ਖਿਡਾਰੀ ਨਹੀਂ ਹਾਕਮ ਹਾਰੇ

ਸੰਸਾਰ ਕੱਪ ਦੇ ਆਖ਼ਰੀ ਮੈਚ ਵਿੱਚ ਆਸਟ੍ਰੇਲੀਆ ਹੱਥੋਂ ਭਾਰਤ ਦੀ ਹਾਰ ਤੋਂ ਸਾਨੂੰ ਕੋਈ ਹੈਰਾਨੀ ਨਹੀਂ ਹੋਈ। ਅਸਲ ਵਿੱਚ ਇਹ ਸੰਸਾਰ ਕੱਪ ਸ਼ੁਰੂ ਤੋਂ ਅੰਤ ਤੱਕ ਰਾਜਨੀਤਕ ਪਿੱਚ ’ਤੇ ਖੇਡਿਆ ਗਿਆ ਸੀ। ਫਾਈਨਲ ਵਾਂਗ ਇਸ ਸੰਸਾਰ ਕੱਪ ਦਾ ਉਦਘਾਟਨੀ ਮੈਚ ਵੀ ਅਹਿਮਦਾਬਾਦ ਦੇ ਨਰਿੰਦਰ ਮੋਦੀ ਦੇ ਨਾਂਅ ਵਾਲੇ ਇਸੇ ਸਟੇਡੀਅਮ ਵਿੱਚ ਖੇਡਿਆ ਗਿਆ ਸੀ। ਭਾਰਤ ਤੇ ਪਾਕਿਸਤਾਨ ਵਿਚਾਲੇ ਹੋਏ ਇਸ ਮੈਚ ਦੌਰਾਨ ਸਭ ਮਰਿਆਦਾਵਾਂ ਤੋੜ ਕੇ ਹਿੰਦੂ-ਮੁਸਲਿਮ ਦਾ ਮਾਹੌਲ ਸਿਰਜਣ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਖਿਡਾਰੀਆਂ ਦੀ ਥਾਂ ਨਰਿੰਦਰ ਮੋਦੀ ਜ਼ਿੰਦਾਬਾਦ ਤੇ ਜੈ ਸ੍ਰੀਰਾਮ ਦੇ ਨਾਅਰੇ ਲਾਏ ਗਏ। ਪਾਕਿਸਤਾਨੀ ਖਿਡਾਰੀਆਂ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਸਭ ਕੁਝ ਸਾਰੀ ਦੁਨੀਆ ਦੇਖ ਰਹੀ ਸੀ। ਹਾਕਮਾਂ ਦਾ ਇੱਕੋ-ਇੱਕ ਨਿਸ਼ਾਨਾ ਪੰਜ ਰਾਜਾਂ ਦੀਆਂ ਚੋਣਾਂ ਵਿੱਚ ਇਸ ਖੇਡ ਦਾ ਲਾਹਾ ਲੈਣਾ ਸੀ। ਇਸ ਲਈ ਪੂਰੀ ਤਿਆਰੀ ਕੀਤੀ ਗਈ ਸੀ। ਇਹ ਅਸੀਂ ਹੀ ਨਹੀਂ ਕਹਿੰਦੇ ਆਸਟ੍ਰੇਲੀਆ ਦੇ ਸਫ਼ਲ ਕਪਤਾਨ ਰਹੇ ਰਿੱਕੀ ਪੋਂਟਿੰਗ ਨੇ ਵੀ ਇਹੋ ਕਿਹਾ ਹੈ।
ਰਿੱਕੀ ਪੋਂਟਿੰਗ ਨੇ ਯਾਹੂ ਸਪੋਰਟਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਹੈ, ‘‘ਅਜਿਹਾ ਲੱਗ ਰਿਹਾ ਸੀ ਕਿ ਭਾਰਤ ਦੀ ਜਿੱਤ ਪੱਕੀ ਕਰਨ ਲਈ ਪਿੱਚ ਨੂੰ ਪੂਰੀ ਤਰ੍ਹਾਂ ਤਿਆਰ ਕੀਤਾ ਗਿਆ ਸੀ। ਮੈਚਾਂ ਦਾ ਸ਼ਡਿਊਲ ਤੇ ਪਿੱਚਾਂ ਦੇ ਮਾਮਲੇ ਵਿੱਚ ਇੰਟਰਨੈਸ਼ਨਲ �ਿਕਟ ਕੌਂਸਲ (ਆਈ ਸੀ ਸੀ) ਭਾਰਤੀ �ਿਕਟ ਕੰਟਰੋਲ ਬੋਰਡ (ਬੀ ਸੀ ਸੀ ਆਈ) ਅੱਗੇ ਝੁਕ ਗਈ ਸੀ। ਬੀ ਸੀ ਸੀ ਆਈ ਭਾਰਤ ਦੀ ਜਿੱਤ ਪੱਕੀ ਕਰਨ ਲਈ ਆਖਰੀ ਸਮੇਂ ’ਤੇ ਪਿੱਚ ਬਦਲਣ ਲਈ ਆਈ ਸੀ ਸੀ ਨੂੰ ਰਾਜ਼ੀ ਕਰਨ ਵਿੱਚ ਕਾਮਯਾਬ ਹੋ ਗਿਆ ਸੀ।’’
ਰਿੱਕੀ ਪੋਂਟਿੰਗ ਦੇ ਇਸ ਬਿਆਨ ਤੋਂ ਬਾਅਦ ਸਾਫ਼ ਹੋ ਗਿਆ ਹੈ ਕਿ ਮੈਚਾਂ ਦਾ ਸਾਰਾ ਸ਼ਡਿਊਲ ਇਸ ਤਰ੍ਹਾਂ ਤੈਅ ਕੀਤਾ ਗਿਆ, ਜਿਸ ਨਾਲ ਚੋਣਾਂ ਜਿੱਤਣ ਲਈ ਮੋਦੀ ਦੇ ਸਿਰ ਕਲਗੀ ਲੱਗ ਸਕੇ। ਇਹੋ ਨਹੀਂ, ਆਖ਼ਰੀ ਮੈਚ ਲਈ ਜਦੋਂ ਭਾਰਤੀ ਖਿਡਾਰੀ ਹੋਟਲ ਵਿੱਚੋਂ ਨਿਕਲੇ ਤਾਂ ਉਨ੍ਹਾਂ ਭਗਵਾਂ ਜਰਸੀ ਪਹਿਨੀ ਹੋਈ ਸੀ, ਜਿਹੜੀ ਉਨ੍ਹਾਂ ਨੂੰ ਨਿਰਧਾਰਤ ਨੀਲੀ ਡਰੈੱਸ ਪਹਿਨਣ ਲਈ ਸਟੇਡੀਅਮ ਜਾ ਕੇ ਬਦਲਣੀ ਪਈ ਸੀ। ਉਸ ਤੋਂ ਬਾਅਦ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹਵਾਈ ਜਹਾਜ਼ਾਂ ਦੇ ‘ਏਅਰ ਸ਼ੋਅ’ ਦਾ ਆਯੋਜਨ ਕੀਤਾ ਗਿਆ। ਇਸ ਤੋਂ ਪਹਿਲਾਂ ਅੱਜ ਤੱਕ ਕਦੇ ਵੀ ਅਜਿਹੇ ਅਡੰਬਰ ਨਹੀਂ ਹੋਏ ਸਨ। ਹਾਕਮ ਆਪਣੀ ਜਿੱਤ ਲਈ ਏਨੇ ਵਿਸ਼ਵਾਸ਼ ਵਿੱਚ ਸੀ ਕਿ ਭਾਰਤੀ ਪਾਰੀ ਦੇ ਖ਼ਤਮ ਹੋਣ ਤੋਂ ਬਾਅਦ ਸਟੇਡੀਅਮ ਵਿੱਚ ਨਾਚ-ਗਾਣਿਆਂ ਦੀ ਮਹਿਫਲ ਸਜਾ ਦਿੱਤੀ ਗਈ ਸੀ। ਇਹੋ ਨਹੀਂ ਇੱਕ ਦਿਨ ਪਹਿਲਾਂ ਸਾਰੇ ਦੇਸ਼ ਦੇ ਮੰਦਰਾਂ ਵਿੱਚ ਹਵਨ-ਯੱਗਾਂ ਦਾ ਤਾਂਤਾ ਬੰਨ੍ਹ ਕੇ ਮੈਚ ਨੂੰ ਹਿੰਦੂਤਵੀ ਰਾਸ਼ਟਰਵਾਦ ਦੀ ਪੁੱਠ ਦੇਣ ਦਾ ਵੀ ਹੀਲਾ ਕੀਤਾ ਗਿਆ ਸੀ।
ਇਸ ਸਭ ਦਾ ਨਤੀਜਾ ਇਹ ਹੋਇਆ ਕਿ ਭਾਰਤੀ ਖਿਡਾਰੀਆਂ ਉੱਪਰ ਮਣਾਂ-ਮੂੰਹੀਂ ਮਾਨਸਿਕ ਬੋਝ ਲੱਦ ਦਿੱਤਾ ਗਿਆ। ਹਵਨ-ਯੱਗਾਂ ਦਾ ਬੋਝ, ਭਗਵਾਂ ਜਰਸੀਆਂ ਦਾ ਬੋਝ, ਏਅਰ ਸ਼ੋਅ ਤੇ ਗਾਣੇ-ਵਜਾਣੇ ਦਾ ਬੋਝ ਤੇ ਸਭ ਤੋਂ ਵੱਧ ਹਾਕਮਾਂ ਦੀ ਇੱਛਾ ਪੂਰੀ ਨਾ ਹੋ ਸਕਣ ਦਾ ਬੋਝ। ਇਸੇ ਕਾਰਨ ਭਾਰਤੀ ਖਿਡਾਰੀ ਆਪਣੀ ਸੁਭਾਵਿਕ ਖੇਡ ਖੇਡਣ ਵਿੱਚ ਨਾਕਾਮ ਰਹੇ। ਇਹ ਉਹੋ ਟੀਮ ਸੀ, ਜਿਸ ਨੇ ਆਪਣੇ ਸਾਰੇ ਮੈਚ ਸ਼ਾਨ ਨਾਲ ਜਿੱਤੇ ਤੇ ਕਈ ਵਾਰ ਹਾਰ ਦੇ ਜਬਾੜ੍ਹਿਆਂ ਵਿੱਚੋਂ ਵੀ ਜਿੱਤ ਖੋਹੀ ਸੀ।
ਬਰਤਾਨਵੀ ਅਖ਼ਬਾਰ ‘ਗਾਰਡੀਅਨ’ ਨੇ ਜੋ ਟਿੱਪਣੀ ਕੀਤੀ ਹੈ, ਉਹ ਪੂਰੀ ਸਚਾਈ ਬਿਆਨ ਕਰਦੀ ਹੈ। ਭਾਰਤ ਦੀ ਹਾਰ ਤੋਂ ਬਾਅਦ ਸਟੇਡੀਅਮ ਵਿੱਚ ਛਾਏ ਸੰਨਾਟੇ ਬਾਰੇ ਉਸ ਨੇ ਲਿਖਿਆ ਹੈ, ‘‘ਇਹ ਚੁੱਪ ਦੱਸਦੀ ਹੈ ਕਿ ਅਜਿੱਤ ਭਾਰਤ ਫਾਈਨਲ ਵਿੱਚ ਕਿਵੇਂ ਬੁਰੀ ਤਰ੍ਹਾਂ ਕਰੈਸ਼ ਹੋ ਗਿਆ। ‘ਇਹ ਨਹੀਂ ਹੋਣਾ ਚਾਹੀਦਾ ਸੀ। ਸਭ ਘੜੀਆਂ ਬੰਦ ਕਰ ਦਿਓ। ਸਟੇਡੀਅਮ ਦਾ ਨਾਂਅ ਬਦਲੋ। ਡੀ ਜੇ ਦੀਆਂ ਉਤਸ਼ਾਹ ਭਰੀਆਂ ਸੰਗੀਤਕ ਧੁਨਾਂ ਵੱਜਣ ਤੋਂ ਰੋਕੋ। ਰੌਸ਼ਨੀ, ਗੁੱਸੇ ਤੇ ਸੰਨਾਟੇ ਦੇ ਦਿਨ, ਭਾਰਤ ਦਾ ਵਿਸ਼ਵ ਕੱਪ, ਅਜੈ ਵਿਸ਼ਵ ਕੱਪ, ਨਰਿੰਦਰ ਮੋਦੀ ਸਟੇਡੀਅਮ ਵਿੱਚ ਬੇਪਟੜੀ ਹੋ ਗਿਆ। ਸ਼ੋਰ-ਸ਼ਰਾਬੇ ਅਤੇ ਏਅਰ ਸ਼ੋਅ ਨਾਲ ਸ਼ੁਰੂ ਹੋਇਆ ਇਹ ਟੂਰਨਾਮੈਂਟ ਸੰਨਾਟੇ ਵਿੱਚ ਬਦਲ ਗਿਆ।’’
‘‘ਕੌਣ ਜਾਣਦਾ ਸੀ ਕਿ ਖਾਮੋਸ਼ੀ ਵੀ ਇੱਕ ਲਹਿਰ ਵਿੱਚ ਆ ਸਕਦੀ ਹੈ? ਮੋਦੀ ਤੁਰੰਤ ਠੰਢੇ ਹੋ ਗਏ, ਹਵਾ ਛੱਤ ਤੋਂ ਉੱਪਰ ਤੇ ਬਾਹਰ ਨੂੰ ਦੌੜਨ ਲੱਗੀ। 92,453 ਲੋਕਾਂ ਦੀ ਖਾਮੋਸ਼ੀ ਇੱਕ ਅਦਭੁੱਤ ਗੱਲ ਹੈ, ਖਾਮੋਸ਼ੀ ਆਪਣੇ ਆਪ ਵਿੱਚ ਇੱਕ ਇਕਾਈ ਹੈ, ਜੋ ਸ਼ੋਰ ਨੂੰ ਨਿਗਲ ਜਾਂਦੀ ਹੈ।’’
ਇਸ ਹਾਰ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿਰਾਸ਼ਾ ਦਾ ਇਹ ਆਲਮ ਸੀ ਕਿ ਉਹ ਆਪਣੇ ਰੁਤਬੇ ਦੀ ਜ਼ਿੰਮੇਵਾਰੀ ਵੀ ਭੁੱਲ ਗਏ। ਆਸਟ੍ਰੇਲੀਆਈ ਟੀਮ ਦੇ ਕਪਤਾਨ ਨੂੰ ਕੱਪ ਦੇਣ ਤੋਂ ਬਾਅਦ ਉਨ੍ਹਾ ਦਾ ਫੋਟੋ ਖਿਚਾਉਣ ਦਾ ਹੀਆ ਵੀ ਨਾ ਪਿਆ। ਆਸਟ੍ਰੇਲੀਆਈ ਕਪਤਾਨ ਫੋਟੋ ਲਈ ਖੜ੍ਹੇ ਰਹੇ, ਪਰ ਮੋਦੀ ਪਤਰਾ ਵਾਚ ਗਏ। ਇਹ ਹੋਛਾਪਣ ਤੇ ਆਪਣਾ ਖੁਦ ਦਾ ਅਪਮਾਨ ਹੈ। ਇਹ ਭਾਰਤ ਦੀ ਮਹਿਮਾਨ-ਨਿਵਾਜ਼ੀ ਦਾ ਅਪਮਾਨ ਹੈ। ਭਾਰਤੀ ਪ੍ਰਧਾਨ ਮੰਤਰੀ ਦਾ ਦੂਜੇ ਦੇਸ਼ ਦੇ ਖਿਡਾਰੀਆਂ ਪ੍ਰਤੀ ਇਹ ਵਿਹਾਰ ਮਾਫ਼ੀਯੋਗ ਨਹੀਂ। ਅਗਲੇ ਵਿਸ਼ਵ ਕੱਪ ਦਾ ਫਾਈਨਲ ਜਦੋਂ ਵੀ, ਜਿਸ ਦੇਸ਼ ਵਿੱਚ ਵੀ ਹੋਵੇਗਾ, ਪ੍ਰਧਾਨ ਮੰਤਰੀ ਦਾ ਇਹ ਵਿਹਾਰ ਯਾਦ ਆਉਂਦਾ ਰਹੇਗਾ।
-ਚੰਦ ਫਤਿਹਪੁਰੀ

ਸਾਂਝਾ ਕਰੋ

ਪੜ੍ਹੋ

ਭਾਰਤੀ ਫੌਜ ਨੇ ਅਗਨੀਵੀਰ ਭਰਤੀ ਦਾ ਐਲਾਨਿਆ

ਨਵੀਂ ਦਿੱਲੀ, 24 ਸਤੰਬਰ – ਅਗਨੀਵੀਰ ਭਰਤੀ ਪ੍ਰੀਖਿਆ ਭਾਰਤੀ ਫੌਜ...