
ਨਵੀਂ ਦਿੱਲੀ, 24 ਮਾਰਚ – ਪੰਜਾਬ ਦੀ ਪਾਵਰਲਿਫਟਰ ਜਸਪ੍ਰੀਤ ਕੌਰ ਨੇ ਅੱਜ ਇੱਥੇ ਖੇਲੋ ਇੰਡੀਆ ਪੈਰਾ ਖੇਡਾਂ (ਕੇਆਈਪੀਜੀ) ਦੇ ਚੌਥੇ ਦਿਨ 45 ਕਿਲੋ ਭਾਰ ਵਰਗ ਵਿੱਚ ਆਪਣਾ ਹੀ ਕੌਮੀ ਰਿਕਾਰਡ ਤੋੜ ਕੇ ਸੋਨ ਤਗ਼ਮਾ ਜਿੱਤਿਆ। ਚੌਥੇ ਦਿਨ ਤਾਮਿਲ ਨਾਡੂ 22 ਸੋਨ ਤਗ਼ਮਿਆਂ ਨਾਲ ਤਗ਼ਮਾ ਸੂਚੀ ਵਿੱਚ ਸਿਖਰ ’ਤੇ ਹੈ। ਹਰਿਆਣਾ 18 ਸੋਨ ਤਗ਼ਮਿਆਂ ਨਾਲ ਦੂਜੇ, ਜਦਕਿ ਉੱਤਰ ਪ੍ਰਦੇਸ਼ ਤੇ ਰਾਜਸਥਾਨ ਦੇ 13-13 ਤਗ਼ਮੇ ਹਨ। ਇਸ ਦੌਰਾਨ ਦੋ ‘ਵਿਸ਼ੇਸ਼’ ਤੀਰਅੰਦਾਜ਼ਾਂ ਸ਼ੀਤਲ ਦੇਵੀ ਅਤੇ ਪਾਇਲ ਨਾਗ ਦਾ ਵੀ ਪ੍ਰਦਰਸ਼ਨ ਸ਼ਾਨਦਾਰ ਰਿਹਾ। ਸ਼ੀਤਲ ਨੇ ਪਾਇਲ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ। ਜਸਪ੍ਰੀਤ ਕੌਰ (31 ਸਾਲ) 101 ਕਿਲੋਗ੍ਰਾਮ ਭਾਰ ਚੁੱਕ ਕੇ ਖੇਲੋ ਇੰਡੀਆ ਪੈਰਾ ਖੇਡਾਂ-2025 ਵਿੱਚ ਕੌਮੀ ਰਿਕਾਰਡ ਤੋੜਨ ਵਾਲੀ ਪਹਿਲੀ ਅਥਲੀਟ ਬਣ ਗਈ। ਉਸ ਨੇ 2023 ਗੇੜ ਵਿੱਚ ਵੀ ਇਸੇ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਉਸ ਨੇ ਆਪਣਾ ਹੀ ਪਿਛਲਾ 100 ਕਿਲੋਗ੍ਰਾਮ ਦਾ ਕੌਮੀ ਰਿਕਾਰਡ ਤੋੜਿਆ। ਜਸਪ੍ਰੀਤ ਨੂੰ ਤਿੰਨ ਸਾਲ ਦੀ ਉਮਰ ਵਿੱਚ ਪੋਲੀਓ ਹੋ ਗਿਆ ਸੀ।