ਨਵੀਂ ਦਿੱਲੀ, 31 ਜਨਵਰੀ – ਅਸੈਂਬਲੀ ਚੋਣਾਂ ਲਈ ਪ੍ਰਚਾਰ ਦਰਮਿਆਨ ਚੋਣ ਕਮਿਸ਼ਨ ਦੀ ਟੀਮ ਵੀਰਵਾਰ ਦਿੱਲੀ ਸਥਿਤ ਕਪੂਰਥਲਾ ਹਾਊਸ ਦੀ ਤਲਾਸ਼ੀ ਲੈਣ ਪੁੱਜੀ, ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਠਹਿਰਦੇ ਹਨ। ਕਪੂਰਥਲਾ ਹਾਊਸ ਦੇ ਬਾਹਰ ਕਾਫੀ ਗਿਣਤੀ ਵਿੱਚ ਸੁਰੱਖਿਆ ਬਲ ਤਾਇਨਾਤ ਹਨ ਤੇ ਟੀਮ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ ਸੀ। ਮਾਨ ਦੀ ਰਿਹਾਇਸ਼ ’ਤੇ ਪੁੱਜੇ ਰਿਟਰਨਿੰਗ ਅਫਸਰ ਓ ਪੀ ਪਾਂਡੇ ਨੇ ਕਿਹਾਸਾਨੂੰ ਪੈਸੇ ਵੰਡਣ ਦੀ ਸ਼ਿਕਾਇਤ ਮਿਲੀ ਹੈ। ਅਸੀਂ 100 ਮਿੰਟਾਂ ਵਿੱਚ ਸ਼ਿਕਾਇਤ ਦਾ ਨਬੇੜਾ ਕਰਨਾ ਹੈ। ਸਾਡਾ ਉਡਣ ਦਸਤਾ ਇੱਥੇ ਆਇਆ ਹੈ, ਜਿਸ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਮੈਂ ਉਨ੍ਹਾਂ ਨੂੰ ਬੇਨਤੀ ਕਰਦਾ ਹਾਂ ਕਿ ਸਾਨੂੰ ਇਕ ਕੈਮਰਾਮੈਨ ਦੇ ਨਾਲ ਅੰਦਰ ਜਾਣ ਦਿੱਤਾ ਜਾਵੇ। ਪੈਸੇ ਵੰਡਣ ਦੀ ਸ਼ਿਕਾਇਤ ‘ਸੀਵਿਜਿਲ’ ਐਪ ’ਤੇ ਮਿਲੀ ਸੀ।
ਆਮ ਆਦਮੀ ਪਾਰਟੀ ਨੇ ਸੋਸ਼ਲ ਮੀਡੀਆ ਪੋਸਟ ’ਤੇ ਲਿਖਿਆਹਾਰ ਸਾਹਮਣੇ ਦੇਖ, ਕੰਬ ਉੱਠੀ ਭਾਜਪਾ। ਭਾਜਪਾ ਦੀ ਦਿੱਲੀ ਪੁਲਸ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਦਿੱਲੀ ਦੇ ਘਰ ’ਤੇ ਛਾਪਾ ਮਾਰਨ ਪੁੱਜ ਗਈ ਹੈ। ਭਾਜਪਾ ਵਾਲੇ ਦਿਨ-ਦਿਹਾੜੇ ਪੈਸੇ, ਜੁੱਤੀਆਂ ਤੇ ਚਾਦਰਾਂ ਵੰਡ ਰਹੇ ਹਨ, ਪਰ ਪੁਲਸ ਤੇ ਚੋਣ ਕਮਿਸ਼ਨ ਦੀਆਂ ਅੱਖਾਂ ’ਤੇ ਭਾਜਪਾਈ ਪੱਟੀ ਬੰਨ੍ਹੀ ਹੈ। ਬਿਜਵਾਸਨ ਸੀਟ ਤੋਂ ਭਾਜਪਾ ਉਮੀਦਵਾਰ ਕੈਲਾਸ਼ ਗਹਿਲੋਤ ਆਪਣੇ ਚੋਣ ਦਫਤਰ ’ਚ ਲੋਕਾਂ ਨੂੰ ਪੈਸੇ ਵੰਡ ਰਹੇ ਹਨ। ਭਾਜਪਾ ਉਮੀਦਵਾਰ ਦੇ ਦਫਤਰ ’ਚ ਖੁੱਲ੍ਹੇਆਮ ਲੱਖਾਂ ਰੁਪਏ ਵੋਟਾਂ ਖਰੀਦਣ ਲਈ ਗਿਣੇ ਜਾ ਰਹੇ ਹਨ। ਪੁਲਸ ਤੇ ਚੋਣ ਕਮਿਸ਼ਨ ਵਿੱਚ ਹਿੰਮਤ ਹੈ ਤਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਛਾਪਾ ਮਾਰਨ।
ਇਸੇ ਦੌਰਾਨ ਚੋਣ ਕਮਿਸ਼ਨ ਨੇ ਸਫਾਈ ਦਿੱਤੀ ਹੈ ਕਿ ਉਸ ਦੀ ਟੀਮ ਛਾਪਾ ਮਾਰਨ ਨਹੀਂ ਗਈ। ‘ਸੀਵਿਜਿਲ’ ਐਪ ’ਤੇ ਲੋਕ ਜੋ ਸ਼ਿਕਾਇਤ ਕਰਦੇ ਹਨ, ਉਸ ਦਾ 100 ਮਿੰਟ ਵਿੱਚ ਨਬੇੜਾ ਕਰਨਾ ਹੁੰਦਾ ਹੈ, ਇਸ ਕਰਕੇ ਟੀਮ ਮਾਨ ਦੀ ਰਿਹਾਇਸ਼ ’ਤੇ ਗਈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਲਿਖਿਆ, ‘ਅੱਜ ਦਿੱਲੀ ਪੁਲਸ ਦੇ ਨਾਲ ਚੋਣ ਕਮਿਸ਼ਨ ਦੀ ਟੀਮ ਦਿੱਲੀ ਵਿੱਚ ਮੇਰੇ ਘਰ ਕਪੂਰਥਲਾ ਹਾਊਸ ਰੇਡ ਕਰਨ ਪਹੁੰਚੀ ਹੈ। ਦਿੱਲੀ ’ਚ ਬੀ ਜੇ ਪੀ ਵਾਲੇ ਸ਼ਰੇਆਮ ਪੈਸੇ ਵੰਡ ਰਹੇ ਨੇ, ਪਰ ਦਿੱਲੀ ਪੁਲਸ ਤੇ ਚੋਣ ਕਮਿਸ਼ਨ ਨੂੰ ਕੁਝ ਵੀ ਨਹੀਂ ਦਿਖ ਰਿਹਾ। ਇਨ੍ਹਾਂ ’ਤੇ ਕੋਈ ਕਾਰਵਾਈ ਨਹੀਂ ਹੋ ਰਹੀ।ਇੱਕ ਤਰੀਕੇ ਨਾਲ ਦਿੱਲੀ ਪੁਲਸ ਤੇ ਚੋਣ ਕਮਿਸ਼ਨ ਬੀ ਜੇ ਪੀ ਦੇ ਇਸ਼ਾਰੇ ’ਤੇ ਪੰਜਾਬੀਆਂ ਨੂੰ ਬਦਨਾਮ ਕਰ ਰਹੀ ਹੈ, ਜੋ ਕਿ ਬਹੁਤ ਹੀ ਨਿੰਦਣਯੋਗ ਹੈ। ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਭਾਜਪਾ ਹਾਰ ਤੋਂ ਡਰੀ ਹੋਈ ਹੈ ਅਤੇ ਇਸ ਲਈ ਚੋਣਾਂ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਆਗੂ ਪਰਵੇਸ਼ ਵਰਮਾ ਲਗਾਤਾਰ ਪੈਸੇ ਵੰਡ ਰਹੇ ਹਨ, ਪਰ ਚੋਣ ਕਮਿਸ਼ਨ ਨੇ ਉਨ੍ਹਾ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾ ਕਿਹਾ ਕਿ ਇਹ ਕਾਰਵਾਈ ਭਾਜਪਾ ਦੇ ਇਸ਼ਾਰੇ ’ਤੇ ਕੀਤੀ ਜਾ ਰਹੀ ਹੈ। ਉਨ੍ਹਾ ਕਿਹਾ ਕਿ ਚੋਣ ਕਮਿਸ਼ਨ ਦਾ ਰਵੱਈਆ ਬਹੁਤ ਪੱਖਪਾਤੀ ਹੈ।