
ਨਵੀਂ ਦਿੱਲੀ, 11 ਫਰਵਰੀ – ਬੈਂਕਾਂ ਤੋਂ ਲੋਨ ਲੈਣ ਵਾਲਿਆਂ ਲਈ ਚੰਗੀ ਖਬਰ ਹੈ। ਜੇਕਰ ਤੁਹਾਡਾ ਹੋਮ ਜਾਂ ਆਟੋ ਲੋਨ ਰੈਪੋ ਰੇਟ ਨਾਲ ਜੁੜਿਆ ਹੋਇਆ ਹੈ ਤਾਂ ਜਲਦ ਹੀ ਰਾਹਤ ਮਿਲਣ ਵਾਲੀ ਹੈ। ਭਾਰਤੀ ਰਿਜ਼ਰਵ ਬੈਂਕ (RBI) ਨੇ ਰੈਪੋ ਰੇਟ ਵਿੱਚ 25 ਬੇਸਿਸ ਪੁਆਇੰਟ (bps) ਦੀ ਕਟੌਤੀ ਕੀਤੀ ਹੈ, ਜਿਸ ਨਾਲ ਇਹ 6.5% ਤੋਂ ਘਟਾ ਕੇ 6.25% ਹੋ ਗਈ ਹੈ। ਇਸ ਨਾਲ ਹੋਮ ਤੇ ਆਟੋ ਲੋਨ ਦੀ EMI ਵਿੱਚ ਰਾਹਤ ਮਿਲਣ ਦੀ ਉਮੀਦ ਹੈ।
ਦਰਅਸਲ ਜੇਕਰ ਤੁਸੀਂ ਫਲੋਟਿੰਗ ਰੇਟ ‘ਤੇ ਹੋਮ ਲੋਨ ਲਿਆ ਹ ਤਾਂ ਇਸ ਕਟੌਤੀ ਦਾ ਸਿੱਧਾ ਅਸਰ ਤੁਹਾਡੇ ਲੋਨ ‘ਤੇ ਪਵੇਗਾ। ਹਾਲਾਂਕਿ ਜ਼ਿਆਦਾਤਰ ਬੈਂਕ ਤੁਹਾਡੀ EMI ਘਟਾਉਣ ਦੀ ਬਜਾਏ ਕਰਜ਼ੇ ਦੀ ਮਿਆਦ ਘਟਾਉਣ ਨੂੰ ਤਰਜੀਹ ਦਿੰਦੇ ਹਨ। ਇਸ ਨਾਲ ਤੁਹਾਨੂੰ ਕੁੱਲ ਵਿਆਜ ਵਿੱਚ ਕਾਫ਼ੀ ਬੱਚਤ ਮਿਲਦੀ ਹੈ ਤੇ ਕਰਜ਼ਾ ਜਲਦੀ ਵਾਪਸ ਹੋ ਜਾਂਦਾ ਹੈ।
ਇੰਝ ਸਮਝੋ ਪੂਰਾ ਗਣਿਤ…
ਮਿਸਾਲ ਵਜੋਂ, ਜੇਕਰ ਤੁਸੀਂ 20 ਸਾਲਾਂ ਲਈ 8.5% ਦੀ ਵਿਆਜ ਦਰ ‘ਤੇ 50 ਲੱਖ ਰੁਪਏ ਦਾ ਹੋਮ ਲੋਨ ਲਿਆ ਹੈ, ਤਾਂ ਤੁਹਾਡੀ ਮੌਜੂਦਾ EMI 43,391 ਰੁਪਏ ਹੋਵੇਗੀ। ਰੈਪੋ ਰੇਟ ਵਿੱਚ ਕਟੌਤੀ ਤੋਂ ਬਾਅਦ ਵਿਆਜ ਦਰ 8.25% ਹੋ ਜਾਵੇਗੀ, ਪਰ ਤੁਹਾਡੀ EMI ਉਹੀ ਰਹੇਗੀ। ਫਰਕ ਇਹ ਹੋਵੇਗਾ ਕਿ ਕਰਜ਼ੇ ਦੀ ਮਿਆਦ 10 ਮਹੀਨਿਆਂ ਤੱਕ ਘੱਟ ਜਾਵੇਗੀ ਤੇ ਤੁਸੀਂ ਕੁੱਲ ਵਿਆਜ ਵਿੱਚ 3.5 ਲੱਖ ਰੁਪਏ ਦੀ ਬਚਤ ਕਰੋਗੇ।
ਇਸੇ ਤਰ੍ਹਾਂ, 10% ਦੀ ਵਿਆਜ ਦਰ ‘ਤੇ 10 ਲੱਖ ਰੁਪਏ ਦੇ ਆਟੋ ਲੋਨ ਲਈ ਤੁਹਾਡੀ 5 ਸਾਲ ਦੀ EMI 21,247 ਰੁਪਏ ਹੋਵੇਗੀ। ਰੈਪੋ ਰੇਟ ਵਿੱਚ ਕਟੌਤੀ ਤੋਂ ਬਾਅਦ ਵਿਆਜ ਦਰ 9.75% ਹੋ ਜਾਵੇਗੀ, ਪਰ EMI ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਹਾਂ, ਕਰਜ਼ੇ ਦੀ ਮਿਆਦ 3 ਮਹੀਨੇ ਘਟਾਈ ਜਾਵੇਗੀ ਤੇ ਤੁਹਾਨੂੰ 15,000 ਰੁਪਏ ਦੀ ਵਿਆਜ ਬੱਚਤ ਮਿਲੇਗੀ।
EMI ਘਟਾਉਣਾ ਬਿਹਤਰ ਜਾਂ ਮਿਆਦ?
ਜੇਕਰ ਤੁਹਾਡਾ ਕਰਜ਼ਾ ਰੈਪੋ-ਲਿੰਕਡ ਹੈ, ਤਾਂ ਤੁਹਾਨੂੰ ਅਗਲੇ 2-3 ਮਹੀਨਿਆਂ ਵਿੱਚ ਇਸ ਕਟੌਤੀ ਦਾ ਲਾਭ ਮਿਲ ਸਕਦਾ ਹੈ। ਹਾਲਾਂਕਿ ਬੈਂਕ ਇਸ ਕਟੌਤੀ ਦਾ ਪੂਰਾ ਲਾਭ ਤੁਰੰਤ ਨਹੀਂ ਦਿੰਦੇ ਤੇ ਕਈ ਵਾਰ ਤਰਲਤਾ ਦੀਆਂ ਸਮੱਸਿਆਵਾਂ ਕਾਰਨ ਇਸ ਵਿੱਚ ਦੇਰੀ ਹੋ ਜਾਂਦੀ ਹੈ। ਬਹੁਤ ਸਾਰੇ ਲੋਕ EMI ਵਿੱਚ ਕਮੀ ਦੀ ਉਮੀਦ ਕਰਦੇ ਹਨ, ਪਰ ਕਰਜ਼ੇ ਦੀ ਮਿਆਦ ਘਟਾਉਣਾ ਵਧੇਰੇ ਫਾਇਦੇਮੰਦ ਹੁੰਦਾ ਹੈ। ਵੈਲਿਊ ਰਿਸਰਚ ਅਨੁਸਾਰ, “ਕਰਜ਼ੇ ਦੀ ਮਿਆਦ ਘਟਾ ਕੇ ਤੇ EMI ਨੂੰ ਇੱਕੋ ਜਿਹਾ ਰੱਖ ਕੇ, ਤੁਹਾਡਾ ਕਰਜ਼ਾ ਤੇਜ਼ੀ ਨਾਲ ਵਾਪਸ ਕੀਤਾ ਜਾ ਸਕਦਾ ਹੈ ਤੇ ਤੁਸੀਂ ਕੁੱਲ ਵਿਆਜ ਵਿੱਚ ਵਧੇਰੇ ਬਚਤ ਕਰਦੇ ਹੋ।”
ਕੀ ਕਰਜ਼ਾ ਰੀ-ਫਾਈਨਾਂਸ ਕਰਾਉਣਾ ਚਾਹੀਦਾ?
Bankbazaar.com ਦੇ ਸੀਈਓ ਅਧਿਲ ਸ਼ੈੱਟੀ ਮੁਤਾਬਕ, “ਜੇਕਰ ਤੁਹਾਡਾ ਹੋਮ ਲੋਨ ਰੈਪੋ ਰੇਟ ਨਾਲ ਜੁੜਿਆ ਹੋਇਆ ਹੈ ਤੇ ਤੁਸੀਂ ਇਸ ਨੂੰ ਅਕਤੂਬਰ 2019 ਤੋਂ ਬਾਅਦ ਲਿਆ ਹੈ, ਤਾਂ 25 ਬੇਸਿਸ ਪੁਆਇੰਟ ਦੀ ਕਟੌਤੀ ਆਪਣੇ ਆਪ ਲਾਗੂ ਹੋ ਜਾਵੇਗੀ।” ਜੇਕਰ ਤੁਹਾਡੀ ਵਿਆਜ ਦਰ ਅਜੇ ਵੀ 8.30% ਤੋਂ ਵੱਧ ਹੈ, ਤਾਂ ਤੁਹਾਨੂੰ refinancing ਜਾਂ balance transfer ਬਾਰੇ ਸੋਚਣਾ ਚਾਹੀਦਾ ਹੈ। ਖਾਸ ਕਰਕੇ ਜੇਕਰ ਤੁਹਾਡਾ ਕ੍ਰੈਡਿਟ ਸਕੋਰ 750 ਤੋਂ ਉੱਪਰ ਹੈ ਤੇ ਤੁਹਾਡੀ ਆਮਦਨ ਸਥਿਰ ਹੈ।
ਇਹ ਕਿਵੇਂ ਲਾਭਦਾਇਕ ਹੋਵੇਗਾ?
Refinancing ਤਾਂ ਹੀ ਲਾਭਦਾਇਕ ਹੁੰਦਾ ਹੈ ਜੇਕਰ ਤੁਹਾਡੇ ਕਰਜ਼ੇ ਦੀ ਮਿਆਦ ਜਾਂ ਬਕਾਇਆ ਕਰਜ਼ੇ ਦੀ ਰਕਮ ਅੱਧੇ ਤੋਂ ਵੱਧ ਹੋਵੇ ਤੇ ਤੁਸੀਂ ਕੁਝ ਮਹੀਨਿਆਂ ਦੇ ਅੰਦਰ Refinancing ਦੀ ਲਾਗਤ (ਜੋ ਆਮ ਤੌਰ ‘ਤੇ ਕਰਜ਼ੇ ਦੇ ਮੁੱਲ ਦਾ 1-2% ਹੁੰਦਾ ਹੈ) ਵਸੂਲ ਕਰ ਸਕਦੇ ਹੋ।