
ਪੰਜਾਬੀ ਵਿਰਸਾ ਟਰੱਸਟ (ਰਜਿ.) ਫਗਵਾੜਾ (ਕਪੂਰਥਲਾ) ਵੱਲੋਂ ਗੁਰਮੀਤ ਸਿੰਘ ਪਲਾਹੀ ਦੁਆਰਾ ਲਿਖਤ ਪੁਸਤਕ ‘ਪਰਵਾਸੀ ਪੰਜਾਬੀ ਜਿਹਨਾਂ ‘ਤੇ ਮਾਣ ਪੰਜਾਬੀਆਂ ਨੂੰ’ ਪ੍ਰਕਾਸ਼ਿਤ ਕਰਨਾ ਪੰਜਾਬੀ ਸਾਹਿਤ ਵਿੱਚ ਇੱਕ ਨਿਵੇਕਲਾ ਉਪਰਾਲਾ ਹੈ । ਅੱਜ ਸ਼ਾਇਦ ਕੋਈ ਵੀ ਐਸਾ ਦੇਸ਼ ਨਹੀਂ ਜਿੱਥੇ ਪੰਜਾਬੀਆਂ ਨੇ ਝੰਡੇ ਨਾ ਗੱਡੇ ਹੋਣ।ਵੱਖ ਵੱਖ ਦੇਸ਼ਾਂ ਵਿੱਚ ਨਾਮਣਾ ਖੱਟਣ ਵਾਲੇ ਪੰਜਾਬੀਆਂ ਦੀ ਗਿਣਤੀ ਬਹੁਤ ਵੱਡੀ ਹੈ। ਇਨ੍ਹਾਂ ਵਿੱਚੋਂ ਵੱਖ ਵੱਖ ਵਰਗਾਂ ਵਿੱਚੋਂ ਕੁਝ ਹੀ ਪੰਜਾਬੀਆਂ ਨੂੰ ਇਸ ਪੁਸਤਕ ਵਿੱਚ ਕਾਨੀਬੱਧ ਕੀਤਾ ਗਿਆ ਹੈ। ਇਨ੍ਹਾਂ ਪੰਜਾਬੀਆਂ ਬਾਰੇ ਕਿਤਾਬੀ ਰੂਪ ਵਿੱਚ ਬਹੁਤ ਹੀ ਘੱਟ ਸਮੱਗਰੀ ਮਿਲਦੀ ਹੈ, ਫਿਰ ਵੀ ਪਲਾਹੀ ਦੀ ਤਾਰੀਫ਼ ਕਰਨੀ ਬਣਦੀ ਹੈ ਕਿ ਉਨ੍ਹਾਂ ਨੇ ਵੱਖ ਵੱਖ ਸਾਧਨਾਂ ਤੋਂ ਸਮੱਗਰੀ ਲੈ ਕੇ ਇਨ੍ਹਾਂ ਪੰਜਾਬੀਆਂ ਬਾਰੇ ਵਡਮੁੱਲੀ ਜਾਣਕਾਰੀ ਦਿੱਤੀ ਹੈ।
ਇਨ੍ਹਾਂ ਵਿੱਚੋਂ ਬਹੁਤੇ ਪ੍ਰਵਾਸੀ ਰੋਜ਼ੀ ਰੋਟੀ ਲਈ ਵਿਦੇਸ਼ਾਂ ਵਿੱਚ ਗਏ ਤੇ ਉੱਥੇ ਮਾਮੂਲੀ ਨੌਕਰੀ ਜਾਂ ਮਾਮੂਲੀ ਕਾਰੋਬਾਰ ਸ਼ੁਰੂ ਕੀਤੇ। ਮਿਹਨਤ ਤੇ ਲਗਨ ਨਾਲ ਉਨ੍ਹਾਂ ਨੇ ਆਪਣੀ ਵੱਖਰੀ ਪਛਾਣ ਬਣਾਈ। ਵਿਦੇਸ਼ਾਂ ਵਿੱਚ ਖੋਜ ਤੇ ਵਿਦਿਅਕ ਖੇਤਰ ਵਿੱਚ ਵਧੇਰੇ ਸਹੂਲਤਾਂ ਹੋਣ ਕਰਕੇ ਇਨ੍ਹਾਂ ਨੇ ਇਨ੍ਹਾਂ ਸਹੂਲਤਾਂ ਦਾ ਬਹੁਤ ਲਾਭ ਉਠਾਇਆ ਤੇ ਹੁਣ ਵੀ ਉਠਾ ਰਹੇ ਹਨ।
ਇਸ ਪੁਸਤਕ ਵਿੱਚ ਡਾ. ਨਰਿੰਦਰ ਸਿੰਘ ਕਪਾਨੀ ਦਾ ਨਾਂ ਸਭ ਤੋਂ ਅੱਗੇ ਆਉਂਦਾ ਹੈ। ਅੱਜ ਆਪਟਿਕ ਫਾਈਬਰ ਉਨ੍ਹਾਂ ਦੀ ਵਿਸ਼ੇਸ਼ ਦੇਣ ਹੈ ਜਿਸ ਨੇ ਇੰਟਰਨੈਟ ਵਿੱਚ ਇਨਕਲਾਬ ਲੈ ਆਂਦਾ ਹੈ। ਉਨ੍ਹਾਂ ਦੇ 100 ਦੇ ਕਰੀਬ ਪੇਟੈਂਟ ਰਜਿਸਟਰਡ ਹੋ ਚੁੱਕੇ ਹਨ। ਪੁਸਤਕ ਵਿੱਚ ਅੰਤਰ-ਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ, ਉੱਜਲ ਦੁਸਾਂਝ , ਵਰਿੰਦਰ ਸ਼ਰਮਾ, ਬੌਬੀ ਜਿੰਦਲ, ਹਰਬ ਧਾਲੀਵਾਲ, ਪਰਮਿੰਦਰ ਸਿੰਘ ਮਰਵਾਹਾ, ਹਰਜੀਤ ਸਿੰਘ ਸਾਜਨ ਵਰਗੇ ਸਿਆਸਤਦਾਨ, ਖੇਤੀ ਬਾੜੀ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਦੀਦਾਰ ਸਿੰਘ ਬੈਂਸ, ਚਰਨਜੀਤ ਸਿੰਘ ਬਾਠ, ਟੁਟ ਬਰਦਰਜ਼, ਇੰਜ. ਅਵਤਾਰ ਸਿੰਘ ਕੂਨਰ ਟਰੱਕਿੰਗ ਕਿੰਗ-ਭੰਡਾਲ ਬਰਦਰਜ਼, 60 ਸਥਾਨਕ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੁਰਸਕਾਰਾਂ ਨਾਲ ਸਨਮਾਨਿਤ ਡਾ. ਰਘਬੀਰ ਸਿੰਘ ਬੈਂਸ ਆਦਿ ਤੇ ਬਾਕੀ ਸ਼ਖ਼ਸੀਅਤਾਂ ਬਾਰੇ ਬੜੀ ਸੰਖੇਪ ਵਿੱਚ ਜਾਣਕਾਰੀ ਮਿਲਦੀ ਹੈ।ਅਮਰੀਕੀ ਫੌਜ ਵਿੱਚ ਭਰਤੀ ਹੋਣ ਲਈ ਸਿੱਖੀ ਸਰੂਪ ਵਾਲਿਆਂ ਨੂੰ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਬਾਰੇ ਜਾਣਕਾਰੀ ਮਿਲਦੀ ਹੈ।
ਸਮੁੱਚੇ ਰੂਪ ਵਿੱਚ ਇਹ ਪੁਸਤਕ ਇੱਕ ਇਤਿਹਾਸਿਕ ਦਸਤਾਵੇਜ਼ ਹੈ, ਜਿਸ ਤੋਂ ਨਵੀਂ ਪੀੜ੍ਹੀ ਨੂੰ ਸੇਧ ਮਿਲਦੀ ਹੈ ।ਆਸ ਕਰਦੇ ਹਾਂ ਕਿ ਗੁਰਮੀਤ ਸਿੰਘ ਪਲਾਹੀ ਜਿਹੜੇ ਪਰਵਾਸੀ ਰਹਿ ਗਏ ਹਨ ਉਨ੍ਹਾਂ ਬਾਰੇ ਅਗਲੀ ਪੁਸਤਕ ਲੈ ਕੇ ਆਉਣਗੇ। ਮੈਂ ਪਲਾਹੀ ਤੇ ਉਨ੍ਹਾਂ ਦੀ ਸੰਸਥਾ ਪੰਜਾਬੀ ਵਿਰਸਾ ਟਰੱਸਟ ਨੂੰ ਸ਼ੁਭ-ਕਾਮਨਾਵਾਂ ਭੇਜਦਾ ਹਾਂ। ਆਮੀਨ!
ਚਰਨਜੀਤ ਸਿੰਘ ਗੁਮਟਾਲਾ (ਡਾ.)
253, ਅਜੀਤ ਨਗਰ, ਅੰਮ੍ਰਿਤਸਰ।