
ਤੇਲੰਗਾਨਾ, 10 ਮਾਰਚ – ਨਾਗਰਕੁਰਨੂਲ ਜ਼ਿਲ੍ਹੇ ਵਿੱਚ ਨਿਰਮਾਣ ਅਧੀਨ ਸ੍ਰੀਸੈਲਮ ਖੱਬੇ ਕੰਢੇ ਨਹਿਰ (ਐਸਐਲਬੀਸੀ) ਸੁਰੰਗ ਵਿੱਚ ਫਸੇ ਮਜ਼ਦੂਰਾਂ ਨੂੰ ਬਚਾਉਣ ਲਈ 22 ਫ਼ਰਵਰੀ ਤੋਂ ਬਚਾਅ ਕਾਰਜ ਜਾਰੀ ਹੈ। ਬਚਾਅ ਟੀਮ ਨੂੰ ਹੁਣ ਤੱਕ ਇੱਕ ਮਜ਼ਦੂਰ ਦੀ ਲਾਸ਼ ਮਿਲੀ ਹੈ। ਫਿਲਹਾਲ ਸੱਤ ਹੋਰਾਂ ਦੀ ਭਾਲ ਜਾਰੀ ਹੈ। ਪਿਛਲੇ 16 ਦਿਨਾਂ ਤੋਂ ਸੁਰੰਗ ਵਿੱਚ ਫਸੇ ਇਨ੍ਹਾਂ ਮਜ਼ਦੂਰਾਂ ਦੇ ਬਚਣ ਦੀ ਉਮੀਦ ਬਹੁਤ ਘੱਟ ਹੈ। 22 ਫ਼ਰਵਰੀ ਨੂੰ, SLBC ਸੁਰੰਗ ਦਾ ਇੱਕ ਹਿੱਸਾ ਢਹਿ ਗਿਆ, ਜਿਸ ਵਿੱਚ ਅੱਠ ਮਜ਼ਦੂਰ ਫਸ ਗਏ।
ਪੰਜਾਬ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ
ਇੱਥੇ ਜ਼ਿਕਰਯੋਗ ਹੈ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਪੰਜਾਬ ਦਾ ਰਹਿਣ ਵਾਲਾ ਹੈ। ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚੀਮਾ ਕਲਾ ਦਾ ਰਹਿਣ ਵਾਲਾ ਹੈ। ਗੁਰਪ੍ਰੀਤ ਦੀ ਪਤਨੀ ਰਾਜਵਿੰਦਰ ਕੌਰ ਅਤੇ ਉਸ ਦੀਆਂ 2 ਬੇਟੀਆਂ ਹਨ ਅਤੇ ਬਜ਼ੁਰਗ ਦਾਦੀ ਹੈ। ਘਰ ਵਿੱਚ ਗੁਰਪ੍ਰੀਤ ਹੀ ਕਮਾਈ ਕਰਨ ਪਰਿਵਾਰ ਦਾ ਇੱਕੋ-ਇੱਕ ਸਹਾਰਾ ਸੀ। ਇਸ ਤੋਂ ਪਹਿਲਾਂ ਗੁਰਪ੍ਰੀਤ ਦੀ ਪਤਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਸੀ ਕਿ, “ਉਸ ਦਾ ਪਤੀ 20 ਸਾਲਾਂ ਤੋਂ ਇੱਕ ਕੰਸਟਰੱਕਸ਼ਨ ਕੰਪਨੀ ਵਿੱਚ ਮਸ਼ੀਨ ਆਪਰੇਟਰ ਵਜੋਂ ਕੰਮ ਕਰਦਾ ਸੀ ਅਤੇ ਪਿਛਲੇ ਕੁਝ ਦਿਨਾਂ ਤੋਂ ਸੁਰੰਗ ਵਿੱਚ ਪੱਕਾ ਕੰਮ ਕਰ ਰਿਹਾ ਸੀ।
ਬੀਤੇ ਦਿਨਾਂ ਪਹਿਲਾਂ ਕੰਪਨੀ ਦੇ ਇੱਕ ਕਰਮਚਾਰੀ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਗੁਰਪ੍ਰੀਤ ਸਿੰਘ ਅਤੇ ਉਸ ਦੇ ਸਾਥੀ ਸੁਰੰਗ ਵਿੱਚ ਕੰਮ ਕਰ ਰਹੇ ਸਨ ਜਦੋਂ ਅਚਾਨਕ ਸੁਰੰਗ ਦੀ ਛੱਤ ਡਿੱਗ ਗਈ ਤੇ ਉੱਥੇ ਫਸ ਗਏ। ਜਿਸ ਮਜ਼ਦੂਰ ਦੀ ਲਾਸ਼ ਐਤਵਾਰ ਨੂੰ ਬਚਾਅ ਟੀਮ ਨੇ ਬਰਾਮਦ ਕੀਤੀ ਸੀ, ਉਸ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਅਤੇ ਸਿੰਚਾਈ ਮੰਤਰੀ ਐਨ ਉੱਤਮ ਕੁਮਾਰ ਰੈਡੀ ਨੇ ਸਿੰਘ ਦੀ ਦੁਖਦਾਈ ਮੌਤ ‘ਤੇ ਸੋਗ ਪ੍ਰਗਟ ਕੀਤਾ ਹੈ। ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰ ਨੂੰ 25 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
ਸੁਰੰਗ ਦੇ ਅੰਦਰ ਮਨੁੱਖੀ ਅਵਸ਼ੇਸ਼
ਅਧਿਕਾਰੀਆਂ ਨੇ ਦੱਸਿਆ ਕਿ ਬਚਾਅ ਕਾਰਜ ‘ਚ ਮਦਦ ਲਈ ਤਾਇਨਾਤ ਕੇਰਲ ਦੀ ਪੋਸਟਮਾਰਟਮ ਟੀਮ ਨੂੰ ਸੁਰੰਗ ਦੇ ਅੰਦਰ ਮਨੁੱਖੀ ਅਵਸ਼ੇਸ਼ ਮਿਲੇ ਹਨ। ਬਚਾਅ ਅਧਿਕਾਰੀਆਂ ਮੁਤਾਬਕ ਮ੍ਰਿਤਕ ਗੁਰਪ੍ਰੀਤ ਸਿੰਘ ਸੁਰੰਗ ਦੇ ਟੁੱਟੇ ਹੋਏ ਹਿੱਸੇ ਦੇ ਅੰਦਰ ਇੱਕ ਮਸ਼ੀਨ ਵਿੱਚ ਫਸਿਆ ਹੋਇਆ ਪਾਇਆ ਗਿਆ। ਅਧਿਕਾਰੀ ਨੇ ਕਿਹਾ, “ਸਾਨੂੰ ਮਸ਼ੀਨ ਵਿੱਚ ਫਸਿਆ ਇੱਕ ਸਰੀਰ ਮਿਲਿਆ, ਜਿਸ ਵਿੱਚ ਸਿਰਫ਼ ਹੱਥ ਹੀ ਦਿਖਾਈ ਦੇ ਰਿਹਾ ਸੀ। ਬਚਾਅ ਟੀਮ ਨੇ ਫਸੇ ਹੋਏ ਸਰੀਰ ਨੂੰ ਕੱਢਣ ਲਈ ਮਸ਼ੀਨ ਨੂੰ ਕੱਟ ਦਿੱਤਾ।”
ਰੋਬੋਟਿਕ ਤਕਨਾਲੋਜੀ ਦੀ ਵਰਤੋਂ
ਇਸ ਤੋਂ ਪਹਿਲਾਂ, ਤੇਲੰਗਾਨਾ ਦੇ ਸਿੰਚਾਈ ਅਤੇ ਸਿਵਲ ਸਪਲਾਈ ਮੰਤਰੀ ਉੱਤਮ ਕੁਮਾਰ ਰੈੱਡੀ ਨੇ ਐਲਾਨ ਕੀਤਾ ਸੀ ਕਿ ਨਾਗਰਕੁਰਨੂਲ ਜ਼ਿਲ੍ਹੇ ਵਿੱਚ ਡੋਮਲਪੇਂਟਾ ਨੇੜੇ ਐਸਐਲਬੀਸੀ ਸੁਰੰਗ ਵਿੱਚ ਚੱਲ ਰਹੇ ਬਚਾਅ ਕਾਰਜ ਨੂੰ ਤੇਜ਼ ਕਰਨ ਲਈ ਰੋਬੋਟਿਕ ਤਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਇਸ ਘਟਨਾ ਨੂੰ ਕੌਮੀ ਆਫ਼ਤ ਦੱਸਦਿਆਂ ਕਿਹਾ ਕਿ ਸੂਬਾ ਸਰਕਾਰ 14 ਕਿਲੋਮੀਟਰ ਲੰਬੀ ਸੁਰੰਗ ਦੇ ਆਖਰੀ ਹਿੱਸੇ ਵਿੱਚ ਚੁਣੌਤੀਆਂ ਨਾਲ ਨਜਿੱਠਣ ਲਈ ਬਿਹਤਰੀਨ ਗਲੋਬਲ ਤਕਨੀਕ ਦੀ ਵਰਤੋਂ ਕਰ ਰਹੀ ਹੈ।