
ਨਵੀਂ ਦਿੱਲੀ, 20 ਫਰਵਰੀ – ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਅਕਾਲੀ ਦਲ (ਬਾਦਲ) ਦੇ ਰਾਜਧਾਨੀ ’ਚ ਸੀਨੀਅਰ ਆਗੂ ਮਨਜੀਤ ਸਿੰਘ ਜੇ ਕੇ ਨੇ ਕੈਨੇਡਾ, ਯੂ ਕੇ ਤੇ ਅਮਰੀਕਾ ਰਹਿੰਦੇ ਸਿੱਖਾਂ ਦੇ ਆਗੂ ਕਹਾਉਣ ਵਾਲਿਆਂ ਨੂੰ ਕਿਹਾ ਹੈ ਕਿ ਉਹ ਅਮਰੀਕਾ ਵੱਲੋਂ ਭਾਰਤ ਘੱਲੇ ਜਾ ਰਹੇ ਪ੍ਰਵਾਸੀਆਂ ਦੀਆਂ ਦਸਤਾਰਾਂ ਲਾਹ ਕੇ ਜ਼ਲੀਲ ਕਰਨ ਦੇ ਮੁੱਦੇ ’ਤੇ ਆਪਣੀ ਜ਼ੁਬਾਨ ਖੋਲ੍ਹਣ। ਉਨ੍ਹਾ ਬਾਹਰ ਰਹਿੰਦੇ ਅਜਿਹੇ ਆਗੂਆਂ ਦੀ ਚੋਣਵੀਂ ਸਰਗਰਮੀ ’ਤੇ ਕਿੰਤੂ ਕਰਦਿਆਂ ਕਿਹਾ ਕਿ ਸਿੱਖਾਂ ਦੇ ਹੱਕ ਸਿਰਫ ਭਾਰਤ ਤੱਕ ਹੀ ਸੀਮਤ ਨਹੀਂ।
ਉਨ੍ਹਾ ਪੁੱਛਿਆ ਹੈਭਾਰਤ ਵਿੱਚ ਸਿੱਖ ਮੁੱਦਿਆਂ ’ਤੇ ਬੋਲਣ ਦਾ ਮੌਕਾ ਨਾ ਗੁਆਉਣ ਵਾਲੇ ਬਾਹਰ ਰਹਿੰਦੇ ਸਿੱਖ ਸਾਂਸਦ, ਮੰਤਰੀ ਤੇ ਕਾਰਕੁਨ ਕਿੱਥੇ ਹਨ? ਕੀ ਅਮਰੀਕਾ ਵਿੱਚ ਸਿੱਖ ਪਛਾਣ ਨੂੰ ਮਿੱਧਣ ਵੇਲੇ ਉਨ੍ਹਾਂ ਦੀ ਜ਼ੁਬਾਨ ਲੜਖੜਾਉਦੀ ਹੈ? ਕਿੱਥੇ ਹੈ ਗੁਰਪਤਵੰਤ ਪਨੂੰ? ਉਹ ਇਸ ਕਰਕੇ ਗੁੱਛੀ ਮਾਰ ਗਿਆ ਕਿ ਇਹ ਹੱਤਕ ਟਰੰਪ ਪ੍ਰਸ਼ਾਸਨ ਨੇ ਕੀਤੀ ਹੈ, ਉਸੇ ਟਰੰਪ ਨੇ, ਜਿਸ ਦੀ ਤਾਜਪੋਸ਼ੀ ਦੇ ਸਮਾਗਮ ਵਿੱਚ ਉਹ ਪੁੱਜਾ ਸੀ। ਫਰਾਂਸ ਵਿੱਚ ਦਸਤਾਰ ’ਤੇ ਪਾਬੰਦੀ ਵੇਲੇ ਜਾਗੇ ਸਿੱਖ ਰੋਹ ਦਾ ਚੇਤਾ ਕਰਾਉਦਿਆਂ ਜੀ ਕੇ ਨੇ ਸਿੱਖ ਭਾਈਚਾਰੇ ਨੂੰ ਕਿਹਾ ਕਿ ਦਸਤਾਰ ਸਜਾਉਣੀ ਹਮੇਸ਼ਾ ਸੰਸਾਰ ਲੜਾਈ ਰਹੀ ਹੈ। ਜਦੋਂ ਫਰਾਂਸ ਸਰਕਾਰ ਨੇ ਸਕੂਲਾਂ ਤੇ ਸਰਕਾਰੀ ਦਸਤਾਵੇਜ਼ਾਂ ਵਿੱਚ ਦਸਤਾਰ ’ਤੇ ਰੋਕ ਲਾਈ ਤਾਂ ਵੀਜ਼ਿਆਂ ਦੀ ਪ੍ਰਵਾਹ ਕੀਤੇ ਬਿਨਾਂ ਸੰਸਾਰ ਭਰ ਦੇ ਸਿੱਖਾਂ ਨੇ ਉਸ ਵਿਰੁੱਧ ਆਵਾਜ਼ ਬੁਲੰਦ ਕੀਤੀ।
ਹੁਣ ਕੀ ਹਿਚਕਚਾਹਟ ਹੈ? ਅਮਰੀਕੀ ਧਰਤੀ ਤੋਂ ਜ਼ਲੀਲ ਕਰਕੇ ਕੱਢੇ ਜਾ ਰਹੇ ਸਿੱਖਾਂ ਦੇ ਮਾਮਲੇ ਵਿੱਚ ਹੁਣ ਖਾਮੋਸ਼ੀ ਕਿਉ ਹੈ? ਜੀ ਕੇ ਭਾਰਤ ਸਰਕਾਰ ਦੀ ਵੀ ਨੁਕਤਾਚੀਨੀ ਕੀਤੀ ਹੈ ਕਿ ਉਸ ਨੇ ਡਿਪੋਰਟੀਆਂ ਨੂੰ ਵਾਪਸ ਲਿਆਉਣ ਲਈ ਜਹਾਜ਼ ਨਹੀਂ ਘੱਲਿਆ। ਜੋ ਹੋਇਆ ਹੈ ਉਹ ਰਾਸ਼ਟਰ ਦੀ ਬੇਇੱਜ਼ਤੀ ਹੈ, ਪਰ ਜੀ ਕੇ ਨੇ ਇਸ ਗੱਲ ’ਤੇ ਜ਼ਿਆਦਾ ਅਫਸੋਸ ਜਤਾਇਆ ਹੈ ਕਿ ਕੈਨੇਡਾ ਦੇ ਦਰਜਨ ਤੋਂ ਵੱਧ ਸਿੱਖ ਸਾਂਸਦਾਂ ਤੇ ਯੂ ਕੇ 11 ਸਾਂਸਦਾਂ ਵਿੱਚੋਂ ਕਿਸੇ ਨੇ ਇਸ ਬੇਇਨਸਾਫੀ ਖਿਲਾਫ ਮੂੰਹ ਨਹੀਂ ਖੋਲ੍ਹਿਆ।