
ਹਾਲਾਂਕਿ ਕੇਸ ਨਿੱਬੜਿਆ ਨਹੀਂ ਹੈ, ਪਰ ਦਿੱਲੀ ਦੀ ਰੋਜ਼ ਐਵੇਨਿਊ ਕੋਰਟ ਦੇ ਵਿਸ਼ੇਸ਼ ਜੱਜ ਜਤਿੰਦਰ ਸਿੰਘ ਨੇ ਭਾਜਪਾ ਆਗੂ ਤੇ ਇਸ ਵੇਲੇ ਦਿੱਲੀ ਦੇ ਨਿਆਂ ਮੰਤਰੀ ਕਪਿਲ ਮਿਸ਼ਰਾ ਦੀ ਸ਼ੁੱਕਰਵਾਰ ਨਜ਼ਰਸਾਨੀ ਪਟੀਸ਼ਨ (ਰਿਵੀਜ਼ਨ ਪਟੀਸ਼ਨ) ਖਾਰਜ ਕਰਦਿਆਂ ਜਿਹੜੀ ਟਿੱਪਣੀ ਕੀਤੀ, ਉਹ ਦਰਸਾਉਦੀ ਹੈ ਕਿ ਆਗੂ ਵੋਟਾਂ ਲੈਣ ਲਈ ਧਰੁਵੀਕਰਨ ਕਰਨ ਵਾਸਤੇ ਸ਼ਬਦਾਂ ਦੀ ਕਿੰਨੀ ਚਲਾਕੀ ਨਾਲ ਵਰਤੋਂ ਕਰਦੇ ਹਨ। ਫਾਜ਼ਲ ਜੱਜ ਨੇ ਕਿਹਾ ਕਿ ਪਟੀਸ਼ਨਰ (ਕਪਿਲ ਮਿਸ਼ਰਾ) ਨੇ ਆਪਣੇ ਬਿਆਨਾਂ ਵਿੱਚ ਪਾਕਿਸਤਾਨ ਸ਼ਬਦ ਨੂੰ ਬਹੁਤ ਚਲਾਕੀ ਨਾਲ ਬੁਣਿਆ ਤਾਂ ਕਿ ਨਫਰਤ ਫੈਲਾਈ ਜਾ ਸਕੇ ਅਤੇ ਵੋਟਾਂ ਹਾਸਲ ਕਰਨ ਲਈ ਚੋਣ ਪ੍ਰਚਾਰ ਦੌਰਾਨ ਧਰੁਵੀਕਰਨ ਨੂੰ ਵਧਾਇਆ ਜਾ ਸਕੇ। ਪਟੀਸ਼ਨਰ ਦੇ ਬਿਆਨ ਇੱਕ ਦੇਸ਼ ਦੇ ਸੰਦਰਭ ਵਿੱਚ ਅਸਿੱਧੇ ਤੌਰ ’ਤੇ ਧਰਮ ਦੇ ਆਧਾਰ ’ਤੇ ਦੁਸ਼ਮਣੀ ਫੈਲਾਉਣ ਦਾ ਸਪੱਸ਼ਟ ਜਤਨ ਲਗਦੇ ਹਨ। ਆਮ ਬੋਲਚਾਲ ਵਿੱਚ ਇੱਕ ਵਿਸ਼ੇਸ਼ ਧਰਮ ਦੇ ਮੈਂਬਰਾਂ ਨੂੰ ਦਰਸਾਉਣ ਲਈ ਪਾਕਿਸਤਾਨ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ।
ਲੋਕ ਪ੍ਰਤੀਨਿਧਤਾ ਐਕਟ ਦੀ ਧਾਰਾ 125 (ਚੋਣਾਂ ’ਚ ਵਰਗਾਂ ਵਿਚਾਲੇ ਦੁਸ਼ਮਣੀ ਫੈਲਾਉਣਾ) ਤਹਿਤ ਦਰਜ ਮਾਮਲੇ ਵਿੱਚ ਦੋਸ਼ ਲਾਇਆ ਗਿਆ ਸੀ ਕਿ ਮਿਸ਼ਰਾ ਨੇ 2020 ਵਿੱਚ ਇਲੈਕਟ੍ਰਾਨਿਕ ਮੀਡੀਆ ’ਚ ਇਤਰਾਜ਼ਯੋਗ ਬਿਆਨ ਦਿੱਤੇ ਸਨ, ਜਿਵੇਂ ਕਿ ‘ਦਿੱਲੀ ਵਿੱਚ ਨਿੱਕੇ-ਨਿੱਕੇ ਪਾਕਿਸਤਾਨ ਬਣੇ ਹੋਏ ਹਨ’ ਅਤੇ ‘ਸ਼ਾਹੀਨ ਬਾਗ ਵਿੱਚ ਪਾਕਿਸਤਾਨ ਦੀ ਐਂਟਰੀ ਹੋ ਗਈ ਹੈ’। ਇਹ ਮਾਮਲਾ ਮਿਸ਼ਰਾ ਦੀ ਇੱਕ ਸੋਸ਼ਲ ਮੀਡੀਆ ਪੋਸਟ ਨਾਲ ਵੀ ਜੁੜਿਆ ਹੋਇਆ ਹੈ, ਜਿਸ ਵਿੱਚ ਉਸ ਨੇ ਕਿਹਾ ਸੀ ਕਿ 8 ਫਰਵਰੀ 2020 ਨੂੰ ਦਿੱਲੀ ਦੀਆਂ ਸੜਕਾਂ ’ਤੇ ਭਾਰਤ ਬਨਾਮ ਪਾਕਿਸਤਾਨ ਦਾ ਮੁਕਾਬਲਾ ਹੋਵੇਗਾ, ਜਿਹੜੀ ਕਿ ਦਿੱਲੀ ਅਸੈਂਬਲੀ ਦੀਆਂ ਚੋਣਾਂ ਦੀ ਤਰੀਕ ਸੀ। 11 ਨਵੰਬਰ 2023 ਨੂੰ ਇਸ ਮਾਮਲੇ ਵਿੱਚ ਚਾਰਜਸ਼ੀਟ ਦਾਖਲ ਕੀਤੀ ਗਈ ਸੀ।
ਵੇਲੇ ਦੀ ਐਡੀਸ਼ਨਲ ਚੀਫ ਮੈਟਰੋਪੋਲੀਟਨ ਮੈਜਿਸਟ੍ਰੇਟ ਪਿ੍ਰਅੰਕਾ ਰਾਜਪੂਤ ਨੇ ਮਿਸ਼ਰਾ ਨੂੰ ਸੰਮਨ ਕੀਤਾ ਤਾਂ ਉਸ ਦੇ ਇੱਕ ਮਹੀਨੇ ਬਾਅਦ 20 ਜੁਲਾਈ 2024 ਨੂੰ ਮਿਸ਼ਰਾ ਨੇ ਜੱਜ ਜਤਿੰਦਰ ਸਿੰਘ ਅੱਗੇ ਨਜ਼ਰਸਾਨੀ ਪਟੀਸ਼ਨ ਦਾਇਰ ਕਰ ਦਿੱਤੀ। ਮਿਸ਼ਰਾ ਦੇ ਵਕੀਲ ਪਵਨ ਨਾਰੰਗ ਨੇ ਦਲੀਲ ਦਿੱਤੀ ਕਿ ਮਿਸ਼ਰਾ ਦੇ ਕਥਿਤ ਬਿਆਨਾਂ ਵਿੱਚ ਕਿਸੇ ਜਾਤ, ਭਾਈਚਾਰੇ, ਧਰਮ, ਨਸਲ ਜਾਂ ਭਾਸ਼ਾ ਦਾ ਜ਼ਿਕਰ ਨਹੀਂ ਹੈ, ਸਗੋਂ ਇੱਕ ਦੇਸ਼ ਦਾ ਜ਼ਿਕਰ ਹੈ, ਜਿਹੜਾ ਲੋਕ ਪ੍ਰਤੀਨਿਧਤਾ ਐਕਟ ਦੀ ਧਾਰਾ 125 ਤਹਿਤ ਪਾਬੰਦੀਸ਼ੁਦਾ ਨਹੀਂ ਹੈ। ਫਾਜ਼ਲ ਜੱਜ ਨੇ ਕਿਹਾ ਕਿ ਇਹ ਦਲੀਲ ਬਿਲਕੁਲ ਬੇਤੁਕੀ ਤੇ ਪੂਰੀ ਤਰ੍ਹਾਂ ਗੈਰਵਾਜਬ ਹੈ। ਕਥਿਤ ਬਿਆਨ ਵਿੱਚ ਉਸ ਖਾਸ ਦੇਸ਼ ਦਾ ਨਾਂਅ ਲੈਣ ਦੇ ਬਹਾਨੇ ਇੱਕ ਖਾਸ ਧਾਰਮਿਕ ਭਾਈਚਾਰੇ ਦੇ ਲੋਕਾਂ ਪ੍ਰਤੀ ਸਪੱਸ਼ਟ ਇਸ਼ਾਰਾ ਮੰਨਿਆ ਜਾ ਸਕਦਾ ਹੈ। ਉਹ ਸ਼ਬਦ ਧਾਰਮਿਕ ਭਾਈਚਾਰਿਆਂ ਵਿਚਾਲੇ ਦੁਸ਼ਮਣੀ ਪੈਦਾ ਕਰਨ ਲਈ ਹੈ। ਇਸ ਨੂੰ ਸਧਾਰਨ ਬੰਦਾ ਵੀ ਆਸਾਨੀ ਨਾਲ ਸਮਝ ਸਕਦਾ ਹੈ, ਸਮਝਦਾਰ ਬੰਦੇ ਦੀ ਤਾਂ ਗੱਲ ਹੀ ਵੱਖਰੀ ਹੈ। ਨਾਗਰਿਕਤਾ ਸੋਧ ਕਾਨੂੰਨ ਖਿਲਾਫ ਅੰਦੋਲਨ ਦੌਰਾਨ ਦਿੱਲੀ ਦੇ ਸ਼ਾਹੀਨ ਬਾਗ ਵਿੱਚ ਬੀਬੀਆਂ ਨੇ ਤਕੜਾ ਮੋਰਚਾ ਲਾਇਆ ਸੀ। ਉਸ ਦੌਰਾਨ ਮਿਸ਼ਰਾ ਨੇ ਕਈ ਭੜਕਾਊ ਬਿਆਨ ਦਿੱਤੇ।