ਪੁਨਰ-ਜਾਗਰਤੀ ਦਾ ਮਹਾਂ ਮਨੁੱਖ ਲਿਓਨਾਰਡੋ ਦਿ ਵਿੰਚੀ/ਜਗਦੀਸ਼ ਪਾਪੜਾ

ਲਿਓਨਾਰਡੋ ਦਿ ਵਿੰਚੀ ਇੱਕ ਅਜ਼ੀਮ ਸ਼ਖ਼ਸੀਅਤ ਸੀ। ਉਸ ਦਾ ਜਨਮ, ਬਚਪਨ, ਜਵਾਨੀ ਅਤੇ ਬੁਢਾਪਾ ਆਮ ਮਨੁੱਖ ਨਾਲੋਂ ਹਟ ਕੇ ਬਹੁਤ ਵੱਖਰੇ ਤਰੀਕੇ ਨਾਲ ਲੰਘਿਆ। ਉਹ ਅਸਾਧਾਰਨ ਬੁੱਧੀ ਦਾ ਮਾਲਕ ਅਤੇ ਬਹੁਪੱਖੀ ਸ਼ਖ਼ਸੀਅਤ ਸੀ। ਲਿਓਨਾਰਡੋ ਨੂੰ ਦੁਨੀਆ ਦੇ ਜ਼ਿਆਦਾਤਰ ਲੋਕ ਉਸ ਦੀ ਵਿਸ਼ਵ ਪ੍ਰਸਿੱਧ ਪੇਂਟਿੰਗ ‘ਮੋਨਾਲੀਜ਼ਾ’ ਕਾਰਨ ਇੱਕ ਚਿੱਤਰਕਾਰ ਵਜੋਂ ਹੀ ਜਾਣਦੇ ਹਨ, ਪਰ ਉਹ ਹੋਰ ਵੀ ਬਹੁਤ ਸਾਰੇ ਖੇਤਰਾਂ ਦਾ ਮਾਹਿਰ ਸੀ। ਉਹ ਬੁੱਤਘਾੜਾ, ਸਰੀਰ ਵਿਗਿਆਨੀ, ਹਥਿਆਰ ਤੇ ਮਿਲਟਰੀ ਇੰਜੀਨੀਅਰ, ਮਕੈਨੀਕਲ ਇੰਜੀਨੀਅਰ, ਗਣਿਤ ਸ਼ਾਸਤਰੀ, ਤਾਰਾ ਵਿਗਿਆਨੀ, ਆਰਕੀਟੈਕਟ, ਰੰਗਮੰਚ ਦਾ ਸਟੇਜ ਅਤੇ ਕੌਸਟਿਊਮ ਡਿਜ਼ਾਈਨਰ, ਲੇਖਕ, ਖੋਜੀ, ਦਾਰਸ਼ਨਿਕ ਅਤੇ ਸੰਗੀਤਕਾਰ ਸੀ। ਉਸ ਦਾ ਪਸੰਦੀਦਾ ਵਿਸ਼ਾ ਨੈਚਰਲ ਸਾਇੰਸ ਸੀ।

ਲਿਓਨਾਰਡੋ ਦਾ ਜਨਮ ਇਟਲੀ ਦੀ ਸਿਟੀ ਸਟੇਟ ਫਲੋਰੈਂਸ ਦੇ ਇੱਕ ਛੋਟੇ ਜਿਹੇ ਪਿੰਡ ਵਿੰਚੀ ਵਿੱਚ 15 ਅਪਰੈਲ 1452 ਨੂੰ ਹੋਇਆ। ਉਸ ਦਾ ਪਿਤਾ ਸੇਰ ਪੀਅਰੋ ਦਿ ਵਿੰਚੀ ਸੀ ਜੋ ਇੱਕ ਅਮੀਰ ਘਰਾਣੇ ਨਾਲ ਸਬੰਧ ਰੱਖਦਾ ਸੀ। ਉਹ ਨੋਟਰੀ ਸੀ। ਲਿਓਨਾਰਡੋ ਦੀ ਮਾਂ ਦਾ ਨਾਂ ਕੈਟਰੀਨਾ ਸੀ। ਉਹ ਇੱਕ ਬੇਹੱਦ ਗ਼ਰੀਬ ਗ਼ੁਲਾਮ ਕੁੜੀ ਸੀ। 16 ਸਾਲ ਦੀ ਉਮਰ ਵਿੱਚ ਕੈਟਰੀਨਾ ਨੇ ਸੇਰ ਪੀਅਰੋ ਦੀ ਨਾਜਾਇਜ਼ ਔਲਾਦ ਲਿਓਨਾਰਡੋ ਨੂੰ ਜਨਮ ਦਿੱਤਾ। ਲਿਓਨਾਰਡੋ ਨੂੰ ਮਾਂ ਦਾ ਲਾਡ ਪਿਆਰ ਅਤੇ ਪਾਲਣ ਪੋਸ਼ਣ ਨਸੀਬ ਨਹੀਂ ਹੋਇਆ ਕਿਉਂਕਿ ਉਸ ਨੂੰ ਜਨਮ ਤੋਂ ਕੁਝ ਸਮਾਂ ਬਾਅਦ ਹੀ ਕੈਟਰੀਨਾ ਤੋਂ ਵੱਖ ਕਰ ਕੇ ਉਸ ਦੇ ਬਾਪ ਦੇ ਘਰ ਲਿਆਂਦਾ ਗਿਆ। ਕੈਟਰੀਨਾ ਦਾ ਕਿਸੇ ਹੋਰ ਮਜ਼ਦੂਰ ਲੜਕੇ ਨਾਲ ਵਿਆਹ ਕਰ ਦਿੱਤਾ ਗਿਆ ਕਿਉਂਕਿ ਉਸ ਲਈ ਇਸ ਅਮੀਰ ਘਰ ਵਿੱਚ ਕੋਈ ਥਾਂ ਨਹੀਂ ਸੀ। ਉਹ ਲਿਓਨਾਰਡੋ ਨੂੰ ਕਦੇ ਕਦਾਈਂ ਲੁਕ ਕੇ ਹੀ ਵੇਖ ਸਕਦੀ ਸੀ। ਬਾਅਦ ਵਿੱਚ ਸੇਰ ਪੀਅਰੋ ਨੇ ਵੀ ਅਮੀਰ ਘਰਾਣੇ ਦੀ ਇੱਕ ਹੋਰ ਅੱਲੜ੍ਹ ਕੁੜੀ ਅਲਬਾਇਰਾ ਨਾਲ ਵਿਆਹ ਕਰਵਾ ਲਿਆ। ਇਉਂ ਲਿਓਨਾਰਡੋ ਦਿ ਵਿੰਚੀ ਮਾਂ ਪਿਓ ਦੇ ਲਾਡ ਪਿਆਰ ਤੋਂ ਵਾਂਝਾ ਹੀ ਰਿਹਾ।

ਵਿੰਚੀ ਪਰਿਵਾਰ ਵਿੱਚ ਹਰ ਵੇਲੇ ਅਮੀਰ ਹੋਰ ਅਮੀਰ ਬਣਨ ਲਈ ਪੈਸੇ ਦੀ ਹੋੜ ਲੱਗੀ ਰਹਿੰਦੀ ਸੀ। ਇਸ ਲਈ ਲਿਓਨਾਰਡੋ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਸੀ, ਨਾ ਹੀ ਕਿਸੇ ਕੋਲ ਸਮਾਂ ਸੀ। ਸੋ ਉਹ ਇਕੱਲਾ ਹੀ ਏਧਰ ਓਧਰ ਭੌਂਦਾ ਰਹਿੰਦਾ ਸੀ। ਉਸ ਨੂੰ ਸਕੂਲ ਵਿੱਚ ਦਾਖਲ ਹੋ ਕੇ ਰਸਮੀ ਸਿੱਖਿਆ ਲੈਣ ਦਾ ਮੌਕਾ ਵੀ ਨਸੀਬ ਨਾ ਹੋਇਆ। ਸਮਾਜਿਕ ਰਿਸ਼ਤਿਆਂ, ਪਰਿਵਾਰਕ ਮਾਹੌਲ ਦੇ ਨਿੱਘ, ਮੋਹ ਮਮਤਾ ਦੀਆਂ ਅਪਣੱਤ ਵਾਲੀਆਂ ਸੂਖ਼ਮ ਭਾਵਨਾਵਾਂ ਤੋਂ ਸੱਖਣਾ ਉਹ ਸਹਿਜੇ ਹੀ ਕੁਦਰਤ ਦੇ ਵਿਸ਼ਾਲ ਵਰਤਾਰਿਆਂ ਦੇ ਰੂ-ਬ-ਰੂ ਹੋ ਗਿਆ। ਵਿੰਚੀ ਪਿੰਡ ਦੇ ਇਰਦ ਗਿਰਦ ਦੀਆਂ ਸੁੰਦਰ ਪਹਾੜੀਆਂ ਵਿੱਚ ਭੌਂਦਿਆਂ, ਕਲ ਕਲ ਵਗਦੀਆਂ ਨਦੀਆਂ, ਝਰਨਿਆਂ ਅਤੇ ਝੀਲਾਂ ਵਿੱਚ ਸੁੱਟੀਆਂ ਠੀਕਰੀਆਂ ਨਾਲ ਬਣਦੀਆਂ ਘੁੰਮਣਘੇਰੀਆਂ, ਆਸਮਾਨੀਂ ਉੱਡਦੇ ਪੰਛੀਆਂ ਦੇ ਖੰਭਾਂ ਦੀਆਂ ਹਰਕਤਾਂ ਉਸ ਦੇ ਬਾਲ ਮਨ ਦੀਆਂ ਖ਼ਿਆਲ ਉਡਾਰੀਆਂ ਦੀ ਬਾਤ ਦਾ ਹੁੰਗਾਰਾ ਭਰਨ ਲੱਗੀਆਂ।

ਆਪਣੀ ਹੋਂਦ ਅਤੇ ਹੋਣੀ ਦਾ ਸਵਾਲ ਉਸ ਦੇ ਜਗਿਆਸੂ ਸੁਭਾਅ ਕਾਰਨ ਕੁਦਰਤ ਬਾਰੇ ਖੋਜ ਕਰਨ ਵਿੱਚ ਪਲਟ ਗਿਆ। ਵਿੰਚੀ ਅਸਾਧਾਰਨ ਬੁੱਧੀ ਵਾਲਾ ਹੋਣਹਾਰ ਬੱਚਾ ਸੀ। ਰਸਮੀ ਸਿੱਖਿਆ ਪ੍ਰਦਾਨ ਕਰਨ ਵਾਲਾ ਸਕੂਲ ਉਸ ਤੋਂ ਪਿੱਛੇ ਰਹਿ ਗਿਆ ਅਤੇ ਉਹ ਬਚਪਨ ਵਿੱਚ ਹੀ ਖੋਜੀ ਬਿਰਤੀ ਨਾਲ ਕੁਦਰਤ ਦੇ ਗੁੱਝੇ ਭੇਦ ਬੁੱਝਣ ਦੇ ਰਾਹ ਪੈ ਗਿਆ। ਇਉਂ ਉਸ ਦਾ ਸੋਚਣ ਢੰਗ ਹੀ ਵਿਗਿਆਨਕ ਨਿਯਮਾਂ ਦਾ ਅਨੁਸਾਰੀ ਬਣ ਗਿਆ। ਵੱਡੀ ਉਮਰ ਵਿੱਚ ਲਿਓਨਾਰਡੋ ਨੇ ਆਪਣੀ ਡਾਇਰੀ ਦੇ ਇੱਕ ਪੰਨੇ ਉੱਤੇ ਆਪਣੀ ਕਿਤਾਬੀ ਪੜ੍ਹਾਈ ਬਾਰੇ ਜ਼ਿਕਰ ਕਰਦਿਆਂ ਲਿਖਿਆ, ‘ਮੈਂ ਇਸ ਗੱਲੋਂ ਪੂਰੀ ਤਰ੍ਹਾਂ ਸੁਚੇਤ ਹਾਂ ਕਿ ਮੇਰਾ ਕਿਤਾਬੀ ਗਿਆਨ ਤੋਂ ਸੱਖਣੇ ਰਹਿ ਜਾਣਾ ਕੁਝ ਬਦਗੁਮਾਨ (ਵਿਦਵਾਨ) ਲੋਕਾਂ ਲਈ ਮੇਰੇ ਉੱਤੇ ਇਹ ਦੋਸ਼ ਲਾਉਣ ਦਾ ਕਾਰਨ ਬਣੇਗਾ ਕਿ ਮੈਂ ਤਾਂ ਇੱਕ ਅਨਪੜ੍ਹ ਵਿਅਕਤੀ ਹਾਂ। ਪਰ ਉਨ੍ਹਾਂ ਵਿਚਾਰੇ ਪੜ੍ਹੇ ਲਿਖੇ ਮੂਰਖ, ਆਕੜੇ ਫਿਰਦੇ ਅਤੇ ਹੰਕਾਰੇ ਹੋਏ ਲੋਕਾਂ ਨੂੰ ਇਹ ਨਹੀਂ ਪਤਾ ਕਿ ਉਹ ਆਪਣੀ ਮਿਹਨਤ ਦੇ ਬਲਬੂਤੇ ਨਹੀਂ ਸਗੋਂ ਕਿਸੇ ਹੋਰ ਦੇ ਗਿਆਨ ਦੀਆਂ ਪੰਡਾਂ ਚੁੱਕੀ ਫਿਰਦੇ ਹਨ। ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਮੈਨੂੰ ਕਿਸੇ ਹੋਰ ਦੇ ਘੜੇ ਘੜਾਏ ਸ਼ਬਦਾਂ ਦੀ ਨਹੀਂ ਸਗੋਂ ਆਪਣੇ ਅਨੁਭਵਾਂ ਦੀ ਲੋੜ ਹੈ।’ ਇਹ ਬਿਆਨ ਉਸ ਦੇ ਸਵੈ-ਵਿਸ਼ਵਾਸ ਦਾ ਸਿਖਰ ਸੀ।

ਲਿਓਨਾਰਡੋ ਦਾ ਪਿਤਾ ਸੇਰ ਪੀਅਰੋ ਭਾਵੇਂ ਆਪਣੇ ਕਾਰੋਬਾਰ ਵਿੱਚ ਰੁੱਝਿਆ ਰਹਿੰਦਾ ਸੀ, ਪਰ ਉਸ ਨੇ ਜਦੋਂ ਇੱਕ ਦਿਨ ਉਸ ਦੀਆਂ ਬਣਾਈਆਂ ਕੁਝ ਤਸਵੀਰਾਂ ਉੱਤੇ ਨਜ਼ਰ ਮਾਰੀ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਜ਼ਰੂਰ ਇਸ ਬੱਚੇ ਅੰਦਰ ਕੋਈ ਕਲਾਤਮਿਕ ਰੁਚੀਆਂ ਉੱਸਲਵੱਟੇ ਲੈ ਰਹੀਆਂ ਹਨ। ਉਸ ਨੇ ਲਿਓਨਾਰਡੋ ਨੂੰ ਫਲੋਰੈਂਸ ਦੇ ਕਲਾ ਉਸਤਾਦ ਵੇਰੋਚੀਓ ਦੀ ਕਲਾ ਵਰਕਸ਼ਾਪ ਵਿੱਚ ਦਾਖ਼ਲ ਕਰਵਾ ਦਿੱਤਾ। ਚੌਦਾਂ ਸਾਲ ਦੀ ਉਮਰ ਵਿੱਚ ਇਹੋ ਲਿਓਨਾਰਡੋ ਦਾ ਪਹਿਲਾ ਸਕੂਲ ਸੀ। ਵੇਰੋਚੀਓ ਦੀ ਕਲਾ ਵਰਕਸ਼ਾਪ ਵਿੱਚ ਲਿਓਨਾਰਡੋ ਨੇ ਪੇਂਟਿੰਗ ਤੋਂ ਇਲਾਵਾ ਮੂਰਤੀਕਾਰੀ, ਵੁੱਡਵਰਕ, ਲੈਦਰ ਵਰਕ, ਪਲਾਸਟੋਕਾਸਟਿੰਗ ਅਤੇ ਮਕੈਨਿਕਸ ਆਦਿ ਕਲਾਵਾਂ ਵਿੱਚ ਨਿਪੁੰਨਤਾ ਹਾਸਲ ਕਰ ਲਈ। ਮਹਿਜ਼ 21 ਸਾਲ ਦੀ ਉਮਰ ਵਿੱਚ ਉਹ ਫਲੋਰੈਂਸ ਦੇ ਪੇਂਟਰਜ਼ ਸੰਘ ਦਾ ਚਰਚਿਤ ਮੈਂਬਰ ਬਣ ਗਿਆ ਸੀ।

ਲਿਓਨਾਰਡੋ ਨੇ ਆਪਣੀ ਜਵਾਨੀ ਦਾ ਲੰਮਾ ਅਰਸਾ ਇਟਲੀ ਦੀ ਇੱਕ ਸਿਟੀ ਸਟੇਟ ਮਿਲਾਨ ਦੇ ਡਿਊਕ ਲੁਡਵਿਕੋ ਸਫੋਰਜ਼ਾ ਕੋਲ ਬਤੌਰ ਮਿਲਟਰੀ ਇੰਜੀਨੀਅਰ ਨੌਕਰੀ ਕਰਦਿਆਂ ਬਿਤਾਇਆ। ਇੱਥੇ ਉਸ ਨੇ ਫ਼ੌਜੀ ਸਾਜ਼ੋ ਸਾਮਾਨ ਜਿਵੇਂ ਤੋਪਾਂ, ਟੈਂਕਾਂ, ਪਣਡੁੱਬੀਆਂ, ਬਖਤਰਬੰਦ ਮਸ਼ੀਨਾਂ, ਬੇੜੀਆਂ ਦੇ ਆਰਜ਼ੀ ਪੁਲਾਂ, ਕਿਲਿਆਂ ਵਿੱਚ ਘੁਸਪੈਠ ਕਰਨ ਵਾਲੀਆਂ ਪੌੜੀਆਂ ਅਤੇ ਜ਼ਮੀਨਦੋਜ਼ ਸੁਰੰਗਾਂ ਦੇ ਨਕਸ਼ੇ ਤੇ ਖ਼ਾਕੇ ਤਿਆਰ ਕੀਤੇ। ਉਸ ਨੇ ਮਿਲਾਨ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਲਈ ਨਿਵੇਕਲੀ ਸੀਵਰੇਜ ਪ੍ਰਣਾਲੀ ਦਾ ਮਾਸਟਰ ਪਲੈਨ ਵੀ ਤਿਆਰ ਕੀਤਾ। ਅਜੋਕੇ ਆਰਕੀਟੈਕਟ ਕੋਈ ਵੀ ਯੋਜਨਾ ਤਿਆਰ ਕਰਨ ਸਮੇਂ ਉਸ ਵੱਲੋਂ ਤਿਆਰ ਕੀਤੇ ਉਨ੍ਹਾਂ ਖਾਕਿਆਂ ਅਤੇ ਨਕਸ਼ਿਆਂ ਤੋਂ ਅਕਸਰ ਸੇਧ ਲੈਂਦੇ ਹਨ। ਪੰਜ ਸਦੀਆਂ ਪਹਿਲਾਂ ਦੇ ਯੂਰਪੀ ਸਮਾਜ ਵਿੱਚ ਵਿਗਿਆਨ ਅਤੇ ਤਕਨਾਲੋਜੀ ਨੇ ਹਾਲੇ ਏਨਾ ਵਿਕਾਸ ਨਹੀਂ ਸੀ ਕੀਤਾ ਕਿ ਲਿਓਨਾਰਡੋ ਦੇ ਬਣਾਏ ਖਾਕੇ ਇੰਨ-ਬਿੰਨ ਲਾਗੂ ਹੋ ਸਕਦੇ ਪਰ ਬਾਅਦ ਦੀ ਤਰੱਕੀ ਨੇ ਉਨ੍ਹਾਂ ਨੂੰ ਸਹੀ ਸਾਬਤ ਕੀਤਾ ਕਿਉਂਕਿ ਉਹ ਵਿਗਿਆਨ ਦੇ ਮੁੱਢਲੇ ਨਿਯਮਾਂ ਦੇ ਐਨ ਅਨੁਕੂਲ ਸਨ।

ਮਿਲਾਨ ਵਿੱਚ ਰਹਿੰਦਿਆਂ ਹੀ ਲਿਓਨਾਰਡੋ ਨੇ ਆਪਣੇ ਆਪ ਨੂੰ ਇੱਕ ਕੁਸ਼ਲ ਇੰਜੀਨੀਅਰ, ਫ਼ੌਜੀ ਮਾਹਿਰ ਅਤੇ ਆਰਕੀਟੈਕਟ ਹੋਣ ਤੋਂ ਇਲਾਵਾ ਰੰਗਮੰਚ ਪ੍ਰੋਡਿਊਸਰ, ਲਾਈਟ ਅਤੇ ਸਾਊਂਡ ਡਿਜ਼ਾਈਨਰ, ਸਟੇਜ ਅਤੇ ਕੌਸਟਿਊਮ ਡਿਜ਼ਾਈਨਰ ਵਜੋਂ ਸਥਾਪਿਤ ਕੀਤਾ। ਆਪਣੇ ਕਾਢੂ ਦਿਮਾਗ਼, ਖੋਜੀ ਅਤੇ ਜਗਿਆਸੂ ਬਿਰਤੀ ਕਾਰਨ ਉਹ ਹਰ ਵਿਸ਼ੇ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰਦਾ ਸੀ। ਮਸਲਨ, ਚਿੱਤਰਕਲਾ ਦੀਆਂ ਮੌਲਿਕ ਡੂੰਘਾਈਆਂ ਤੱਕ ਉਤਰਨ ਲਈ ਉਸ ਨੇ ਮਨੁੱਖੀ ਭਾਵਨਾਵਾਂ ਦੇ ਚਿਹਰੇ ਉੱਤੇ ਪ੍ਰਗਟ ਹੋਣ ਦੀ ਪ੍ਰਕਿਰਿਆ ਜਾਣਨ ਵਾਸਤੇ ਮਨੁੱਖੀ ਲਾਸ਼ਾਂ ਦੀ ਚੀਰਫਾੜ ਕਰਕੇ ਦਿਮਾਗ਼, ਦਿਲ, ਹੱਡੀਆਂ, ਮਾਸਪੇਸ਼ੀਆਂ, ਨਾੜਾਂ, ਨਸਾਂ, ਦੰਦ, ਅੱਖਾਂ ਅਤੇ ਇੱਥੋਂ ਤੱਕ ਕਿ ਗਰਭ ਵਿੱਚ ਪਲਦੇ ਭਰੂਣ ਤੱਕ ਦਾ ਅਧਿਐਨ ਕੀਤਾ। ਉਸ ਨੇ ਮਨੁੱਖੀ ਲਾਸ਼ਾਂ ਤੋਂ ਇਲਾਵਾ ਪਸ਼ੂਆਂਂ ਅਤੇ ਪੰਛੀਆਂ ਦੇ ਮ੍ਰਿਤਕ ਸਰੀਰਾਂ ਦੀ ਵੀ ਚੀਰਫਾੜ ਕੀਤੀ। ਲਿਓਨਾਰਡੋ ਨੇ ਚਿਹਰਿਆਂ ਦੇ ਭਿੰਨ ਭਿੰਨ ਹਾਵ ਭਾਵ ਨੋਟ ਕਰਨ ਲਈ ਹਸਪਤਾਲਾਂ ਵਿੱਚ ਦਾਖ਼ਲ ਮਰੀਜ਼ਾਂ ਅਤੇ ਜੇਲ੍ਹਾਂ ਵਿੱਚ ਬੰਦ ਪੇਸ਼ੇਵਰ ਮੁਜਰਿਮਾਂ ਉੱਤੇ ਅਧਿਐਨ ਕੀਤਾ। ਇੱਕ ਧਾਰਨਾ ਮੁਤਾਬਿਕ ਉਹ ਕਿਸੇ ਵੀ ਇਨਸਾਨ ਦਾ ਪਿੱਛਾ ਕਰਕੇ ਸਾਰਾ ਦਿਨ ਉਸ ਦੇ ਚਿਹਰੇ ਦੇ ਹਾਵ ਭਾਵ ਨੋਟ ਕਰਦਾ ਰਹਿੰਦਾ ਅਤੇ ਸ਼ਾਮ ਨੂੰ ਘਰ ਆ ਕੇ ਉਸ ਦਾ ਚਿੱਤਰ ਬਣਾ ਦਿੰਦਾ ਸੀ।

ਲਿਓਨਾਰਡੋ ਦਿ ਵਿੰਚੀ ਦੀਆਂ ਦੋ ਕੁ ਦਰਜਨ ਪ੍ਰਸਿੱਧ ਪੇਂਟਿੰਗਾਂ ਦੁਨੀਆ ਦੇ ਵੱਡੇ ਅਜਾਇਬਘਰਾਂ ਵਿੱਚ ਸੁਸ਼ੋਭਿਤ ਹਨ ਜਿਨ੍ਹਾਂ ਵਿੱਚ ਦੁਨੀਆ ਦੀ ਸਭ ਤੋਂ ਵੱਧ ਚਰਚਿਤ ਅਤੇ ਮਹਿੰਗੀ ਪੇਂਟਿੰਗ ‘ਮੋਨਾਲੀਜ਼ਾ’ ਪੈਰਿਸ ਦੇ ਲੂਵਰ ਮਿਊਜ਼ੀਅਮ ਵਿੱਚ ਰੱਖੀ ਹੋਈ ਹੈ। ਲਿਓਨਾਰਡੋ ਇਸ ਪੇਂਟਿੰਗ ਉੱਤੇ ਲਗਭਗ ਸਤਾਰਾਂ ਸਾਲ ਕੰਮ ਕਰਦਾ ਰਿਹਾ ਪਰ ਉਸ ਨੇ ਕਦੇ ਵੀ ਇਹ ਐਲਾਨ ਨਹੀਂ ਕੀਤਾ ਕਿ ਇਹ ਪੇਂਟਿੰਗ ਮੁਕੰਮਲ ਹੋ ਗਈ ਹੈ। ਮੋਨਾਲੀਜ਼ਾ ਦੇ ਚਿਹਰੇ ਨੂੰ ਨਿਖਾਰਨ ਲਈ ਉਸ ਨੇ ਮਹੀਨ ਤੋਂ ਮਹੀਨ ਬੁਰਸ਼ਾਂ ਨਾਲ ਘੱਟੋ-ਘੱਟ 35 ਪਰਤਾਂ ਚੜ੍ਹਾਈਆਂ। ਮੋਨਾਲੀਜ਼ਾ ਇੱਕ ਅਜਿਹੀ ਪੇਂਟਿੰਗ ਹੈ ਜਿਸ ਦੀ ਰਹੱਸਮਈ ਮੁਸਕਾਨ ਦਰਸ਼ਕਾਂ ਅਤੇ ਕਲਾ ਪਾਰਖੂਆਂ ਲਈ ਹਮੇਸ਼ਾ ਬੁਝਾਰਤ ਹੀ ਬਣੀ ਰਹੀ ਹੈ। ਮੋਨਾਲੀਜ਼ਾ ਫਰੈਂਚ ਰਿਪਬਲਿਕ ਦੀ ਅਮਾਨਤ ਹੈ ਅਤੇ ਇਹ ਵਿਕਾਊ ਨਹੀਂ ਹੈ। ਫਿਰ ਵੀ ਬੀਮਾ ਪ੍ਰੀਮੀਅਮ ਮੁਤਾਬਿਕ ਇਸ ਦੀ ਮੌਜੂਦਾ ਕੀਮਤ 850 ਮਿਲੀਅਨ ਡਾਲਰ ਹੈ।

ਵਿੰਚੀ ਦੀ ਦੂਜੀ ਸੰਸਾਰ ਪ੍ਰਸਿੱਧ ਕਲਾਕ੍ਰਿਤ ਇੱਕ ਵੱਡਾ ਕੰਧ ਚਿੱਤਰ ਹੈ ‘ਦਿ ਲਾਸਟ ਸੱਪਰ’। 27.5×15 ਫੁੱਟ ਆਕਾਰ ਦਾ ਇਹ ਸ਼ਾਹਕਾਰ ਚਿੱਤਰ ਈਸਾ ਮਸੀਹ ਦੇ ਸੂਲੀ ਚੜ੍ਹਨ ਤੋਂ ਇੱਕ ਦਿਨ ਪਹਿਲਾਂ ਆਪਣੇ ਬਾਰਾਂ ਚੇਲਿਆਂ ਨਾਲ ਕੀਤੇ ਗਏ ਉਸ ਆਖ਼ਰੀ ਭੋਜ ਨਾਲ ਜੁੜੀ ਕਥਾ ਨਾਲ ਸਬੰਧਿਤ ਹੈ ਜਿਸ ਵਿੱਚ ਈਸਾ ਨੇ ਕਿਹਾ ਸੀ, ‘‘ਕੱਲ੍ਹ ਤੁਹਾਡੇ ਵਿੱਚੋਂ ਇੱਕ ਜਣਾ ਮੇਰੇ ਨਾਲ ਗੱਦਾਰੀ ਕਰੇਗਾ।’’ ਇਹ ਚਿੱਤਰ ਮਿਲਾਨ ਸ਼ਹਿਰ ਦੇ ਇੱਕ ਚਰਚ ਦੇ ਲੰਗਰ ਹਾਲ ਦੀ ਕੰਧ ਉੱਤੇ ਬਣਾਇਆ ਗਿਆ। ਇਸ ਨੂੰ ਬਣਾਉਣ ਵਿੱਚ ਲਿਓਨਾਰਡੋ ਨੂੰ ਤਿੰਨ ਸਾਲ ਲੱਗੇ।

ਚਿੱਤਰਕਲਾ ਤੋਂ ਇਲਾਵਾ ਲਿਓਨਾਰਡੋ ਨੇ ਹੋਰ ਅਨੇਕਾਂ ਵਿਸ਼ਿਆਂ ਉੱਤੇ ਕੰਮ ਕੀਤਾ ਜੋ ਕੁਦਰਤ ਅਤੇ ਵਿਗਿਆਨਕ ਨਿਯਮਾਂ ਉੱਤੇ ਆਧਾਰਿਤ ਸੀ। ਉਸ ਨੇ ਗੈਲਿਲੀਓ ਤੋਂ ਸੌ ਸਾਲ ਪਹਿਲਾਂ ਇੱਕ ਟੈਲੀਸਕੋਪ ਦਾ ਡਿਜ਼ਾਈਨ ਤਿਆਰ ਕਰ ਦਿੱਤਾ ਸੀ ਜਿਸ ਰਾਹੀਂ ਚੰਦਰਮਾ ਨੂੰ ਵੱਡਾ ਕਰਕੇ ਵੇਖਿਆ ਜਾ ਸਕਦਾ ਹੈ। ਉਸ ਨੇ ਟੈਕਸਟਾਈਲ ਮਸ਼ੀਨ ਦਾ ਡਿਜ਼ਾਈਨ ਤਿਆਰ ਕੀਤਾ ਜਿਸ ਨੇ ਟੈਕਸਟਾਈਲ ਸਨਅਤ ਵਿੱਚ ਗੁਣਵੱਤਾ ਅਤੇ ਮਾਤਰਾ ਪੱਖੋਂ ਤੂਫ਼ਾਨੀ ਵਾਧਾ ਕਰ ਕੇ ਇਨਕਲਾਬ ਲਿਆਂਦਾ। ਉਸ ਨੇ ਪੈਰਾਸ਼ੂਟ, ਹੈਲੀਕਾਪਟਰ, ਪਣਡੁੱਬੀ, ਦੂਰੀ ਮਾਪਕ ਯੰਤਰ, ਲੈੱਨਜ਼, ਸੂਰਜੀ ਊਰਜਾ, ਪਾਣੀ ਨਾਲ ਚੱਲਣ ਵਾਲੇ ਘੰਟਾਘਰ, ਭਾਰ ਤੋਲਣ ਵਾਲੀ ਮਸ਼ੀਨ ਆਦਿ ਅਨੇਕਾਂ ਖਾਕੇ ਅਤੇ ਡਿਜ਼ਾਈਨ ਤਿਆਰ ਕੀਤੇ। ਆਧੁਨਿਕ ਦੌਰ ਦੀ ਲਗਭਗ ਹਰ ਤਕਨੀਕ ਉਸ ਦੇ ਉਲੀਕੇ ਮੁੱਢਲੇ ਖਾਕਿਆਂ ਦਾ ਹੀ ਵਿਕਸਿਤ ਰੂਪ ਹੈ। ਉਸ ਨੇ ਇਟਲੀ ਦੇ ਸ਼ਹਿਰ ਇਮੋਲਾ ਦਾ ਵਿਸਤ੍ਰਿਤ ਨਕਸ਼ਾ ਤਿਆਰ ਕੀਤਾ ਸੀ। ਅੱਜ ਜਦੋਂ ਅਸੀਂ ਗੂਗਲ ਸਰਚ ਕਰਕੇ ਇਮੋਲਾ ਸ਼ਹਿਰ ਦਾ ਨਕਸ਼ਾ ਵੇਖਦੇ ਹਾਂ ਤਾਂ ਉਹ ਲਿਓਨਾਰਡੋ ਦੇ ਪੰਜ ਸਦੀਆਂ ਪਹਿਲਾਂ ਬਣਾਏ ਗਏ ਨਕਸ਼ੇ ਨਾਲ ਪੂਰਾ ਮੇਲ ਖਾਂਦਾ ਹੈ।

ਲਿਓਨਾਰਡੋ ਹਰ ਰੋਜ਼ ਆਪਣੀ ਡਾਇਰੀ ਲਿਖਦਾ ਸੀ। ਉਹ ਖੱਬਚੂ ਸੀ ਅਤੇ ਹਮੇਸ਼ਾ ਪੁੱਠੇ ਅੱਖਰਾਂ ਵਿੱਚ ਬੜੀ ਮੁਹਾਰਤ ਨਾਲ ਲਿਖ ਸਕਦਾ ਸੀ। ਉਸ ਦੀਆਂ ਲਿਖਤਾਂ ਨੂੰ ਸ਼ੀਸ਼ੇ ਸਾਹਮਣੇ ਰੱਖ ਕੇ ਪੜ੍ਹਿਆ ਜਾ ਸਕਦਾ ਹੈ। ਉਸ ਨੇ ਜਿਉਂਦੇ ਜੀਅ ਆਪਣੀਆਂ ਲਿਖਤਾਂ ਨੂੰ ਛਪਵਾਇਆ ਨਹੀਂ ਹਾਲਾਂਕਿ ਉਸ ਸਮੇਂ ਤੱਕ ਗੁਟਨਬਰਗ ਪ੍ਰਿੰਟਿੰਗ ਪ੍ਰੈੱਸ ਕਾਫ਼ੀ ਵਧ ਫੁੱਲ ਚੁੱਕੀ ਸੀ। ਉਸ ਦੇ ਹਜ਼ਾਰਾਂ ਨੋਟ ਉਸ ਦੇ ਮਰਨ ਤੋਂ ਬਾਅਦ ਛਪਵਾਏ ਗਏ। ਉਸ ਦੀ ਇੱਕ ਨੋਟਬੁੱਕ ਸੌਫਟਵੇਅਰ ਨਿਰਮਾਤਾ ਬਿਲ ਗੇਟਸ ਨੇ 30 ਲੱਖ ਅਮਰੀਕੀ ਡਾਲਰ ਵਿੱਚ ਖਰੀਦੀ। 36 ਸਫ਼ਿਆਂ ਦੀ ਇਸ ਲਿਖਤ ਨੇ ਵਿੰਡੋਜ਼-3 ਦੇ ਨਿਰਮਾਣ ਵਿੱਚ ਮਦਦ ਕੀਤੀ।

ਲਿਓਨਾਰਡੋ ਦਿ ਵਿੰਚੀ ਜ਼ਿੰਦਗੀ ਭਰ ਪਰਿਵਾਰਕ ਜੀਵਨ ਤੋਂ ਸੱਖਣਾ ਆਪਣੇ ਦੋਸਤਾਂ, ਸ਼ਾਗਿਰਦਾਂ ਅਤੇ ਅਮੀਰ ਸਰਪ੍ਰਸਤਾਂ ਵਿੱਚ ਘਿਰਿਆ ਕਦੇ ਵੀ ਇਕੱਲਤਾ ਦਾ ਸ਼ਿਕਾਰ ਨਹੀਂ ਰਿਹਾ। ਨਾ ਹੀ ਉਸ ਨੇ ਵਿਆਹ ਕਰਵਾਇਆ। ਕਦੇ ਵੀ ਉਸ ਦੇ ਔਰਤਾਂ ਨਾਲ ਸਬੰਧਾਂ ਬਾਰੇ ਕੋਈ ਚਰਚਾ ਸੁਣਨ ਨੂੰ ਨਹੀਂ ਮਿਲੀ। ਉਸ ਨੂੰ ਗੁਲਾਬੀ ਰੇਸ਼ਮੀ ਚੋਗਾ, ਸਿਰ ਉੱਤੇ ਖੰਭ ਵਾਲੀ ਟੋਪੀ ਅਤੇ ਮਹਿੰਗੇ ਬੂਟ ਪਾਉਣਾ ਚੰਗਾ ਲੱਗਦਾ ਸੀ। ਉਹ ਸ਼ਾਕਾਹਾਰੀ ਸੀ। ਕਦੇ ਕਦੇ ਉਹ ਬਾਜ਼ਾਰ ਵਿੱਚ ਵਿਕਦੇ ਪਿੰਜਰੇ ਦੇ ਪੰਛੀਆਂ ਨੂੰ ਖ਼ਰੀਦ ਕੇ ਆਜ਼ਾਦ ਕਰ ਦਿੰਦਾ ਸੀ। ਗਹਿਰ ਗੰਭੀਰ ਅਧਿਐਨ ਅਤੇ ਖੋਜ ਕਾਰਜਾਂ ਵਿੱਚੋਂ ਸਮਾਂ ਕੱਢ ਕੇ ਯਾਰਾਂ ਦੋਸਤਾਂ ਨਾਲ ਮਜ਼ਾਹ ਕਰਨਾ ਉਸ ਦਾ ਸੁਭਾਅ ਸੀ। ਉਸ ਨੇ ਕੈਟਰੀਨਾ ਦੀ ਕੁੱਲੀ ਵਿੱਚ ਜਨਮ ਲੈ ਕੇ ਫਲੋਰੈਂਸ ਦੇ ਸਭ ਤੋਂ ਅਮੀਰ ਘਰਾਣੇ ਮੈਡਿਚੀ ਪਰਿਵਾਰ, ਮਿਲਾਨ ਦੇ ਡਿਊਕ ਲੁਡਵਿਕੋ ਸਫੋਰਜ਼ਾ, ਰੋਮ ਦੇ ਸ਼ਕਤੀਸ਼ਾਲੀ ਮਹਾਂ ਪੋਪ ਅਤੇ ਫਰਾਂਸ ਦੇ ਪ੍ਰਿਸ ਫਰਾਂਸਿਸ ਦੀ ਸਰਪ੍ਰਸਤੀ ਹੇਠ ਕੰਮ ਕੀਤਾ, ਪਰ ਉਹ ਹਮੇਸ਼ਾਂ ਆਪਣੀ ਮਰਜ਼ੀ ਦਾ ਮਾਲਕ ਰਿਹਾ।

ਸਾਂਝਾ ਕਰੋ

ਪੜ੍ਹੋ

ਆਪ ਆਗੂਆਂ ਨੇ ਭਾਜਪਾ ’ਤੇ ਵਾਅਦੇ ਸਮੇਂ

ਨਵੀਂ ਦਿੱਲੀ, 12 ਮਾਰਚ – ਆਪ ਆਗੂ ਰਿਤੁਰਾਜ ਝਾਅ ਨੇ...