ਮਾਂ ਨਾਲ ਮਸ਼ਕਰੀਆਂ/ਰਣਜੀਤ ਲਹਿਰਾ

ਬਚਪਨ ਦੀਆਂ ਜਿੰਨੀਆਂ ਯਾਦਾਂ ਮਨ ਮਸਤਕ ਵਿੱਚ ਜਿਊਂਦੀਆਂ ਹਨ, ਉਨ੍ਹਾਂ ਵਿੱਚੋਂ ਬਹੁਤੀਆਂ ਉਸ ਵਕਤ ਦੀਆਂ ਹਨ ਜਦੋਂ ਅਸੀਂ ਘਰ ਵਿੱਚ ਦੋ-ਚਾਰ ਮੱਝਾਂ ਰੱਖਦੇ ਹੁੰਦੇ ਸੀ; ਦੁੱਧ ਪੀਣ ਲਈ ਵੀ ਤੇ ਘਰ ਦੇ ਗੁਜ਼ਾਰੇ ਵਾਸਤੇ ਵੇਚਣ ਲਈ ਵੀ। ਮੱਝਾਂ ਤੇ ਕੱਟਰੂਆਂ ਦੇ ਕੱਖ-ਕੰਡੇ, ਗੋਹੇ-ਕੂੜੇ ਤੇ ਦੁੱਧ ਦੀ ਚੋਅ-ਚੁਆਈ ਅਤੇ ਵੇਚ-ਵੱਟ ਦਾ ਸਾਰਾ ਜਿ਼ੰਮਾ ਮਾਂ ਦੇ ਸਿਰ ਹੁੰਦਾ ਸੀ। ਬਾਪੂ ਸਾਡਾ ਹਰਾ-ਚਾਰਾ ਤੇ ਦਾਣਾ-ਦੱਪਾ ਤਾਂ ਲਿਆ ਦਿੰਦਾ ਸੀ ਪਰ ਖੁਰਲੀਆਂ ’ਚ ਹੱਥ ਕਦੇ ਰੱਬ ਸਬਬੀਂ ਹੀ ਪਾਉਂਦਾ ਸੀ। ਹਾਂ, ਵੱਡੇ ਭਰਾ ਜਦੋਂ ਘਰ ਹੁੰਦੇ, ਉਹ ਜ਼ਰੂਰ ਕੱਖ-ਕੰਡਾ ਰਲ਼ਾ ਦਿੰਦੇ ਤੇ ਇੱਕ ਅੱਧੀ ਦੀਆਂ ਧਾਰਾਂ ਕੱਢ ਦਿੰਦੇ ਸਨ। ਲਿਹਾਜ਼ਾ ਸਾਰੀ ਉਮਰ ਮਾਂ ਦੇ ਨਹੁੰਆਂ ’ਚੋਂ ਨਾ ਕਦੇ ਗੋਹਾ ਗਿਆ ਤੇ ਨਾ ਹੱਥਾਂ-ਪੈਰਾਂ ’ਚੋਂ ਕਦੇ ਬਿਆਈਆਂ ਗਈਆਂ। ਪਿਛਲੀ ਉਮਰੇ ਕਈ ਵਾਰ ਦੁਖੀ ਹੋਈ ਮਾਂ ਕਹਿ ਉਠਦੀ, “ਜੇ ਪਤਾ ਹੁੰਦਾ ਮੇਰਾ ਇਹ ਹਾਲ ਹੋਣੈ ਤਾਂ ਮੈਂ ਕਾਹਨੂੰ ਕੱਟੇ ਮਾਰਨ ਦਾ ਪਾਪ ਖੱਟਦੀ।” ਉਹ ਦੁੱਧ ਵੇਚਣ ਦੇ ਲਾਲਚ ਵਿੱਚ ਕੱਟਿਆਂ ਨੂੰ ਚੁੰਘਣ ਲਈ ਦੁੱਧ ਘੱਟ ਛੱਡਦੀ ਤੇ ਕੱਟੇ ਵਿਚਾਰੇ ਰੱਬ ਨੂੰ ਪਿਆਰੇ ਹੋ ਜਾਂਦੇ। ਮਾਂ ਕਿਰਤ ਦਾ ਮੁਜੱਸਮਾ ਹੀ ਨਹੀਂ, ਭੋਲ਼ੀ ਵੀ ਸੀ। ਉਹਦੇ ਭੋਲ਼ੇਪਣ ਨੂੰ ਦਰਸਾਉਂਦੀ ਇੱਕ ਰੌਚਕ ਘਟਨਾ ਹੈ।

ਉਨ੍ਹੀਂ ਦਿਨੀਂ ਮੈਂ ਛੇਵੀਂ-ਸੱਤਵੀਂ ’ਚ ਪੜ੍ਹਦਾ ਹੋਵਾਂਗਾ। ਘਰ ਦੋ-ਤਿੰਨ ਮੱਝਾਂ ਤਾਂ ਹੁੰਦੀਆਂ ਹੀ ਸਨ, ਕਈ ਵਾਰ ਚਾਰ ਵੀ ਹੋ ਜਾਂਦੀਆਂ। ਅੱਜ ਕੱਲ੍ਹ ਵਰਗੇ ਗੂੜ੍ਹੀ ਸਰਦੀ ਦੇ ਦਿਨ ਸਨ। ਝੜੀ ਲੱਗੀ ਹੋਈ ਸੀ। ਇੱਕ ਝੋਟੀ ਬਿਮਾਰ ਸੀ ਤੇ ਉਹਨੂੰ ਇਲਾਜ ਲਈ ਪਸ਼ੂ ਹਸਪਤਾਲ ਲੈ ਕੇ ਜਾਣਾ ਪੈਣਾ ਸੀ। ਪਸ਼ੂਆਂ ਦਾ ਹਸਪਤਾਲ ਲਹਿਰੇ ਨਹੀਂ ਸੀ, ਗਾਗੇ ਪਿੰਡ ਵਿੱਚ ਸੀ। ਝੋਟੀ ਮੈਂ ਤੇ ਮੇਰੇ ਬਾਪੂ ਨੇ ਲੈ ਕੇ ਜਾਣੀ ਸੀ। ਬੇਬੇ ਬੜੀ ਫਿਕਰਮੰਦ ਸੀ ਬਈ ਝੋਟੀ ਛੁਡਾ ਕੇ ਨਾ ਭੱਜ ਜਾਵੇ। ਅਸਲ ’ਚ ਜਿਹੜੇ ਡੰਗਰ-ਪਸ਼ੂ ਵੱਗ ’ਚ ਨਹੀਂ ਛੱਡੇ ਜਾਂਦੇ ਹੁੰਦੇ ਸੀ, ਉਹ ਘਰੋਂ ਬਾਹਰ ਨਿਕਲਣ ’ਤੇ ਡਰਦੇ ਬਹੁਤ ਸਨ ਤੇ ਡਰਦੇ ਮਾਰੇ ਸੰਗਲ/ਰੱਸਾ ਛੁਡਾ ਕੇ ਭੱਜ ਜਾਂਦੇ ਸਨ। ਬਾਪੂ ਦਾ ਇੱਕ ਫੇਫੜਾ ਟੀਬੀ ਹੋਣ ਕਾਰਨ ਕੱਢਿਆ ਹੋਇਆ ਸੀ ਤੇ ਮੈਂ ਸ਼ੁਰੂ ਤੋਂ ਵੈਸੇ ਹੀ ਕਾਗਜ਼ੀ ਪਹਿਲਵਾਨ ਸੀ। ਬੇਬੇ ਨੂੰ ਝੋਟੀ ਦੇ ਛੁਡਾ ਕੇ ਭੱਜਣ ਦਾ ਬਹੁਤਾ ਫਿ਼ਕਰ ਇਸੇ ਲਈ ਲੱਗਿਆ ਹੋਇਆ ਸੀ। ਖ਼ੈਰ, ਬਾਪੂ ਨੇ ਇੱਕ ਹੱਥ ਸੋਟੀ ਫੜ ਕੇ ਦੂਜੇ ਨਾਲ ਝੋਟੀ ਦਾ ਸੰਗਲ ਫੜ ਲਿਆ ਅਤੇ ਮੈਂ ਡੈਂਡਕਾ ਲੈ ਕੇ ਪਿੱਛੇ ਹੋ ਲਿਆ।

ਅਸੀਂ ਪਿਓ-ਪੁੱਤ ਝੋਟੀ ਲੈ ਗਏ ਤੇ ਸੁੱਖੀਂ ਸਾਂਦੀ ਟੀਕਾ ਲਵਾ ਕੇ ਲੈ ਵੀ ਆਏ। ਸਾਡਾ ਘਰ ਲੰਮੂਤਰਾ ਜਿਹਾ ਸੀ, ਪਿੱਛੇ ਤਿੰਨ-ਚਾਰ ਅੱਖੇ ਛੱਤੇ ਹੋਏ ਸਨ ਤੇ ਮੂਹਰੇ ਵਿਹੜਾ ਸੀ। ਪਿੱਛੇ ਖੁੱਲ੍ਹਾ ਬਾਗਲ ਸੀ। ਬਾਪੂ ਘਰ ਦੇ ਪਿਛਲੇ ਬਾਗਲ ਵਿੱਚ ਝੋਟੀ ਬੰਨ੍ਹਣ ਲੱਗ ਪਿਆ ਤੇ ਮੈਂ ਡੈਂਡਕਾ ਸੁੱਟ ਕੇ ਖਿੜਕੀ ਨੁਮਾ ਭੀੜੇ ਜਿਹੇ ਬਾਰ ਵਿੱਚ ਦੀ ਅੰਦਰ ਲੰਘ ਗਿਆ।

ਅੱਗੇ ਬੇਬੇ ਸਬਾਤ ਅੰਦਰ ਚੱਕਵਾਂ ਚੁੱਲ੍ਹਾ ਰੱਖ ਕੇ ਨਾਲੇ ਚਾਹ ਬਣਾਈ ਬੈਠੀ ਸੀ, ਨਾਲੇ ਸੇਕ ਰਹੀ ਸੀ। ਮੇਰੇ ਚੁੱਲ੍ਹੇ ਮੂਹਰੇ ਬੈਠਦਿਆਂ ਹੀ ਚਾਹ ਫੜਾਉਂਦੀ ਬੇਬੇ ਫਿਕਰ ਨਾਲ ਪੁੱਛਣ ਲੱਗੀ, “ਹੈਂ ਵੇ… ਠੀਕ ਰਹੇ… ਤੰਗ ਤਾਂ ਨੀ ਕੀਤੇ। ਝੋਟੀ ਛੁਡਾ ਕੇ ਭੱਜੀ-ਭੁੱਜੀ ਤਾਂ ਨੀ?”

ਮੈਂ ਕਿਹਾ, “ਪੁੱਛ ਨਾ, ਬੜੇ ਤੰਗ ਕੀਤੇ।”

ਬੇਬੇ ਕਹਿੰਦੀ, “ਕਿਉਂ ਵੇ ਕੀ ਹੋਇਆ?”

ਮੈਂ ਕਿਹਾ, “ਝੋਟੀ ਸੰਗਲ ਛੁਡਾ ਕੇ ਭੱਜੀ ਗਈ, ਭੱਜੀ ਗਈ, ਭੱਜੀ ਗਈ; ਜਾ ਕੇ ਨਿੰਮ ’ਤੇ ਚੜ੍ਹ ਗਈ।”

ਬੇਬੇ ਕਹਿੰਦੀ, “ਬੂਹ ਵੇ, ਆਏਂ ਕਿਵੇਂ ਚੜ੍ਹ’ਗੀ?”

ਮੈਂ ਕਿਹਾ, “ਪਤਾ ਨੀ ਭੱਜਦੀ-ਭੱਜਦੀ ਜਾ ਚੜ੍ਹੀ।”

“ਫੇਰ ਕਿਵੇਂ ਲਾਹੀ ਵੇ?”

ਮੈਂ ਕਿਹਾ, “ਲਾਹੁਣੀ ਕਿਵੇਂ ਸੀ, ਲੋਕ ’ਕੱਠੇ ਹੋ’ਗੇ, ਉਨ੍ਹਾਂ ਮਸਾਂ ਕਰ-ਕਰਾ ਕੇ ਲਾਹੀ।”

ਗੱਪ ਮਾਰਦੇ-ਮਾਰਦੇ ਖਾਸਾ ਚਿਰ ਦੀ ਰੋਕੀ ਮੇਰੀ ਹਾਸੀ ਨਿਕਲ ਗਈ। ਬੇਬੇ ਨੂੰ ਫਿਰ ਸੁਰਤ ਜਿਹੀ ਆਈ, ਕਹਿੰਦੀ- “ਹਟ ਵੇ… ਮਰੇਂ ਤੂੰ, ਮੇਰੀ ਜਾਨ ਕੱਢ’ਤੀ ਡਰਾ ਕੇ।” ਫਿਰ ਹੱਸਦੀ ਕਹਿਣ ਲੱਗੀ, “ਅੰਨ੍ਹਾ ਜੁਲਾਹਾ ਮਾਂ ਨਾਲ ਮਸ਼ਕਰੀਆਂ!”

ਮੈਂ ਬੇਬੇ ਨਾਲ ਅਕਸਰ ਨਿੱਕੀਆਂ-ਨਿੱਕੀਆਂ ਚਹੇਡਾਂ ਕਰਦਾ ਰਹਿੰਦਾ ਸੀ। ਕਦੇ ਨਹੁੰ ਕਟਾਉਣ ਆਈ ਦੇ ਨੇਲ-ਕਟਰ ਚੁਭੋ ਦਿੰਦਾ, ਕਦੇ ਤੁਰਿਆ ਜਾਂਦਾ ਬੈਠੀ ਦੇ ਸਿਰ ’ਚ ਠੋਲਾ ਮਾਰ ਜਾਂਦਾ। ਮੈਂ ਤਾਂ ਆਖ਼ਿਰੀ ਦਿਨ ਵੀ ਬੇਬੇ ਨੂੰ ਚਹੇਡ ਕਰ ਕੇ ਵਿਦਾ ਕੀਤਾ ਸੀ। ਉਹ 2007 ਵਾਲੀ ਲੋਹੜੀ ਤੋਂ ਇੱਕ ਦਿਨ ਪਹਿਲਾਂ ਦਾ ਦਿਨ ਸੀ। ਉਸ ਦਿਨ ਆਖ਼ਿਰੀ ਸਾਹਾਂ ’ਤੇ ਹੋਣ ਕਰ ਕੇ ਉਹਦਾ ਮੰਜਾ ਅੰਦਰੋਂ ਕੱਢ ਕੇ ਬਾਹਰ ਵਿਹੜੇ ਵਿੱਚ ਰੱਖਿਆ ਹੋਇਆ ਸੀ। ਪਰਿਵਾਰ ਤੇ ਗੁਆਂਢ ਦੀਆਂ ਔਰਤਾਂ ਉਹਦੇ ਮੰਜੇ ਦੁਆਲੇ ਖੜ੍ਹੀਆਂ ਚਮਚੇ ਨਾਲ ਉਹਦੇ ਬੇਸੁਰਤ ਪਈ ਦੇ ਮੂੰਹ ਵਿੱਚ ਪਾਣੀ ਪਾ ਰਹੀਆਂ ਸਨ।

ਸਾਂਝਾ ਕਰੋ

ਪੜ੍ਹੋ

ਆਪ ਆਗੂਆਂ ਨੇ ਭਾਜਪਾ ’ਤੇ ਵਾਅਦੇ ਸਮੇਂ

ਨਵੀਂ ਦਿੱਲੀ, 12 ਮਾਰਚ – ਆਪ ਆਗੂ ਰਿਤੁਰਾਜ ਝਾਅ ਨੇ...