
ਐੱਸਏਐੱਸ ਨਗਰ, 5 ਮਾਰਚ – ਕਿਸਾਨਾਂ ਦੇ ਚੰਡੀਗੜ੍ਹ ਕੂਚ ਨੂੰ ਧਿਆਨ ‘ਚ ਰੱਖਦੇ ਹੋਏ ਪੰਜਾਬ ਦੇ ਸਾਰੇ ਐਂਟਰੀ ਪੁਆਇੰਟਸ ‘ਤੇ ਭਾਰੀ ਪੁਲਿਸ ਬਲ ਤਾਇਨਾਤ ਤੇ ਬੈਰੀਕੇਡਿੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਕਈ ਰੂਟ ਡਾਇਵਰਟ ਕੀਤੇ ਹੋਏ ਹਨ। ਚੰਡੀਗੜ੍ਹ-ਮੁਹਾਲੀ ਦੇ ਲਗਪਗ ਹਰ ਮਾਰਗ ‘ਤੇ ਭਾਰੀ ਜਾਮ ਲੱਗੇ ਹੋਏ ਹਨ। ਕਈ ਘੰਟਿਆਂ ਤੋਂ ਵਾਹਨ ਜਾਮ ‘ਚ ਫਸੇ ਹੋਣ ਕਾਰਨ ਲੋਕ ਬਹੁਤ ਹੀ ਪਰੇਸ਼ਾਨ ਹਨ। ਇਸ ਦੌਰਾਨ ਲੋਕਾਂ ਨੇ ਆਪਣੀ ਪਰੇਸ਼ਾਨੀ ਜ਼ਾਹਿਰ ਕਰਦਿਆਂ ਕਿਹਾ ਕਿ ਸਵੇਰੇ ਵੀ ਉਹ ਆਪਣੀ ਡਿਊਟੀ ‘ਤੇ ਜਾਮ ਲੱਗਣ ਕਾਰਨ ਸਮੇਂ ਸਿਰ ਨਹੀਂ ਪਹੁੰਚ ਸਕੇ ਤੇ ਹੁਣ ਵੀ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਦੇ ਇਲਾਵਾ ਚੰਡੀਗੜ੍ਹ ‘ਚ ਪੰਜਾਬ ਦੇ ਸਾਰੇ ਵੱਡੇ ਦਫ਼ਤਰ ਹੋਣ ਕਰਕੇ ਸੂਬੇ ਦੇ ਵੱਖ-ਵੱਖ ਜ਼ਿਲਿਆਂ ਤੋਂ ਆਏ ਲੋਕ ਵੀ ਖੱਜਲ-ਖੁਆਰ ਹੁੰਦੇ ਵਿਖਾਈ ਦਿਤੇ। ਚੰਡੀਗੜ੍ਹ-ਜ਼ੀਰਕਪੁਰ ਹਾਈਵੇ ‘ਤੇ ਭਿਆਨਕ ਟ੍ਰੈਫਿਕ ਜਾਮ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ, ਦਿੱਲੀ-ਅੰਬਾਲਾ ਅਤੇ ਪਟਿਆਲਾ ਰੂਟ ਵਾਲੇ ਇਸ ਹਾਈਵੇ ‘ਤੇ 1 ਤੋਂ 2 ਕਿੱਲੋਮੀਟਰ ਤਕ ਵਾਹਨ ਜਾਮ ਵਿਚ ਫਸੇ ਹੋਏ ਹਨ।ਐਂਬੂਲੈਂਸਾਂ ਵੀ ਜਾਮ ‘ਚ ਫਸੀਆਂ ਨਜ਼ਰ ਅਈਆਂ। ਇਸ ਦੌਰਾਨ ਕਿਸਾਨ ਆਗੂਆਂ ਨੇ ਫੜੇ ਗਏ ਆਪਣੇ ਸਾਥੀਆਂ ਨੂੰ ਰਿਹਾ ਨਾ ਕਰਨ ‘ਤੇ ਚੰਡੀਗੜ੍ਹ-ਅੰਬਾਲਾ ਹਾਈਵੇ ‘ਤੇ ਪੱਕਾ ਧਰਨਾ ਲਾਉਣ ਦੀ ਵੀ ਚਿਤਾਵਨੀ ਦਿੱਤੀ।