੈਲਰੀ ਵਿੱਚ ਇਨਕਲਾਬੀਆਂ ਦੇ ਜੀਵਨ ਅਤੇ ਪਰਿਵਾਰ ਬਾਰੇ ਤਸਵੀਰਾਂ ਸਮੇਤ ਜਾਣਕਾਰੀ ਤੋਂ ਇਲਾਵਾ ਆਜ਼ਾਦੀ ਸੰਗਰਾਮ ਨਾਲ ਸਬੰਧਿਤ ਇਤਿਹਾਸਕ ਦਸਤਾਵੇਜ਼, ਤਸਵੀਰਾਂ, ਪੱਤਰ ਅਤੇ ਅਖ਼ਬਾਰ ਵੀ ਮੌਜੂਦ ਹਨ। ਕੁਝ ਦੁਰਲੱਭ ਵਸਤਾਂ ਵੀ ਇੱਥੇ ਰੱਖੀਆਂ ਹਨ, ਜੋ ਹੋਰ ਕਿਧਰੇ ਵੀ ਦੇਖਣ ਨੂੰ ਨਹੀਂ ਮਿਲਦੀਆਂ। ਰਾਜਗੁਰੂ ਤੇ ਸੁਖਦੇਵ ਦੇ ਪਰਿਵਾਰਕ ਮੈਂਬਰਾਂ ਦੀਆਂ ਤਸਵੀਰਾਂ, ਸ਼ਹੀਦ ਭਗਤ ਸਿੰਘ ਦੀ ਕਮੀਜ਼, ਅਸੈਂਬਲੀ ਵਿੱਚ ਬੰਬ ਸੁੱਟਣ ਵੇਲੇ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਵੱਲੋਂ ਸੁੱਟੇ ਗਏ ਪਰਚੇ ਵੀ ਗੈਲਰੀ ਵਿੱਚ ਰੱਖੇ ਹੋਏ ਹਨ।

ਸਾਂਝਾ ਕਰੋ

ਪੜ੍ਹੋ

ਸਰਬ ਨੌਜਵਾਨ ਸਭਾ ਨੇ ਵੋਕੇਸ਼ਨਲ ਸੈਂਟਰ ‘ਚ

*ਕਿੱਤਾ ਮੁਖੀ ਕੋਰਸਾਂ ਦੀ ਸਿਖਲਾਈ ਆਰਥਕ ਤੰਗੀ ਸਮੇਂ ਬਣਦੀ ਹੈ...