ਪ੍ਰਵਾਸ ਨੇ ਨਿਗਲੀ ਨਸਲ ਤੇ ਫਸਲ ਦਾ ਬਿਰਤਾਂਤ ਹੈ-“ਸਹਿਕਦੇ ਸਾਹਾਂ ਦਾ ਸਫਰ”/ਰਵਿੰਦਰ ਚੋਟ


ਯੂਨੀਸਟਾਰ ਬੁੱਕਸ ਪਬਲਿਸ਼ਰ ਚੰਡੀਗੜ੍ਹ ਨੇ ਹੁਣੇ ਹੁਣੇ ਯਾਦਵਿੰਦਰ ਸਿੰਘ ਬਦੇਸ਼ਾ ਦਾ ਦੂਸਰਾ ਨਾਵਲ “ਸਹਿਕਦੇ ਸਾਹਾਂ ਦਾ ਸਫਰ” ਪਾਠਕਾਂ ਦੇ ਵਿਚਾਰ-ਗੋਚਰੇ ਕੀਤਾ ਹੈ।ਲੇਖਕ ਦਾ ਪਹਿਲਾ ਨਾਵਲ “ਬੋਹੜ ਪੁੱਤ” ਦਾ ਪਹਿਲਾਂ ਹੀ ਪਾਠਕ ਅਧਿਐਨ ਕਰ ਚੁੱਕੇ ਹਨ।ਯਾਦਵਿੰਦਰ ਬਦੇਸ਼ਾ ਖਾਲਸਾ ਕਾਲਜ ਤੋਂ ਉੱਚ ਵਿਦਿਆ ਹਾਸਲ ਕਰਕੇ ਇੱਥੇ ਰੁਜ਼ਗਾਰ ਲਈ ਟੱਕਰਾਂ ਮਾਰਨ ਤੋਂ ਬਾਅਦ ਪੰਜਾਬ ਦੇ ਹੋਰ ਨੌ-ਜਵਾਨਾਂ ਵਾਂਗ ਰੋਜ਼ੀ-ਰੋਟੀ ਲਈ ਸਮੁੰਦਰੋਂ ਪਾਰ ਸਵੀਡਨ ਵਿੱਚ ਵੱਸ ਗਿਆ ਹੈ ਪਰ ਪੰਜਾਬੀਅਤ ਤੇ ਪੰਜਾਬੀ ਸਾਹਿਤ ਨਾਲ ਇਸ਼ਕ ਨੇ ਉਸਦੀ ਕਲਮ ਨਾਵਲ ਤੇ ਕਹਾਣੀ ਲਿਖਣ ਵਲ ਤੋਰ ਲਈ।ਉਹ ਆਪਣੇ ਪ੍ਰਵਾਰ ਨੂੰ ਪਾਲਣ ਲਈ ਜਿੱਥੇ ਟਰੱਕ-ਟਰਾਲੇ ਚਲਾਉਂਦਾ ਹੈ ਉੱਥੇ ਨਾਲ ਹੀ ਨਾਵਲ ਕਹਾਣੀਆਂ ਦੀਆਂ ਗੋਂਦਾ ਗੁੰਦਦਾ ਰਹਿੰਦਾ ਹੈ।ਬਦੇਸ਼ਾ ਦੀਆਂ ਲਿਖਤਾਂ ਵਿੱਚ ਪੰਜਾਬ ਦੀ ਨਿੱਘਰ ਰਹੀ ਕਿਰਸਾਨੀ,ਹੱਥਾਂ ਵਿੱਚੋਂ ਕਿਰਦੀ ਜਾਂਫਸਦੀ ਲ,ਬੌਦਲੀ ਹੋਈ ਨਵੀ ਨਸਲ ਅਤੇ ਪ੍ਰਵਾਸ ਦੇ ਵਿਰਤਾਂਤ ਹਨ ਜਿਹੜੇ ਕਿ ਬਦੇਸ਼ਾ ਨੇ ਆਪਣੇ ਹੱਡੀਂ ਹੰਢਾਏ ਹਨ।ਭਾਵੇ ਮਨੁੱਖ ਤੇ ਪੰਛੀ ‘ਜਹਾ ਦਾਣਾ ਤਹਾ ਖਾਣਾ’ਮੁਤਾਵਕ ਮੁੱਢ-ਕਦੀਮ ਤੋਂ ਭੈੜੇ ਹਾਲਾਤਾਂ ਤੋਂ ਚੰਗੇ ਹਾਲਾਤਾਂ ਵਲ ਪ੍ਰਵਾਸ ਕਰਦੇ ਆਏ ਹਨ ਪਰ ਅਜੋਕੇ ਪ੍ਰਵਾਸ ਨੇ ਪੰਜਾਬ ਨੂੰ ਤਵਾਹੀ ਵਲ ਤੋਰਿਆ ਹੋਇਆ ਹੈ।ਪ੍ਰਵਾਸ ਲਈ ਜ਼ਮੀਨ ਵਿਕ ਰਹੀ ਹੈ ਤੇ ਜਵਾਨੀ ਰੁੱਲ ਰਹੀ ਹੈ।ਪਹਿਲਾਂ ਲੋਕ ਇਹ ਸੋਚ ਕੇ ਬਾਹਰ ਜਾਂਦੇ ਸਨ ਕਿ ਬਾਹਰੋਂ ਕਮਾ ਕੇ ਦੇਸ਼ ਭੇਜਣ ਗੇ ਅਤੇ ਕੁੱਝ ਸਾਲ ਲਗਾ ਕੇ ਘਰ ਦੀ ਖੁਸ਼ਕੀ ਚੁੱਕੀ ਜਾਵੇ ਗੀ।ਫਿਰ ਉਹ ਆਪਣੇ ਪ੍ਰਵਾਰ ਵਿੱਚ ਆਕੇ ਆਪਣੇ ਰਵਾਇਤੀ ਕੰਮਾਂ ਵਿੱਚ ਗੁਜ਼ਰ-ਬਸਰ ਕਰ ਲੈਣਗੇ ਪਰ ਅੱਜ ਤਾਂ ਬੱਚੇ ਇੱਥੋਂ ਦੇ ਹਾਲਾਤਾਂ ਤੋਂ ਸਤੇ ਹੋਏ ਇਹ ਸੋਚ ਕੇ ਬਾਹਰ ਵਲ ਮੂੰਹ ਕਰਦੇ ਹਨ ਕਿ ਮੁੜ ਕੇ ਇੱਧਰ ਮੂੰਹ ਨਹੀ ਕਰਨਾ-ਬਾਹਰ ਭਾਂਵੇ ਜਿਹੋ ਜਿਹਾ ਮਰਜ਼ੀ ਕੰਮ ਕਰਨਾ ਪਵੇ।ਇਹਨਾਂ ਨੂੰ ਪਿਛਲਾ ਹੇਰਵਾ ਵੀ ਬਹੁਤਾ ਨਹੀ ਹੁੰਦਾ।
“ਸਹਿਕਦੇ ਸਾਹਾਂ ਦਾ ਸਫਰ” ਨਾਵਲ ਵੀ ਗਲਤ ਏਜੰਟਾਂ ਹੱਥ ਚੜ੍ਹ ਕੇ,ਆਪਣੇ ਮਾਪਿਆਂ ਦੇ ਗਲ ਗੂਠਾ ਦੇ ਕੇ, ਜ਼ਮੀਨ ਵਿਕਾਕੇ ,ਉਹਨਾਂ ਨੂੰ ਵਿਲਕਦੇ ਛੱਡਕੇ, ਬਾਹਰ ਨੂੰ ਤੁਰੇ ਨੌਜਵਾਨ ਦੀ ਕਹਾਣੀ ਹੈ।ਮਾਪੇ ਲੰਬੀ ਉਡੀਕ ਦਾ ਸੰਤਾਪ ਭੋਗਦੇ,ਪੁੱਤ ਨੂੰ ਮੁੜ ਮਿਲਣ ਦੀ ਤਾਂਘ ਲੈਕੇ ਦਰ ਦਰ ਭਟਕਦੇ ਫਿਰਦੇ ਹਨ।ਕਈ ਵਾਰੀ ਲੋੜ ਤੋਂ ਵਗੈਰ ਹੀ‘ਭੇਡ ਚਾਲ’ਜਾਂ ਕਿਸੇ ਦੇ ਬਹਿਕਾਵੇ ਵਿੱਚ ਆਕੇ ‘ਬਾਹਰ’ ਨੂੰ ਤੁਰ ਪੈਣਾ,ਅਣਜਾਣੇ ਰਾਹਾਂ ਵਿੱਚ ਖੋਅ ਜਾਣਾ-ਪਿਛੇ ਰਹਿ ਗਏ ਮਾਪਿਆ ਲਈ ਅਸਿਹ ਕਸ਼ਟ-ਦਾਇਕ ਹੋ ਨਿਬੜਦਾ ਹੈ ਤੇ ਕਈ ਵਾਰੀ ਉਹਨਾਂ ਦੀ ਜਾਨ ਵੀ ਲੈ ਲੈਂਦਾ ਹੈ।ਬਦੇਸ਼ਾ ਆਪ ਵੀ ਲਿਖਦਾ ਹੈ ਕਿ ਇਹ ਨਾਵਲ ਉਹਨਾਂ ਸਾਰੀਆਂ ਮਾਵਾਂ ਨੂੰ ਇਕ ਸ਼ਰਧਾਜ਼ਲੀ ਹੈ ਜੋ ਆਪਣੇ ਪੁੱਤਰਾਂ ਦੀ ਉਡੀਕ ਵਿੱਚ ਤੜਫਦੀਆਂ ਕੁਰਲਾਉਂਦੀਆਂ ਇਸ ਬੇਦਰਦ ਸਮਾਜ ਤੋਂ ਰੁਖਸਤ ਹੋ ਗਈਆ।ਜਾਹਲੀ ਏਜੰਟਾਂ ਵਲੋਂ ਕੀਤੀ ਜਾ ਰਹੀ ਅਣਮਨੁੱਖੀ ਲੁੱਟ ਦੇ ਸ਼ਿਕਾਰ ਹੋਏ ਮਾਪੇ ਨਾ ਚਾਹੁੰਦੇ ਹੋਏ ਵੀ ਇਕਲੌਤੇ ਪੁੱਤ ਨੂੰ ਇਹਨਾਂ ਦੇ ਹਵਾਲੇ ਕਰ ਕੇ ਸਾਰੀ ਉਮਰ ਪੁੱਤ ਦੀ ਦੀਦ ਲਈ ਤਰਸਦੇ ਹਨ।ਇਹੋ ਜਿਹੇ ਬਹੁਤੇ ਏਜੰਟ ਲੋਕਾਂ ਕੋਲੋ ਥੋਕ ‘ਚ ਪੈਸੇ ਇਕੱਠੇ ਕਰਕੇ ਕਿਤੇ ਦੂਰ ਭੱਜ ਜਾਂਦੇ ਹਨ।ਲੋਕ ਉਹਨਾਂ ਨੂੰ ਲੱਭਣ ਤੇ ਮੁਕੱਦਮਬਾਜ਼ੀ ਵਿੱਚ ਹੋਰ ਪੈਸੇ ਖਰਾਬ ਕਰਦੇ ਹਨ।ਬਦੇਸ਼ਾ ਦੇ ਇਸ ਨਾਵਲ ਦੇ ਪਾਤਰ ਵੀ ਇਸੇ ਤਰ੍ਹਾਂ ਲੁੱਟ ਹੁੰਦੇ ਹਨ।ਮਾਂ ਆਪਣੇ ਪੁੱਤ ਨੂੰ ਉਡੀਕਦੀ ਨੀਮ-ਪਾਗਲ ਹੋ ਕੇ ਆਉਂਦੇ ਜਾਂਦੇ ਜਹਾਜ਼ਾਂ ਦੀਆਂ ਅਵਾਜ਼ਾਂ ਸੁਣ ਕੇ ਅਸਮਾਨ ਵਲ ਨੀਝ ਲਾਕੇ ਵੇਖਦੀ ਰਹਿੰਦੀ ਹੈ।
ਬਦੇਸ਼ਾਂ ਦੀ ਇਹ ਪ੍ਰਾਪਤੀ ਕਹੀ ਜਾ ਸਕਦੀ ਹੈ ਕਿ ਨਾਵਲ ਦੇ ਪਾਤਰਾਂ ਨੂੰ ਨਾਲ ਲੈ ਕੇ ਸਹਿਜ ਰਫਤਾਰ ਨਾਲ ਆਪਣੇ ਸਿਖਰ ਵਲ ਵਧਦਾ ਹੈ।ਸਾਰੇ ਨਾਵਲ ਵਿੱਚ ਇਹ ਭੇਦ ਬਣਿਆ ਰਹਿੰਦਾ ਹੈ ਕਿ ਬਲਜੀਤ ਨੂੰ ਏਜੰਟ ਨੇ ਕਿੱਥੇ ਭੇਜ ਦਿਤਾ,ਕਿਤੇ ਪਹੁੰਚਿਆ ਕਿ ਨਹੀਂ ਜਾਂ ਕਿਤੇ ਮਾਰ-ਖਪਾ ਦਿਤਾ।ਪਾਠਕ ਦੀ ਦਿਲਚਸ਼ਪੀ ਅਖੀਰ ਤਕ ਬਣੀ ਰਹਿੰਦੀ ਹੈ।ਬਦੇਸ਼ਾਂ ਪਾਤਰਾਂ ਦੇ ਮਨ ਦੇ ਅੰਦਰਲੇ ਪ੍ਰਤੀਕਰਮਾਂ ਨੂੰ ਬਾਹਰ ਵਾਪਰ ਰਹੀਆ ਘਟਨਾਵਾਂ ਦੇ ਪਰਿਖੇਪ ਵਿੱਚ ਬਦਲਦੇ ਹੋਏ ਚਿੱਤਰਦਾ ਹੈ ਜਿਹੜਾ ਕਿ ਬਹੁਤ ਹੀ ਸੁਭਾਵਕ ਲੱਗਦਾ ਹੈ।ਇਹ ਦੇਖਿਆ ਗਿਆ ਹੈ ਕਿਸੇ ਵਿਸ਼ੇਸ਼ ਥਾਂ,ਇਲਾਕੇ,ਪਿੰਡ-ਸ਼ਹਿਰ ਦੇ ਸਭਿਆਚਾਰ ਦੀ ਵਿਸ਼ੇਸ਼ ਰੂਹ/ਆਤਮਾਂ ਹੁੰਦੀ ਹੈ।ਉਸੇ ਨੂੰ ਦਰਸਾਉਣ ਲਈ ਸਿਰਜਿਆ ਇਸ ਨਾਵਲ ਦਾ ਪਾਤਰ ਕਾਮਰੇਡ ਦਾ ਕਿਰਦਾਰ ਪਾਠਕਾਂ ਲਈ ਵੱਖਰੀ ਦਿਲਚਸ਼ਪੀ ਦਾ ਕਾਰਨ ਬਣਦਾ ਹੈ।ਪਾਤਰਾਂ ਦੀ ਵਾਰਤਾਲਾਪ ਉਹਨਾਂ ਦੇ ਕਿਰਦਾਰ ਮੁਤਾਵਕ ਸਹਿਜ ਹੈ ਪਰ ਇਕ ਦੋ ਥਾਵਾਂ ਤੇ ਬਦੇਸ਼ਾਂ ਪਾਤਰਾਂ ਦੇ ਥਾਂ ਤੇ ਆਪ ਹੀ ਬੋਲਣ ਲੱਗਦਾ ਹੈ ਜਿਹੜਾ ਕਿ ਅਸੁਭਾਵਕਤਾ ਪੈਦਾ ਕਰਦਾ ਹੈ।ਉਸਦੇ ਪਾਤਰਾਂ ਵਿੱਚੋਂ ਮਾਝਾਂ ਬੋਲਦਾ ਹੈ ਕਿਉਂਕਿ ਬਦੇਸ਼ਾਂ ਆਪ ਮਾਝੇ ਦਾ ਜੰਮ-ਪਲ ਹੈ।ਪੁਲਸ ਦੀਆਂ ਜ਼ਿਆਦਤੀਆਂ,ਵੱਡੀਖੋਰੀ,ਸਰਪੰਚਾਂ ਦੇ ਦੋਗਲੇ ਕਿਰਦਾਰ ਵੀ ਨਾਵਲ ਵਿੱਚ ਉੱਭਰ ਕੇ ਸਾਹਮਣੇ ਆਉਂਦੇ ਹਨ।ਬਹੁਤਾ ਕਾਲਾ ਧੰਨ ਇਕੱਠਾ ਕਰ ਲੈਣ ਤੋਂ ਬਾਅਦ ਹੰਕਾਰਿਆ ਬੰਦਾ ਦੂਸਰਿਆਂ ਨੂੰ ਬੰਦੇ ਨਹੀ ਸਮਝਦਾ ਸਗੋ ਹੈਂਕੜ ਵਿੱਚ ਉਹਨੂੰ ਕੰਮੀ ਤੇ ਮੰਗਤੇ ਹੀ ਦਿਸਦੇ ਹਨ। ਨਾਵਲ ਵਿੱਚ ਮਾਂ ਨਾ ਜਾਣਦੇ ਹੋਏ ਵੀ ਵਾਰ ਵਾਰ ਉਸ ਥਾਂ ਵਲ ਭੱਜਦੀ ਹੈ ਜਿਥੇ ਏਜੰਟ ਨੇ ਉਸ ਦੇ ਪੁੱਤਰ ਨੂੰ ਮਾਰ ਕੇ ਦੱਬਿਆ ਹੁੰਦਾ ਹੈ। ਨਾਵਲਕਾਰ ਅਖੀਰਲੇ ਦੋ ਚੈਪਟਰਾਂ ਵਿੱਚ ਨਾਵਲ ਦਾ ਨਿਚੋੜ ਕੱਢਕੇ ਸਾਰੀ ਗੁੱਥੀ ਸੁਲਝਾਅ ਦਿੰਦਾ ਹੈ।
ਭਾਵੇ ਨਾਵਲਕਾਰ ਦਾ ਇਹ ਦੂਸਰਾ ਨਾਵਲ ਹੀ ਹੈ ਪਰ ਉਸਨੇ ਮਿਹਨਤ ਕਰਕੇ ਮਨੁੱਖੀ ਸੁਭਾਅ,ਰਿਸ਼ਤਿਆ ਦੀ ਟੁੱਟ-ਭੱਜ,ਕਾਲਾ ਧੰਨ ਮਨੁੱਖ ਦਾ ਵੈਰੀ,ਮਾਲਕ ਤੇ ਸੀਰੀ ਦੀ ਸਾਂਝ,ਪੁਲਸ ਦਾ ਪੈਸਿਆਂ ਦੇ ਲਾਲਚ ਵਿੱਚ ਦੋਗਲਾਂ ਵਤੀਰਾ,ਪਾਖੰਡੀ ਸਾਧਾ ਦੇ ਅਵਿਗਿਆਨਕ ਵਰਤਾਰੇ,ਜ਼ਖਮੀ ਹੋਈ ਮਮਤਾ ਆਦਿ ਵਿਸ਼ਿਆ ਨੂੰ ਬਰੀਕੀ ਨਾਲ ਸ਼ਮਝ ਕੇ ਵਿਆਕਤ ਕਰਨ ਦੀ ਕੋਸ਼ਿਸ਼ ਕੀਤੀ ਹੈ।ਆਸ ਕੀਤੀ ਜਾ ਸਕਦੀ ਹੈ ਕਿ ਪਾਠਕ ਉਸ ਦੇ ਪਹਿਲੇ ਨਾਵਲ ਵਾਂਗ ਹੀ ਪਿਆਰ ਦੇਣਗੇ।ਭਵਿਖ ਵਿੱਚ ਯਾਦਵਿੰਦਰ ਸਿੰਘ ਬਦੇਸ਼ਾਂ ਤੋੰ ਹੋਰ ਵੀ ਸੰਜੀਦਾ ਨਾਵਲਾਂ ਦੀ ਆਸ ਕੀਤੀ ਜਾ ਸਕਦੀ ਹੈ।


ਰਵਿੰਦਰ ਚੋਟ/9872673703
ਫਗਵਾੜਾ।

ਸਾਂਝਾ ਕਰੋ

ਪੜ੍ਹੋ

ਜਮਹੂਰੀ ਅਧਿਕਾਰ ਸਭਾ ਦੀ ਸੂਬਾਈ ਆਗੂ ਪਰਮਜੀਤ

*ਜਥੇਬੰਦੀਆਂ ਦੇ ਆਗੂਆਂ ਨੇ ਦੋਸ਼ੀ ਖਿਲਾਫ਼ ਕੀਤੀ ਸਖ਼ਤ ਕਾਰਵਾਈ ਦੀ...