
ਪਟਿਆਲਾ, 12 ਫਰਵਰੀ – ਸੰਯੁਕਤ ਕਿਸਾਨ ਮੋਰਚਾ ਵੱਲੋਂ ਏਕਤਾ ਦੇ ਮੁੱਦੇ ’ਤੇ 12 ਫਰਵਰੀ ਨੂੰ ਚੰਡੀਗੜ੍ਹ ਵਿੱਚ ਸੱਦੀ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਭਾਵੇਂ ਕਿ ਕਿਸਾਨ-ਮਜ਼ਦੂਰ ਮੋਰਚੇ ਵੱਲੋਂ ਹਾਮੀ ਭਰ ਦਿੱਤੀ ਗਈ ਹੈ, ਪਰ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਵੇਗਾ। ਐੱਸ ਕੇ ਐੱਮ (ਗੈਰ-ਸਿਆਸੀ) ਨੇ ਐੱਸ ਕੇ ਐੱਮ (ਆਲ ਇੰਡੀਆ) ਨੂੰ ਇੱਕ ਪੱਤਰ ਲਿਖ ਕੇ ਕਿਹਾ ਹੈ ਕਿ 12 ਫਰਵਰੀ ਨੂੰ ਕਿਉਂਕਿ ਕਿਸਾਨ ਮੋਰਚੇ ਦੀ ਵਰ੍ਹੇਗੰਢ ਦੇ ਮੱਦੇਨਜ਼ਰ ਢਾਬੀ ਗੁੱਜਰਾਂ ਬਾਰਡਰ ’ਤੇ ਮਹਾਂਪੰਚਾਇਤ ਕੀਤੀ ਜਾ ਰਹੀ ਹੈ, ਜਿਸ ਕਰਕੇ ਉਹ ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕਣਗੇ। ਜਾਰੀ ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਐੱਸ ਕੇ ਐੱਮ ਦਾ ਸੱਦਾ ਮਿਲਣ ਤੋਂ ਪਹਿਲਾਂ ਹੀ ਉਨਾਂ ਵੱਲੋਂ 12 ਫਰਵਰੀ ਦੀ ਇਹ ਮਹਾਂ-ਪੰਚਾਇਤ ਤੈਅ ਕੀਤੀ ਜਾ ਚੁੱਕੀ ਸੀ।