
ਉੱਤਰਾਖੰਡ ਦੇ ਪੌੜੀ ਜ਼ਿਲ੍ਹੇ ਦੇ ਗੰਗਾ-ਭੋਗਪੁਰ ਵਿੱਚ ਵਨੰਤਰਾ ਰਿਜ਼ਾਰਟ ਵਿੱਚ ਮਸਾਂ 19 ਸਾਲ ਦੀ ਰਿਸੈਪਸ਼ਨਿਸਟ ਅੰਕਿਤਾ ਭੰਡਾਰੀ ਦੀ ਹੱਤਿਆ ਦੀ ਸੀ ਬੀ ਆਈ ਜਾਂਚ ਲਈ ਲਾਈ ਅਰਜ਼ੀ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਵਿੱਚ ਵੀ ਰੱਦ ਹੋ ਜਾਣ ਤੋਂ ਬਾਅਦ ਸੀਨੀਅਰ ਵਕੀਲ ਕੋਲਿਨ ਗੌਨਸਾਲਵੇਜ਼ ਨੇ ਇੱਕ ਜਜ਼ਬਾਤੀ ਪੱਤਰ ਲਿਖਿਆ ਹੈਮੈਨੂੰ ਅਫਸੋਸ ਹੈ ਅੰਕਿਤਾ, ਤੇਰੀ ਹੱਤਿਆ ਦੀ ਸੀ ਬੀ ਆਈ ਜਾਂਚ ਦੀ ਮੰਗ ਕਰਨ ਵਾਲੀ ਪਟੀਸ਼ਨ ਖਾਰਜ ਹੋ ਗਈ ਤੇ ਅਸੀਂ ਅਜੇ ਤੱਕ ਮੁੱਖ ਅਪਰਾਧੀ ਨੂੰ ਫੜਨ ਵਿੱਚ ਕਾਮਯਾਬ ਨਹੀਂ ਹੋਏ। ਮੈਨੂੰ ਅਫਸੋਸ ਹੈ ਸੋਨੀ ਦੇਵੀ, ਤੁਹਾਡੀ ਪਿਆਰੀ ਬੇਟੀ ਤੋਂ ਇੱਕ ਵੀ ਆਈ ਪੀ ਨੇ ‘ਵਿਸ਼ੇਸ ਸੇਵਾਵਾਂ’ ਮੰਗੀਆਂ। ਨਾਂਹ ਕਰਨ ’ਤੇ ਉਸ ਦੀ ਹੱਤਿਆ ਹੋ ਗਈ। ਮੈਨੂੰ ਇਸ ਗੱਲ ਦਾ ਵੀ ਦੁੱਖ ਹੈ ਕਿ ਸਾਡੀ ਪੁਲਸ ਰਾਜ ਨੇਤਾਵਾਂ ਅੱਗੇ ਏਨੀ ਝੁਕ ਗਈ ਹੈ ਕਿ ਉਹ ਕਿਸੇ ਵੀ ਅਪਰਾਧ ਨੂੰ ਲੁਕੋਣ ਲਈ ਤਿਆਰ ਹੋ ਜਾਂਦੀ ਹੈ।
ਸਭ ਤੋਂ ਪਹਿਲਾਂ ਅੰਕਿਤਾ ਤੇ ਉਸ ਦੇ ਦੋਸਤ ਪੁਸ਼ਪਦੀਪ ਵਿਚਾਲੇ ਵਟਸਐਪ ਚੈਟ, ਜਿਸ ਵਿੱਚ ਅੰਕਿਤਾ ਨੇ ਹੋਟਲ ਵਿੱਚ ਆਏ ਵੀ ਆਈ ਪੀ ਵੱਲੋਂ ਵਿਸ਼ੇਸ਼ ਸੇਵਾਵਾਂ ਮੰਗਣ ਦੀ ਗੱਲ ਦੱਸੀ ਸੀ, ਨੂੰ ਚਾਰਜਸ਼ੀਟ ਵਿੱਚੋਂ ਕੱਢ ਦਿੱਤਾ ਗਿਆ। ਚੈਟ ਵਿੱਚ ਅੰਕਿਤਾ ਨੇ ਦੋਸਤ ਨੂੰ ਤੁਰੰਤ ਆ ਕੇ ਬਾਹਰ ਲੈ ਜਾਣ ਲਈ ਕਿਹਾ ਸੀ। ਚਾਰਜਸ਼ੀਟ ਵਿੱਚ ਪੁਸ਼ਪਦੀਪ ਤੇ ਵੀ ਆਈ ਪੀ ਦੇ ਸਹਿਯੋਗੀ ਵਿਚਾਲੇ ਸਵੀਮਿੰਗ ਪੂਲ ਵਿਖੇ ਹੋਈ ਗੱਲਬਾਤ ਦਾ ਵੀ ਚਾਰਜਸ਼ੀਟ ਵਿੱਚ ਜ਼ਿਕਰ ਨਹੀਂ ਕੀਤਾ ਗਿਆ, ਜਦਕਿ ਪੁਸ਼ਪਦੀਪ ਨੇ ਪੁਲਸ ਵੱਲੋਂ ਦਿਖਾਈ ਫੋਟੋ ਤੋਂ ਸਹਿਯੋਗੀ ਦੀ ਪਛਾਣ ਕੀਤੀ ਸੀ। ਤੀਜਾ, ਸਹਿਯੋਗੀ ਆਪਣੇ ਬੈਗ ਵਿੱਚ ਨਕਦੀ ਤੇ ਹਥਿਆਰ ਲੈ ਕੇ ਜਾ ਰਿਹਾ ਸੀ, ਫਿਰ ਵੀ ਪੁਲਸ ਨੇ ਉਸ ਨੂੰ ਨਾ ਮੁਲਜ਼ਮ ਬਣਾਇਆ ਤੇ ਨਾ ਹੀ ਉਸ ਤੋਂ ਪੁੱਛਗਿੱਛ ਕੀਤੀ। ਚੌਥਾ, ਹੋਟਲ ਕਰਮੀ ਅਭਿਨਵ ਦੇ ਇਸ ਬਿਆਨ ਦਾ ਵੀ ਚਾਰਜਸ਼ੀਟ ਵਿੱਚ ਜ਼ਿਕਰ ਨਹੀਂ ਕੀਤਾ ਗਿਆ ਕਿ ਜਬਰੀ ਬਾਹਰ ਕੱਢ ਕੇ ਹੱਤਿਆ ਕਰਨ ਤੋਂ ਪਹਿਲਾਂ ਅੰਕਿਤਾ ਆਪਣੇ ਕਮਰੇ ਵਿੱਚ ਰੋ ਰਹੀ ਸੀ।
ਪੰਜਵਾਂ, ਜਿਸ ਕਮਰੇ ਵਿੱਚ ਅੰਕਿਤਾ ਰੁਕੀ ਸੀ, ਉਸ ਦੀ ਫਾਰੈਂਸਿਕ ਰਿਪੋਰਟ ਨੂੰ ਵੀ ਚਾਰਜਸ਼ੀਟ ਨਾਲ ਨੱਥੀ ਨਹੀਂ ਕੀਤਾ ਗਿਆ। ਛੇਵਾਂ, ਅਪਰਾਧ ਵਾਲੀ ਥਾਂ ਯਾਨਿ ਜਿਸ ਕਮਰੇ ਵਿੱਚ ਉਹ ਰੁਕੀ ਸੀ, ਉਸ ਨੂੰ ਸਥਾਨਕ ਵਿਧਾਇਕ ਤੇ ਮੁੱਖ ਮੰਤਰੀ ਦੇ ਆਦੇਸ਼ ’ਤੇ ਤੁਰੰਤ ਢਾਹ ਦਿੱਤਾ ਗਿਆ। ਸੱਤਵਾਂ, ਵੀ ਆਈ ਪੀ ਨਾਲ ਗੱਲਬਾਤ ਕਰ ਰਹੇ ਹੋਟਲ ਮੁਲਾਜ਼ਮਾਂ ਦੇ ਮੋਬਾਇਲ ਫੋਨ ਕਦੇ ਜ਼ਬਤ ਨਹੀਂ ਕੀਤੇ ਗਏ। ਅੱਠਵਾਂ, ਹੋਟਲ ਦੀ ਸੀ ਸੀ ਟੀ ਵੀ ਫੁਟੇਜ, ਜਿਸ ਨਾਲ ਵੀ ਆਈ ਪੀ ਤੇ ਉਸ ਦੇ ਸਾਥੀਆਂ ਦੀ ਪਛਾਣ ਪਤਾ ਲੱਗਦੀ, ਇਸ ਆਸਾਨ ਬਹਾਨੇ ਨਾਲ ਕਦੇ ਪੇਸ਼ ਨਹੀਂ ਕੀਤੀ ਗਈ ਕਿ ਕੈਮਰੇ ਕੰਮ ਨਹੀਂ ਕਰ ਰਹੇ ਸਨ। ਨੌਵਾਂ, ਜਿਨ੍ਹਾਂ ਗਵਾਹਾਂ ਨੇ ਗਵਾਹੀ ਦਿੱਤੀ ਕਿ ਅੰਕਿਤਾ ਆਪਣੀ ਮੌਤ ਤੋਂ ਪਹਿਲਾਂ ਪ੍ਰੇਸ਼ਾਨ ਸੀ, ਉਨ੍ਹਾਂ ਦੀ ਕਦੇ ਠੀਕ ਤਰ੍ਹਾਂ ਜਾਂਚ ਨਹੀਂ ਕੀਤੀ ਗਈ। ਦਸਵਾਂ, ਉੱਤਰਾਖੰਡ ਪੁਲਸ ਵੱਲੋਂ ਦਿੱਤਾ ਗਿਆ ਬਿਆਨ ਕਿ ਕਾਲ ਡਿਟੇਲ ਰਿਕਾਰਡ ਦੀ ਜਾਂਚ ਵਿੱਚ ਕੁਝ ਗਲਤ ਨਹੀਂ ਲੱਭਾ, ਗੰੁਮਰਾਹਕੁੰਨ ਸੀ, ਕਿਉਕਿ ਰਿਕਾਰਡ ਸਿਰਫ ਮਿ੍ਰਤਕ ਦੀ ਚੈਟ ਦੇ ਸੰਬੰਧ ’ਚ ਸੀ, ਹੋਟਲ ਮੁਲਾਜ਼ਮਾਂ ਬਾਰੇ ਨਹੀਂ।
ਆਖਰ ਵਿੱਚ ਇੱਕ ਮੁਲਜ਼ਮ ਨਾਲ ਮੋਟਰਸਾਈਕਲ ਦੇ ਪਿੱਛੇ ਬੈਠੀ ਅੰਕਿਤਾ ਨੂੰ ਦਿਖਾਉਣ ਵਾਲੀ ਵੀਡੀਓ ਦਾ ਇਸਤਗਾਸਾ ਨੇ ਗਲਤ ਜ਼ਿਕਰ ਕੀਤਾ ਸੀ, ਜੋ ਦਰਸਾਉਦਾ ਹੈ ਕਿ ਉਸ ਦੀ ਹੱਤਿਆ ਤੇ ਨਹਿਰ ਵਿੱਚ ਲਾਸ਼ ਸੁੱਟਣ ਤੋਂ ਪਹਿਲਾਂ ਉਹ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਵਿੱਚ ਨਹੀਂ ਸੀ ਦਿਸ ਰਹੀ ਹਾਲਾਂਕਿ ਪੁਸ਼ਪਦੀਪ ਨੇ ਅਦਾਲਤ ਨੂੰ ਦੱਸਿਆ ਸੀ ਕਿ ਮੋਟਰਸਾਈਕਲ ’ਤੇ ਬੈਠੀ ਅੰਕਿਤਾ ਨੇ ਉਸ ਨੂੰ ਫੋਨ ਕਰਕੇ ਕਿਹਾ ਸੀ ਕਿ ਉਹ ਬਹੁਤ ਡਰੀ ਹੋਈ ਹੈ, ਕਿਉਕਿ ਉਹ ਲੋਕਾਂ ਵਿੱਚ ਘਿਰੀ ਹੋਈ ਹੈ ਤੇ ਗੱਲ ਨਹੀਂ ਕਰ ਪਾ ਰਹੀ। ਮੁੱਖ ਮੁਲਜ਼ਮ ਪੁਲਕਿਤ ਆਰੀਆ ਨੇ ਟਰਾਇਲ ਕੋਰਟ ਵਿੱਚ ਆਪਣੇ ਨਾਰਕੋ ਟੈੱਸਟ ਦੀ ਪੇਸ਼ਕਸ਼ ਕੀਤੀ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਉਹ ਘਟਨਾਵਾਂ ਬਾਰੇ ਸਾਫ-ਸਾਫ ਦੱਸਣ ਲਈ ਤਿਆਰ ਹੈ, ਪਰ ਟਰਾਇਲ ਕੋਰਟ ਨੇ ਉਸ ਦੀ ਅਰਜ਼ੀ ਖਾਰਜ ਕਰ ਦਿੱਤੀ।
ਮੁਲਜ਼ਮਾਂ ਦੀ ਖੁਦ ਦੀ ਅਜਿਹੀ ਗਵਾਹੀ ਨਾਲ ਵੀ ਆਈ ਪੀ ਦੀ ਪਛਾਣ ਤੇ ਭੂਮਿਕਾ ਸਾਹਮਣੇ ਆ ਜਾਂਦੀ। ਪੁਲਸ ਨੇ ਵੀ ਆਈ ਪੀ ਦੀ ਪਛਾਣ ਛੁਪਾਈ। ਸੀ ਬੀ ਆਈ ਜਾਂਚ ਦੇ ਹੁਕਮ ਦੇ ਕੇ ਇਸ ਅੜਿੱਕੇ ਨੂੰ ਦੂਰ ਕੀਤਾ ਜਾ ਸਕਦਾ ਸੀ। ਮਾਂ ਨੇ ਅਧਿਕਾਰੀਆਂ ਨੂੰ ਲਿਖੇ ਪੱਤਰ ਵਿੱਚ ਦੋਸ਼ ਲਾਇਆ ਕਿ ਉਹ ਇੱਕ ਪਾਰਟੀ ਅਹੁਦੇਦਾਰ ਸੀ, ਜੋ ਅਕਸਰ ਪਾਰਟੀ ਸਾਥੀਆਂ ਨਾਲ ਹੋਟਲ ਆਉਦਾ ਸੀ। ਸੀ ਸੀ ਟੀ ਵੀ ਫੁਟੇਜ ਤੇ ਮੁਲਾਜ਼ਮਾਂ ਦੇ ਮੋਬਾਇਲ ਫੋਨ ਮੁੱਖ ਅਪਰਾਧੀ ਨੂੰ ਨੰਗਾ ਕਰ ਸਕਦੇ ਹਨ। ਖਿਮਾ ਕਰਨਾ ਅੰਕਿਤਾ, ਇਹ ਭਾਰਤ ਹੈ, ਆਮ ਮਹਿਲਾਵਾਂ ਦੀ ਜ਼ਿੰਦਗੀ ਮਾਅਨੇ ਨਹੀਂ ਰੱਖਦੀ ਅਤੇ ਵੱਡੇ ਤੇ ਸ਼ਕਤੀਸ਼ਾਲੀ ਲੋਕ ਵਾਰ-ਵਾਰ ਬਚ ਨਿਕਲਣਗੇ। ਸੁਫਨੇ ਪੂਰੇ ਕਰਨ ਲਈ ਘਰੋਂ ਨਿਕਲੀ ਅੰਕਿਤਾ ਭੰਡਾਰੀ ਦੀ 18 ਸਤੰਬਰ 2022 ਨੂੰ ਹੱਤਿਆ ਨੇ ਉੱਤਰਾਖੰਡ ਦੀ ਸਿਆਸਤ ਵਿੱਚ ਤੂਫਾਨ ਮਚਾ ਦਿੱਤਾ ਸੀ। ਉਹ 8 ਸਤੰਬਰ ਨੂੰ ਹੋਟਲ ਤੋਂ ਲਾਪਤਾ ਹੋ ਗਈ ਸੀ ਅਤੇ 24 ਸਤੰਬਰ ਨੂੰ ਉਸ ਦੀ ਲਾਸ਼ ਚੀਲਾ ਨਹਿਰ ਵਿੱਚੋਂ ਮਿਲੀ ਸੀ। ਦੋਸ਼ ਹੈ ਕਿ ਉਸ ਨੂੰ 18 ਸਤੰਬਰ ਨੂੰ ਨਹਿਰ ਵਿੱਚ ਧੱਕਾ ਦਿੱਤਾ ਗਿਆ ਸੀ। ਇਸ ਵੇਲੇ ਮਾਮਲਾ ਕੋਟਦਵਾਰ ਦੀ ਐਡੀਸ਼ਨਲ ਡਿਸਟਿ੍ਰਕਟ ਕੋਰਟ ਵਿੱਚ ਚੱਲ ਰਿਹਾ ਹੈ।