
ਸਿਡਨੀ, 10 ਮਾਰਚ – ਆਸਟਰੇਲੀਆ ਵਿੱਚ ਸਟੱਡੀ ਵੀਜ਼ੇ ਉੱਤੇ ਭਾਰਤ ਸਮੇਤ ਹੋਰਨਾਂ ਮੁਲਕਾਂ ਤੋਂ ਆਏ ਵਧੇਰੇ ਵਿਦਿਆਰਥੀ ਮੰਦੀ ਦਾ ਸ਼ਿਕਾਰ ਹਨ। ਰੁਜ਼ਗਾਰ ਨਾ ਹੋਣ ਕਾਰਨ ਕਾਲਜਾਂ ਦੀਆਂ ਮਹਿੰਗੀਆਂ ਫੀਸਾਂ, ਰਹਿਣ-ਸਹਿਣ ਤੇ ਰੋਟੀ ਦੇ ਖਰਚੇ ਕੱਢਣੇ ਔਖੇ ਹੋਏ ਪਏ ਹਨ। ਬਟਾਲਾ ਦੇ ਰਣਧੀਰ ਸਿੰਘ ਨੇ ਦੱਸਿਆ ਕਿ ਤਿੰਨ ਸਾਲ ਪਹਿਲੋਂ ਕੁੱਕਰੀ ਦੀ ਪੜ੍ਹਾਈ ਕਰਨ ਆਇਆ ਸੀ। ਪੜ੍ਹਾਈ ਖਤਮ ਹੋਣ ਬਾਅਦ ਪੀਆਰ ਲਈ ਅਰਜ਼ੀ ਦਾਖਲ ਕਰਨ ਵੇਲੇ ਪਤਾ ਲੱਗਾ ਕਿ ਹੁਣ ਸੂਬੇ ਵਿਚ ਕੁੱਕਰੀ ਦੀ ਕੈਟਾਗਰੀ ਸਕਿੱਲਡ ਮਾਈਸ਼ਨ ਸੂਚੀ ਵਿੱਚੋਂ ਬਾਹਰ ਕਰ ਦਿੱਤੀ ਗਈ ਹੈ।
ਇਸ ਕਰਕੇ ਹੁਣ ਨਵੇਂ ਕੋਰਸ ਦੀ ਭਾਲ ਵਿੱਚ ਹਾਂ। ਰਣਧੀਰ ਵਰਗੇ ਸੈਂਕੜੇ ਵਿਦਿਆਰਥੀ ਹਨ, ਜਿਨ੍ਹਾਂ ਦਾ ਭਵਿੱਖ ਡਾਵਾਂਡੋਲ ਹੋਇਆ ਪਿਆ ਹੈ। ਅਜਨਾਲਾ ਨੇੜਲੇ ਪਿੰਡ ਦੇ ਕੰਵਲਜੀਤ ਨੇ ਕਿਹਾ ਕਿ ਦਿਲ ਵਾਪਸ ਮੁੜਨ ਨੂੰ ਕਰਦਾ ਹੈ ਪਰ ਮਾਂ-ਪਿਓ ਨੇ ਘਰ ਦੀ ਸਾਰੀ ਖੇਤੀਬਾੜੀ ਵਾਲੀ ਜ਼ਮੀਨ ਗਹਿਣੇ ਪਾ ਕੇ ਵਿਆਜ ’ਤੇ ਪੈਸੇ ਫੜੇ ਹਨ ਤੇ 25 ਲੱਖ ਰੁਪਏ ਦਾ ਕਰਜ਼ਾ ਉਸ ਨੂੰ ਖਾਲੀ ਹੱਥ ਵਾਪਸ ਵੀ ਨਹੀਂ ਜਾਣ ਦੇ ਰਿਹਾ। ਨਕੋਦਰ ਦੀ ਸੁਨੀਤਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਕਾਰੋਬਾਰੀ ਸਸਤੀ ਲੇਬਰ ਵਜੋਂ ਵਰਤਦੇ ਹਨ। ਵੀਜ਼ੇ ਮੁਤਾਬਕ ਹਫਤੇ ਵਿਚ ਕੇਵਲ ਵੀਹ ਘੰਟੇ ਕੰਮ ਕਰਨ ਨਾਲ ਲੋੜੀਂਦੇ ਮਾਮੂਲੀ ਖਰਚ ਵੀ ਪੂਰੇ ਨਹੀਂ ਹੁੰਦੇ। ਵੱਧ ਕੰਮ ਕਰਨ ਦੀ ਇੱਛਾ ਕਾਰੋਬਾਰੀਆਂ ਨੂੰ ਹੋਰ ਲੁੱਟ ਕਰਨ ਦੀ ਖੁੱਲ੍ਹ ਦਿੰਦੀ ਹੈ।