ਰਾਜਕੋਟ, 16 ਜਨਵਰੀ – ਭਾਰਤ ਦੀ ਮਹਿਲਾ ਟੀਮ ਨੇ ਅੱਜ ਇੱਥੇ ਸਮ੍ਰਿਤੀ ਮੰਧਾਨਾ ਦੇ 70 ਗੇਂਦਾਂ ਵਿੱਚ ਸਭ ਤੋਂ ਤੇਜ਼ ਸੈਂਕੜੇ ਅਤੇ ਪ੍ਰਤਿਕਾ ਰਾਵਲ ਦੇ ਪਹਿਲੇ ਸੈਂਕੜੇ ਸਦਕਾ ਆਇਰਲੈਂਡ ਖ਼ਿਲਾਫ਼ ਤੀਜੇ ਅਤੇ ਆਖਰੀ ਇੱਕ ਰੋਜ਼ਾ ਮੈਚ ਵਿੱਚ 304 ਦੌੜਾਂ ਦੀ ਆਪਣੀ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਦਰਜ ਕਰਕੇ ਲੜੀ 3-0 ਨਾਲ ਆਪਣੇ ਨਾਮ ਕਰ ਲਈ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਪੰਜ ਵਿਕਟਾਂ ’ਤੇ 435 ਦੌੜਾਂ ਬਣਾਈਆਂ ਪਰ ਆਇਰਲੈਂਡ ਦੀ ਟੀਮ 31.4 ਓਵਰਾਂ ਵਿੱਚ 131 ਦੌੜਾਂ ’ਤੇ ਹੀ ਸਿਮਟ ਗਈ।
435 ਦੌੜਾਂ ਇੱਕ ਰੋਜ਼ਾ ਕ੍ਰਿਕਟ ਵਿੱਚ ਭਾਰਤੀ ਟੀਮ (ਪੁਰਸ਼ ਅਤੇੇ ਮਹਿਲਾ) ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਹੈ। ਭਾਰਤੀ ਪੁਰਸ਼ ਟੀਮ ਦਾ ਇੱਕ ਰੋਜ਼ਾ ਮੈਚਾਂ ਵਿੱਚ ਸਭ ਤੋਂ ਵੱਧ ਸਕੋਰ ਪੰਜ ਵਿਕਟਾਂ ’ਤੇ 418 ਦੌੜਾਂ ਹੈ। ਕਾਰਜਕਾਰੀ ਕਪਤਾਨ ਸਮ੍ਰਿਤੀ (135) ਅਤੇ ਪ੍ਰਤਿਕਾ (154) ਨੇ ਪਹਿਲੀ ਵਿਕਟ ਲਈ 26.4 ਓਵਰਾਂ ਵਿੱਚ 233 ਦੌੜਾਂ ਦੀ ਭਾਈਵਾਲੀ ਕੀਤੀ। ਇਨ੍ਹਾਂ ਤੋਂ ਇਲਾਵਾ ਰਿਚਾ ਘੋਸ਼ ਨੇ 59, ਤੇਜਲ ਨੇ 28, ਹਰਲੀਨ ਦਿਓਲ ਨੇ 15, ਦੀਪਤੀ ਸ਼ਰਮਾ ਨੇ ਨਾਬਾਦ 11 ਤੇ ਜੈਮੀਮਾ ਰੌਡਰਿਗਜ਼ ਨੇ ਨਾਬਾਦ ਚਾਰ ਦੌੜਾਂ ਦਾ ਯੋਗਦਾਨ ਪਾਇਆ।