ਅਕਾਲ ਤਖ਼ਤ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬਾਗ਼ੀਆਂ ਵੱਲੋਂ ਆਲੋਚਨਾ ਦਾ ਸਾਹਮਣਾ ਕਰ ਰਹੇ ਸੁਖਬੀਰ ਸਿੰਘ ਬਾਦਲ ਨੇ ਆਖ਼ਿਰਕਾਰ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦੇ ਅਸਤੀਫ਼ੇ ਨੇ ਜ਼ਾਹਿਰਾ ਤੌਰ ’ਤੇ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਲਈ ਰਾਹ ਪੱਧਰਾ ਕਰ ਦਿੱਤਾ ਹੈ ਪਰ ਇਹ ਅਜੇ ਦੇਖਣ ਵਾਲਾ ਹੋਵੇਗਾ ਕਿ ਕਾਰਵਾਈ ਜਮਹੂਰੀ ਢੰਗ ਨਾਲ ਸਿਰੇ ਚੜ੍ਹਦੀ ਹੈ ਜਾਂ ਨਹੀਂ। ਸਿੱਖਾਂ ਦੀ ਸਰਬਉੱਚ ਸੰਸਥਾ ਅਕਾਲ ਤਖ਼ਤ ਵੱਲੋਂ ਅਗਸਤ ਵਿਚ ਤਨਖ਼ਾਹੀਆ ਕਰਾਰ ਦਿੱਤੇ ਜਾਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀ ਸਥਿਤੀ ਅਸਥਿਰ ਹੋ ਗਈ ਸੀ। ਉਨ੍ਹਾਂ ਨੂੰ ਇਹ ਸਜ਼ਾ ਪਾਰਟੀ ਅਤੇ 2007-2017 ਤੱਕ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੀਆਂ ‘ਗ਼ਲਤੀਆਂ’ ਲਈ ਲਾਈ ਗਈ ਸੀ। ਪਹਿਲਾਂ ਵਿਧਾਨ ਸਭਾ ਅਤੇ ਮਗਰੋਂ ਸੰਸਦੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮਾੜੇ ਪ੍ਰਦਰਸ਼ਨ ਕਾਰਨ ਸੁਖਬੀਰ ਸਿੰਘ ਬਾਦਲ ਪਹਿਲਾਂ ਹੀ ਕਮਜ਼ੋਰ ਪੈ ਚੁੱਕੇ ਹਨ। ਅਸਲ ਵਿਚ, ਸੁਖਬੀਰ ਸਿੰਘ ਬਾਦਲ ਨੇ ਪਾਰਟੀ ਨੂੰ ਜਿਸ ਢੰਗ ਨਾਲ ਚਲਾਉਣ ਦਾ ਯਤਨ ਕੀਤਾ, ਉਸ ਦੀ ਦੱਬਵੀਂ ਸੁਰ ਵਿੱਚ ਆਲੋਚਨਾ ਤਾਂ ਬਹੁਤ ਪਹਿਲਾਂ ਸ਼ੁਰੂ ਹੋ ਗਈ ਸੀ ਪਰ ਉਦੋਂ ਸ੍ਰੀ ਪ੍ਰਕਾਸ਼ ਸਿੰਘ ਬਾਦਲ ਸਥਿਤੀ ਨੂੰ ਸੰਭਾਲ ਲੈਂਦੇ ਸਨ। ਉਨ੍ਹਾਂ ਤੋਂ ਬਾਅਦ ਸੁਖਬੀਰ ਖਿਲਾਫ ਲਗਾਤਾਰ ਬਗਾਵਤਾਂ ਉੱਠਣ ਲੱਗੀਆਂ ਅਤੇ ਹਾਲਾਤ ਹੌਲੀ-ਹੌਲੀ ਕਾਬੂ ਤੋਂ ਬਾਹਰ ਹੁੰਦੇ ਗਏ।
ਬਾਦਲਾਂ ਨੇ ਕਰੀਬ ਤਿੰਨ ਦਹਾਕਿਆਂ ਤੱਕ ਸ਼੍ਰੋਮਣੀ ਅਕਾਲੀ ਦਲ ’ਤੇ ਮਜ਼ਬੂਤ ਪਕੜ ਬਣਾ ਕੇ ਰੱਖੀ। ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਨੇ ਸ਼ਲਾਘਾਯੋਗ ਢੰਗ ਨਾਲ ਪਾਰਟੀ ਨੂੰ ਮਜ਼ਬੂਤੀ ਦਿੱਤੀ, ਸਾਰਿਆਂ ਨੂੰ ਨਾਲ ਲੈ ਕੇ ਚੱਲੇ ਪਰ ਆਪਣੇ ਆਖ਼ਿਰੀ ਵਰ੍ਹਿਆਂ ਵਿੱਚ ਉਹ ਹਾਲਾਤ ਨੂੰ ਬੇਕਾਬੂ ਹੋਣ ਤੋਂ ਨਹੀਂ ਰੋਕ ਸਕੇ। ਬੇਅਦਬੀ ਦੀਆਂ ਘਟਨਾਵਾਂ ਅਤੇ 2015 ਵਿੱਚ ਹੋਈ ਬਹਿਬਲ ਕਲਾਂ ਪੁਲੀਸ ਫਾਇਰਿੰਗ ਦੀ ਘਟਨਾ ਉਨ੍ਹਾਂ ਦੇ ਸ਼ਾਨਦਾਰ ਕਰੀਅਰ ’ਤੇ ਦਾਗ਼ ਲਾ ਗਈ। ਅਪਰੈਲ 2023 ਵਿੱਚ ਸੀਨੀਅਰ ਬਾਦਲ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਪੁੱਤਰ ਸੁਖਬੀਰ ਸਿੰਘ ਬਾਦਲ ਬਗ਼ਾਵਤ ਨੂੰ ਕਾਬੂ ਹੇਠ ਰੱਖਣ ਅਤੇ ਖ਼ੁਦ ਨੂੰ ਪਾਰਟੀ ਦੇ ਨੇਤਾ ਵਜੋਂ ਸਥਾਪਿਤ ਕਰਨ ’ਚ ਸੰਘਰਸ਼ ਕਰਦੇ ਰਹੇ। ਮੌਜੂਦਾ ਸਥਿਤੀ ਕੁਝ ਸੁਭਾਵਿਕ ਸਵਾਲ ਚੁੱਕਦੀ ਹੈ: ਕੀ ਪਾਰਟੀ ਬਾਦਲ ਪਰਿਵਾਰ ਤੋਂ ਬਾਹਰਲੇ ਕਿਸੇ ਆਗੂ ਨੂੰ ਕਮਾਨ ਸੰਭਾਲੇਗੀ? ਕੀ ਉਹ ਬਾਦਲ ਦਾ ਵਫ਼ਾਦਾਰ ਹੋਵੇਗਾ ਜਾਂ ਫਿਰ ਬਾਗੀ ਧੜੇ ਵਿੱਚੋਂ ਕਿਸੇ ਨੂੰ ਲਿਆ ਜਾਵੇਗਾ? ਤੇ ਕੀ ਨਵਾਂ ਪ੍ਰਧਾਨ, ਪਾਰਟੀ ਅੰਦਰ ਨਵੀਂ ਰੂਹ ਫੂਕਣ ਵਿੱਚ ਸਫ਼ਲ ਹੋ ਸਕੇਗਾ?
ਭਾਰਤ ਦੀਆਂ ਸਭ ਤੋਂ ਪੁਰਾਣੀਆਂ ਰਾਜਨੀਤਕ ਪਾਰਟੀਆਂ ਵਿੱਚ ਸ਼ੁਮਾਰ ਸ਼੍ਰੋਮਣੀ ਅਕਾਲੀ ਦਲ ਅੱਜ ਖ਼ੁਦ ਨੂੰ ਚੌਰਾਹੇ ’ਤੇ ਖੜ੍ਹਾ ਦੇਖ ਰਿਹਾ ਹੈ। ਲੋਕਾਂ ਖ਼ਾਸ ਕਰ ਕੇ ਸਿੱਖਾਂ ਅਤੇ ਕਿਸਾਨਾਂ ਦੇ ਭਰੋਸੇ ਨੂੰ ਜਿੱਤਣ ਲਈ ਇਸ ਨੂੰ ਸਖ਼ਤ ਫ਼ੈਸਲੇ ਲੈਣੇ ਪੈਣਗੇ। ਜੇਕਰ ਬਾਦਲ ਪਰਿਵਾਰ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਸੀਟ ਮੱਲੀ ਰੱਖਦਾ ਹੈ ਤਾਂ ਅਗਾਮੀ ਪਾਰਟੀ ਚੋਣ ਖਾਨਾਪੂਰਤੀ ਬਣ ਕੇ ਰਹਿ ਜਾਵੇਗੀ। ਪਾਰਟੀ ਨੂੰ ਫ਼ੈਸਲਾ ਕਰਨਾ ਪਏਗਾ ਕਿ ਇਹ ਕਾਂਗਰਸ ਵਾਂਗ ਚੱਲਣਾ ਚਾਹੁੰਦੀ ਹੈ ਜਿੱਥੇ ਮਲਿਕਾਰਜੁਨ ਖੜਗੇ ਭਾਵੇਂ ਪਾਰਟੀ ਦੇ ਪ੍ਰਧਾਨ ਹਨ ਪਰ ਅਹਿਮ ਫ਼ੈਸਲੇ ਗਾਂਧੀ ਪਰਿਵਾਰ ਲੈਂਦਾ ਹੈ, ਜਾਂ ਫਿਰ ਬਿਲਕੁਲ ਨਵਾਂ ਰਾਸਤਾ ਫੜਿਆ ਜਾਵੇਗਾ। ਇਸ ਲਈ ਇਹ ਹੁਣ ਅਕਾਲੀ ਦਲ ਲਈ ਵੱਡੀ ਚੁਣੌਤੀ ਦਾ ਵਕਤ ਹੈ।