ਕੀਵ, 16 ਜਨਵਰੀ – ਰੂਸ ਵੱਲੋਂ ਕੀਤੇ ਗਏ ਵੱਡੇ ਹਵਾਈ ਹਮਲੇ ਮਗਰੋਂ ਯੂਕਰੇਨ ’ਚ ਇਹਤਿਆਤ ਵਜੋਂ ਬਿਜਲੀ ਕੱਟ ਲਗਾਏ ਗਏ। ਯੂਕਰੇਨ ਦੇ ਬਿਜਲੀ ਮੰਤਰੀ ਹੇਰਮਾਨ ਹਾਲੂਸ਼ਚੇਂਕੋ ਨੇ ਫੇਸਬੁੱਕ ’ਤੇ ਲੋਕਾਂ ਨੂੰ ਕਿਹਾ ਕਿ ਉਹ ਹਮਲੇ ਦੌਰਾਨ ਆਪਣੇ ਟਿਕਾਣਿਆਂ ਅੰਦਰ ਹੀ ਰਹਿਣ। ਸਰਕਾਰੀ ਬਿਜਲੀ ਕੰਪਨੀ ਯੂਕਰੇਨੇਰਗੋ ਨੇ ਖਾਰਕੀਵ, ਸੂਮੀ, ਪੋਲਤਾਵਾ, ਜ਼ਾਪੋਰੀਜ਼ੀਆ, ਦਿਨਪਰੋਪੇਤਰੋਵਸਕ ਅਤੇ ਕਿਰੋਵੋਹਰਾਡ ਖ਼ਿੱਤਿਆਂ ’ਚ ਹੰਗਾਮੀ ਬਿਜਲੀ ਕੱਟ ਲਗਾਉਣ ਦਾ ਐਲਾਨ ਕੀਤਾ।
ਮੇਅਰ ਆਂਦਰੀ ਸਾਦੋਵੀ ਨੇ ਕਿਹਾ ਕਿ ਰੂਸੀ ਫੌਜ ਨੇ ਪੱਛਮੀ ਲਵੀਵ ਖ਼ਿੱਤੇ ’ਚ ਬੁੱਧਵਾਰ ਤੜਕੇ ਊਰਜਾ ਟਿਕਾਣਿਆਂ ਨੂੰ ਨਿਸ਼ਾਨੇ ਬਣਾ ਕੇ ਮਿਜ਼ਾਈਲ ਹਮਲੇ ਕੀਤੇ ਹਨ। ਕਿਸੇ ਜਾਨੀ ਨੁਕਸਾਨ ਦੀ ਕਿਤਿਉਂ ਕੋਈ ਰਿਪੋਰਟ ਨਹੀਂ ਹੈ। ਯੂਕਰੇਨੀ ਹਵਾਈ ਸੈਨਾ ਨੂੰ ਰੂਸ ਵੱਲੋਂ ਦਾਗ਼ੀਆਂ ਗਈਆਂ ਕਈ ਮਿਜ਼ਾਈਲਾਂ ਬਾਰੇ ਜਾਣਕਾਰੀ ਮਿਲੀ। ਯੂਕਰੇਨ ਦੇ ਊਰਜਾ ਬੁਨਿਆਦੀ ਢਾਂਚੇ ’ਤੇ ਬੁੱਧਵਾਰ ਦੇ ਹਮਲੇ ਨਾਲ ਹੋਰ ਦਬਾਅ ਪੈਣ ਦੀ ਸੰਭਾਵਨਾ ਹੈ ਜਿਸ ਨੂੰ ਕਰੀਬ ਤਿੰਨ ਸਾਲ ਜੰਗ ਦੌਰਾਨ ਲਗਾਤਾਰ ਨਿਸ਼ਾਨਾ ਬਣਾਇਆ ਗਿਆ ਹੈ।