
ਬੋਹਾ/ਬੁਢਲਾਡਾ, 10 ਮਾਰਚ – ਭਾਰਤੀ ਕਮਿਊਨਿਸਟ ਪਾਰਟੀ ਦੀ ਸੂਬਾ ਕੌਂਸਲ ਮੈਂਬਰ ਤੇ ਇਸਤਰੀ ਸਭਾ ਦੀ ਜਿਲ੍ਹਾ ਮਾਨਸਾ ਦੀ ਪ੍ਰਧਾਨ ਮਨਜੀਤ ਕੌਰ ਗਾਮੀਵਾਲਾ ਦਾ ਸਨਿੱਚਰਵਾਰ ਕੌਮਾਂਤਰੀ ਨਾਰੀ ਦਿਵਸ ’ਤੇ ਬੋਹਾ ’ਚ ਘਰ ਨੇੜੇ ਕਤਲ ਕਰ ਦਿੱਤਾ ਗਿਆ।ਪੁਲਸ ਨੇ ਬੇਟੀ ਦੇ ਬਿਆਨ ਦੇ ਆਧਾਰ ’ਤੇ ਦੋ ਔਰਤਾਂ ਸਮੇਤ ਪੰਜ ਵਿਅਕਤੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਦੂਜੇ ਪਾਸੇ ਸੀ ਪੀ ਆਈ ਤੇ ਹੋਰ ਜਨਤਕ ਜਥੇਬੰਦੀਆਂ ਦੇ ਆਗੂ ਤੇ ਵਰਕਰ ਮਨਜੀਤ ਕੌਰ ਦੇ ਕਾਤਲਾਂ ਦੀ ਗਿ੍ਰਫਤਾਰੀ ਨੂੰ ਲੈ ਕੇ ਸਿਵਲ ਹਸਪਤਾਲ ਬੁਢਲਾਡਾ ਵਿਖੇ ਧਰਨੇ ’ਤੇ ਬੈਠ ਗਏ।ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ ਨੇ ਕਿਹਾ ਕਿ ਜਿੰਨਾ ਚਿਰ ਪੁਲਸ ਕਾਤਲਾਂ ਨੂੰ ਗਿ੍ਰਫਤਾਰ ਨਹੀਂ ਕਰਦੀ, ਧਰਨਾ ਜਾਰੀ ਰਹੇਗਾ।
ਇੱਕ ਪਲਾਟ ਨੂੰ ਲੈ ਕੇ ਮਨਜੀਤ ਕੌਰ ਅਤੇ ਦੂਜੀ ਧਿਰ ਵਿਚਾਲੇ ਲੰਮੇ ਸਮੇਂ ਤੋਂ ਝਗੜਾ ਚੱਲਿਆ ਆ ਰਿਹਾ ਸੀ। ਸਾਂਝੀਆਂ ਜਥੇਬੰਦੀਆਂ ਨੇ ਪਲਾਟ ਦੇ ਮਸਲੇ ਦਾ ਹੱਲ ਕਰਾਉਦਿਆਂ ਮਨਜੀਤ ਕੌਰ ਦੇ ਹੱਕ ਵਿੱਚ ਪਲਾਟ ਦਾ ਸਮਝੌਤਾ ਕਰਵਾ ਦਿੱਤਾ ਸੀ। ਕਾਮਰੇਡ ਗਾਮੀਵਾਲਾ ਆਪਣੇ ਮਕਾਨ ਦੀ ਨਵੀਂ ਉਸਾਰੀ ਕਰਵਾ ਰਹੀ ਸੀ, ਜਦੋਂ ਉਸ ’ਤੇ ਹਮਲਾ ਕੀਤਾ ਗਿਆ।ਐੱਸ ਐੱਚ ਓ ਜਗਦੇਵ ਸਿੰਘ ਨੇ ਦੱਸਿਆ ਕਿ ਜਲਦ ਹੀ ਦੋਸ਼ੀਆਂ ਨੂੰ ਗਿ੍ਰਫਤਾਰ ਕਰ ਲਿਆ ਜਾਵੇਗਾ। ਇਸ ਘਟਨਾ ਦੀ ਨਿੰਦਾ ਕਰਦਿਆਂ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਕਿਹਾ ਕਿ ਅੱਜ ਪੰਜਾਬ ਅੰਦਰ ਅਮਨ-ਕਾਨੂੰਨ ਦੀ ਵਿਵਸਥਾ ਬੁਰੀ ਤਰ੍ਹਾ ਵਿਗੜ ਚੁੱਕੀ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ।
ਕਤਲ ਦੀ ਖਬਰ ਮਿਲਦਿਆਂ ਹੀ ਭਾਰਤੀ ਕਮਿਊਨਿਸਟ ਪਾਰਟੀ ਅਤੇ ਵੱਖ-ਵੱਖ ਜਨਤਕ ਜਥੇਬੰਦੀਆਂ ਦੇ ਆਗੂ ਤੇ ਵਰਕਰ ਦੁਪਹਿਰ ਸਮੇਂ ਸਿਵਲ ਹਸਪਤਾਲ ਬੁਢਲਾਡਾ ਵਿੱਚ ਇਕੱਠੇ ਸ਼ੁਰੂ ਹੋਣੇ ਸ਼ੁਰੂ ਹੋ ਗਏ ਸਨ। ਕਮਿਊਨਿਸਟ ਆਗੂਆਂ ਨੇ ਕਿਹਾ ਕਿ ਪੁਲਸ ਕਾਮਰੇਡ ਮਨਜੀਤ ਕੌਰ ਦੇ ਕਤਲ ਦੇ ਪਿੱਛੇ ਮੁੱਖ ਕਾਰਨ ਭਾਵੇਂ ਪਲਾਟ ਦਾ ਰੌਲਾ ਮੰਨ ਰਹੀ ਹੈ, ਪਰ ਪਲਾਟ ਦਾ ਮੁੱਦਾ ਕਈ ਸਾਲ ਪਹਿਲਾਂ ਨਿਬੜ ਚੁੱਕਿਆ ਸੀ। ਕਮਿਊਨਿਸਟ ਆਗੂਆਂ ਨੇ ਦੋਸ਼ ਲਾਇਆ ਕਿ ਇਸ ਕਤਲ ਕਾਂਡ ਵਿੱਚ ਵੱਡੀ ਸਾਜ਼ਿਸ਼ ਜਾਪਦੀ ਹੈ। ਸੀ ਪੀ ਆਈ (ਐੱਮ) ਦੇ ਸੂਬਾ ਸਕੱਤਰੇਤ ਮੈਂਬਰ ਸਵਰਨਜੀਤ ਸਿੰਘ ਦਲਿਓ ਐਡਵੋਕੇਟ, ਜਮਹੂਰੀ ਕਿਸਾਨ ਸਭਾ ਦੇ ਸੀਨੀਅਰ ਆਗੂ ਅਮਰੀਕ ਸਿੰਘ ਫਫੜੇ ਭਾਈਕੇ, ਸੀ ਪੀ ਆਈ ਦੇ ਬਲਾਕ ਸਕੱਤਰ ਵੇਦ ਪ੍ਰਕਾਸ਼, ਜਗਸੀਰ ਸਿੰਘ ਰਾਏਕੇ, ਸੀਤਾ ਰਾਮ ਗੋਬਿੰਦਪੁਰਾ, ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਮਲਕੀਤ ਸਿੰਘ ਮੰਦਰਾਂ ਨੇ ਧਰਨੇ ਵਿੱਚ ਕਿਹਾ ਕਿ ਪੁਲਸ ਦੀ ਭੂਮਿਕਾ ਸ਼ੱਕੀ ਹੈ।
ਸਾਰੇ ਦੋਸ਼ੀਆਂ ਨੂੰ ਗਿ੍ਰਫਤਾਰ ਨਹੀਂ ਕੀਤਾ ਜਾ ਰਿਹਾ, ਉਲਟਾ ਦੋਸ਼ੀਆਂ ਨੂੰ ਬਚਾਉਣ ਲਈ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਾਮਰੇਡ ਮਨਜੀਤ ਕੌਰ ਗਾਮੀਵਾਲਾ ਬੁਢਲਾਡਾ ਹਲਕੇ ਵਿੱਚ ਔਰਤਾਂ, ਕਿਰਤੀਆਂ, ਕਿਸਾਨਾਂ ਸਮੇਤ ਹਰ ਵਰਗ ਦੇ ਲੋਕਾਂ ਦੀ ਹਰ ਲੜਾਈ ਵਿੱਚ ਅੱਗੇ ਰਹਿੰਦੇ ਸਨ। ਨਸ਼ਿਆਂ ਅਤੇ ਬੇਕਾਰੀ ਵਿਰੁੱਧ ਡਟ ਕੇ ਲੜਦੇ ਸਨ।ਕਮਿਊਨਿਸਟ ਆਗੂਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਪੁਲਸ ਸਾਰੇ ਦੋਸ਼ੀਆਂ ਨੂੰ ਗਿ੍ਰਫਤਾਰ ਨਹੀਂ ਕਰ ਲੈਂਦੀ, ਲਾਸ਼ ਦਾ ਪੋਸਟ-ਮਾਰਟਮ ਨਹੀਂ ਕਰਵਾਇਆ ਜਾਵੇਗਾ।ਉਨ੍ਹਾ ਕਿਹਾ ਕਿ ਐਤਵਾਰ ਸਾਰੀਆਂ ਹਮਖਿਆਲੀ ਧਿਰਾਂ ਦੀ ਮੀਟਿੰਗ ਸੱਦ ਕੇ ਸੰਘਰਸ਼ ਨੂੰ ਹੋਰ ਤਿੱਖਾ ਜਾਵੇਗਾ।