
ਨਵੀਂ ਦਿੱਲੀ, 13 ਫਰਵਰੀ – ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (TRAI) ਸਪੈਮ ਕਾਲਾਂ ਨੂੰ ਲੈਕੇ ਸਖ਼ਤ ਹੋ ਗਈ ਹੈ। TRAI ਨੇ ਸਪੱਸ਼ਟ ਕਰ ਦਿੱਤਾ ਕਿ ਜੇਕਰ ਟੈਲੀਕਾਮ ਕੰਪਨੀਆਂ ਨਿਯਮਾਂ ਦੀ ਉਲੰਘਣਾ ਕਰਦੀਆਂ ਹਨ, ਤਾਂ ਉਨ੍ਹਾਂ ਨੂੰ 2 ਤੋਂ 10 ਲੱਖ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਭਾਰਤ ਵਿੱਚ ਕਰੋੜਾਂ ਮੋਬਾਈਲ ਯੂਜ਼ਰਸ ਹਨ ਅਤੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਸਪੈਮ ਕਾਲਾਂ ਅਤੇ ਮੈਸੇਜ ਤੋਂ ਪਰੇਸ਼ਾਨ ਹਨ।
ਰੀਅਲ ਟਾਈਮ ‘ਚ ਦੇਣੀ ਹੋਵੇਗੀ ਸਪੈਮ ਕਾਲਸ ਦੀ ਜਾਣਕਾਰੀ
TRAI ਨੇ ਸਾਰੀਆਂ ਦੂਰਸੰਚਾਰ ਕੰਪਨੀਆਂ ਨੂੰ ਸਪੈਮ ਕਾਲਾਂ ਅਤੇ SMS ਦੇ ਪੈਟਰਨ ਨੂੰ ਐਨਾਲਾਈਜ਼ ਕਰਨ ਨੂੰ ਕਿਹਾ ਹੈ। ਇਹ ਐਨਾਲਾਈਸਿਸ ਸਪੈਮਰਾਂ ਦੀ ਪਛਾਣ ਕਰਨ ਲਈ ਹਾਈ ਕਾਲ ਵਾਲਿਊਮ, ਸ਼ਾਰਟ ਕਾਲ ਡਿਊਰੇਸ਼ਨ ਅਤੇ ਲੋਅ ਇਨਕਮਿੰਗ ਟੂ ਆਊਟਗੋਇੰਗ ਕਾਲ ਰੇਸ਼ਿਊ ‘ਤੇ ਅਧਾਰਤ ਹੋਵੇਗਾ। TRAI ਨੇ ਨਿਯਮਾਂ ਵਿੱਚ ਸੋਧ ਕਰਦਿਆਂ ਹੋਇਆਂ ਕਿਹਾ ਕਿ ਟੈਲੀਕਾਮ ਕੰਪਨੀਆਂ ਲਈ ਕਿਸੇ ਵੀ ਨੰਬਰ ‘ਤੇ ਪ੍ਰਾਪਤ ਹੋਈਆਂ ਸਪੈਮ ਕਾਲਾਂ ਦੀ ਪੂਰੀ ਗਿਣਤੀ ਦਾ ਖੁਲਾਸਾ ਕਰਨਾ ਲਾਜ਼ਮੀ ਕਰ ਦਿੱਤਾ ਹੈ। ਜੇਕਰ ਕੋਈ ਕੰਪਨੀ ਅਜਿਹਾ ਨਹੀਂ ਕਰਦੀ ਹੈ ਤਾਂ ਉਸ ‘ਤੇ ਜੁਰਮਾਨਾ ਲਗਾਇਆ ਜਾਵੇਗਾ। ਪਹਿਲੀ ਵਾਰ ਨਿਯਮਾਂ ਦੀ ਉਲੰਘਣਾ ਕਰਨ ‘ਤੇ 2 ਲੱਖ ਰੁਪਏ ਦਾ ਜੁਰਮਾਨਾ ਅਤੇ ਦੂਜੀ ਵਾਰ ਉਲੰਘਣਾ ਕਰਨ ‘ਤੇ 5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। ਇਸ ਤੋਂ ਬਾਅਦ ਵੀ, ਜੇਕਰ ਕੰਪਨੀ ਨਿਯਮਾਂ ਦੀ ਪਾਲਣਾ ਨਹੀਂ ਕਰਦੀ ਹੈ, ਤਾਂ ਉਸ ਨੂੰ ਹਰੇਕ ਉਲੰਘਣਾ ਲਈ 10 ਲੱਖ ਰੁਪਏ ਦਾ ਜੁਰਮਾਨਾ ਭਰਨਾ ਪਵੇਗਾ।
ਟੈਲੀਮਾਰਕੀਟਿੰਗ ਲਈ ਨਹੀਂ ਵਰਤੇ ਜਾਣਗੇ 10 ਅੰਕਾਂ ਵਾਲੇ ਨੰਬਰ
ਪਾਰਦਰਸ਼ਤਾ ਵਧਾਉਣ ਲਈ TRAI ਨੇ 10-ਅੰਕਾਂ ਵਾਲੇ ਨੰਬਰਾਂ ਤੋਂ ਕਮਰਸ਼ੀਅਲ ਕਮਿਊਨੀਕੇਸ਼ਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦਾ ਮਤਲਬ ਹੈ ਕਿ ਹੁਣ ਟੈਲੀਮਾਰਕੀਟਿੰਗ ਲਈ 10 ਅੰਕਾਂ ਵਾਲੇ ਨੰਬਰਾਂ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਇਸ ਦੀ ਬਜਾਏ, ‘140’ ਵਾਲੀ ਸੀਰੀਜ਼ ਨੂੰ ਕੰਟਿਨਿਊ ਕੀਤਾ ਜਾਵੇਗਾ, ਜਦੋਂ ਕਿ ‘1600’ ਸੀਰੀਜ਼ ਯੂਜ਼ ਨੂੰ ਟ੍ਰਾਂਜੈਕਸ਼ਨਲ ਅਤੇ ਸਰਵਿਸ ਕਾਲਾਂ ਲਈ ਵਰਤਿਆ ਜਾਵੇਗਾ।