ਨਵੀਂ ਦਿੱਲੀ, 16 ਜਨਵਰੀ – ਸਾਬਕਾ ਕੌਮੀ ਚੈਂਪੀਅਨ ਅਨੁਪਮਾ ਉਪਾਧਿਆਏ ਇੰਡੀਆ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਪਹੁੰਚ ਗਈ ਹੈ, ਜਦਕਿ ਐੱਚਐੱਸ ਪ੍ਰਣੌਏ ਅਤੇ ਪ੍ਰਿਯਾਂਸ਼ੂ ਰਾਜਾਵਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪ੍ਰਿਯਾਂਸ਼ੂ ਨੂੰ ਦੁਨੀਆ ਦੇ ਸੱਤਵੇਂ ਦਰਜੇ ਦੇ ਖਿਡਾਰੀ ਜਾਪਾਨ ਦੇ ਕੋਡਾਈ ਨਾਰੋਕਾ ਨੇ 21-16, 20-22, 21-13 ਨਾਲ ਹਰਾਇਆ ਅਤੇ ਪ੍ਰਣੌਏ ਨੂੰ ਚੀਨੀ ਤਾਇਪੇ ਦੇ ਸੂ ਲੀ ਯਾਂਗ ਤੋਂ 21-16, 18-21, 12-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮਹਿਲਾ ਵਰਗ ਵਿੱਚ ਅਨੁਪਮਾ ਨੇ ਹਮਵਤਨ ਰਕਸ਼ਿਤਾ ਸ੍ਰੀ ਨੂੰ 21-17, 21-18 ਨਾਲ ਹਰਾਇਆ। ਇਸੇ ਤਰ੍ਹਾਂ ਤਨੀਸ਼ਾ ਕਰਾਸਟੋ ਅਤੇ ਅਸ਼ਵਨੀ ਪੋਨੱਪਾ ਦੀ ਜੋੜੀ ਨੇ ਕਾਵਿਆ ਗੁਪਤਾ ਅਤੇ ਰਾਧਿਕਾ ਸ਼ਰਮਾ ਨੂੰ 21-11, 21-12 ਨਾਲ ਹਰਾ ਕੇ ਅਗਲੇ ਗੇੜ ਵਿੱਚ ਜਗ੍ਹਾ ਬਣਾਈ। ਉਧਰ ਰੁਤੂਪਰਣਾ ਅਤੇ ਸ਼ਵੇਤਾਪਰਣਾ ਪਾਂਡਾ ਦੀ ਜੋੜੀ ਵੀ ਥਾਈਲੈਂਡ ਦੀ ਜੋੜੀ ਨੂੰ ਹਰਾ ਕੇ ਦੂਜੇ ਗੇੜ ਵਿੱਚ ਪਹੁੰਚ ਗਈ ਹੈ।