
ਦੇਹਰਾਦੂਨ, 11 ਫਰਵਰੀ – ਮੱਧ ਪ੍ਰਦੇਸ਼ ਦੇ ਦੇਵ ਕੁਮਾਰ ਮੀਨਾ ਨੇ ਅੱਜ ਇੱਥੇ ਕੌਮੀ ਖੇਡਾਂ ਵਿੱਚ ਪੁਰਸ਼ਾਂ ਦੇ ਪੋਲ ਵਾਲਟ ਵਿੱਚ 5.32 ਮੀਟਰ ਦੇ ਕੌਮੀ ਰਿਕਾਰਡ ਨਾਲ ਸੋਨ ਤਗ਼ਮਾ ਜਿੱਤਿਆ। ਅਥਲੈਟਿਕਸ ਮੁਕਾਬਲਿਆਂ ਦੇ ਤੀਜੇ ਦਿਨ ਅੱਠ ਸੋਨ ਤਗਮੇ ਦਾਅ ’ਤੇ ਸਨ, ਜਿਨ੍ਹਾਂ ’ਚੋਂ ਪੰਜਾਬ ਨੇ ਤਿੰਨ, ਜਦਕਿ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਫੌਜ, ਤਾਮਿਲਨਾਡੂ ਅਤੇ ਮੇਜ਼ਬਾਨ ਉੱਤਰਾਖੰਡ ਨੇ ਇੱਕ-ਇੱਕ ਸੋਨ ਤਗਮਾ ਜਿੱਤਿਆ। 19 ਸਾਲਾ ਦੇਵ ਨੇ ਆਪਣੇ 2023 ਦੇ ਖਿਤਾਬ ਦਾ ਬਚਾਅ ਕਰਦਿਆਂ ਸੋਨੇ ਦਾ ਤਗ਼ਮਾ ਜਿੱਤਿਆ ਅਤੇ ਐੱਸ ਸ਼ਿਵਾ ਦਾ 5.31 ਮੀਟਰ ਦਾ ਕੌਮੀ ਰਿਕਾਰਡ ਤੋੜਿਆ, ਜੋ ਉਸ ਨੇ 2022 ਵਿੱਚ ਗੁਜਰਾਤ ’ਚ ਹੋਈਆਂ ਕੌਮੀ ਖੇਡਾਂ ਵਿੱਚ ਬਣਾਇਆ ਸੀ।
ਇਸ ਤੋਂ ਪਹਿਲਾਂ ਦੇਵ ਦਾ ਨਿੱਜੀ ਸਰਬੋਤਮ ਪ੍ਰਦਰਸ਼ਨ 5.20 ਮੀਟਰ ਸੀ। ਤਾਮਿਲਨਾਡੂ ਦੇ ਜੀ ਰੀਗਨ (5 ਮੀਟਰ) ਨੇ ਚਾਂਦੀ, ਜਦਕਿ ਉੱਤਰ ਪ੍ਰਦੇਸ਼ ਦੇ ਕੁਲਦੀਪ ਕੁਮਾਰ (5 ਮੀਟਰ) ਨੇ ਕਾਂਸੇ ਦਾ ਤਗ਼ਮਾ ਜਿੱਤਿਆ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੀ ਅਨੁਸ਼ਕਾ ਯਾਦਵ ਨੇ 62.89 ਮੀਟਰ ਦੀ ਕੋਸ਼ਿਸ਼ ਨਾਲ ਮਹਿਲਾ ਸ਼ਾਟਪੁਟ ਵਿੱਚ ਸੋਨ ਤਗ਼ਮਾ ਜਿੱਤਿਆ। ਪੁਰਸ਼ ਵਰਗ ਵਿੱਚ ਕੌਮੀ ਰਿਕਾਰਡ ਧਾਰਕ ਪੰਜਾਬ ਦੇ ਤਜਿੰਦਰਪਾਲ ਸਿੰਘ ਤੂਰ ਨੇ 19.74 ਮੀਟਰ ਦੀ ਕੋਸ਼ਿਸ਼ ਨਾਲ ਸੋਨ ਤਗ਼ਮਾ ਜਿੱਤਿਆ। ਮੱਧ ਪ੍ਰਦੇਸ਼ ਦੇ ਮੌਜੂਦਾ ਚੈਂਪੀਅਨ ਸਮਰਦੀਪ ਸਿੰਘ ਗਿੱਲ (19.38 ਮੀਟਰ) ਅਤੇ ਪੰਜਾਬ ਦੇ ਪ੍ਰਭਕ੍ਰਿਪਾਲ ਸਿੰਘ (19.04 ਸੈਕਿੰਡ) ਨੇ ਕ੍ਰਮਵਾਰ ਚਾਂਦੀ ਅਤੇ ਕਾਂਸੇ ਦੇ ਤਗ਼ਮੇ ਜਿੱਤੇ।