
ਮੁੰਬਈ, 13 ਫਰਵਰੀ – ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਅੱਜ ਕਿਹਾ ਕਿ ਉਸ ਵੱਲੋਂ ਜਲਦੀ ਹੀ ਗਵਰਨਰ ਸੰਜੈ ਮਲਹੋਤਰਾ ਦੇ ਦਸਤਖਤ ਵਾਲੇ 50 ਰੁਪਏ ਦੇ ਨੋਟ ਜਾਰੀ ਕੀਤੇ ਜਾਣਗੇ। ਮਲਹੋਤਰਾ ਨੇ ਪਿਛਲੇ ਸਾਲ ਦਸੰਬਰ ਵਿੱਚ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਵਜੋਂ ਅਹੁਦਾ ਸੰਭਾਲਿਆ ਹੈ। ਇਸ ਤੋਂ ਪਹਿਲਾਂ ਸ਼ਕਤੀਕਾਂਤ ਦਾਸ ਆਰਬੀਆਈ ਦੇ ਗਵਰਨਰ ਸਨ। ਸ਼ਕਤੀਕਾਂਤ ਨੇ ਆਪਣਾ ਵਿਸਥਾਰਿਤ ਕਾਰਜਕਾਲ ਪੂਰਾ ਹੋਣ ਮਗਰੋਂ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਆਰਬੀਆਈ ਨੇ ਬਿਆਨ ਵਿੱਚ ਕਿਹਾ, ‘‘ਇਨ੍ਹਾਂ ਨੋਟਾਂ ਦਾ ਡਿਜ਼ਾਈਨ ਹਰ ਪੱਖੋਂ ਮਹਾਤਮਾ ਗਾਂਧੀ (ਨਵੀਂ) ਲੜੀ ਦੇ 50 ਰੁਪਏ ਦੇ ਨੋਟਾਂ ਵਾਂਗ ਹੈ।’’ ਰਿਜ਼ਰਵ ਬੈਂਕ ਵੱਲੋਂ ਪਹਿਲਾਂ ਜਾਰੀ ਕੀਤੇ ਗਏ 50 ਰੁਪਏ ਦੇ ਸਾਰੇ ਨੋਟ ਕਾਨੂੰਨੀ ਮੁਦਰਾ ਬਣੇ ਰਹਿਣਗੇ।