ਨਵੀਂ ਦਿੱਲੀ, 14 ਜਨਵਰੀ – ਭਾਰਤੀ ਮਹਿਲਾ ਟੀਮ ਨੇ ਅੱਜ ਇਥੇ ਖੋ-ਖੋ ਵਿਸ਼ਵ ਕੱਪ ਦੇ ਉਦਘਾਟਨੀ ਮੁਕਾਬਲੇ ਵਿਚ ਦੱਖਣੀ ਅਫ਼ਰੀਕਾ ਖਿਲਾਫ਼ ਸ਼ਾਨਦਾਰ ਖੇਡ ਦਿਖਾਉਂਦਿਆਂ 175-18 ਨਾਲ ਜਿੱਤ ਦਰਜ ਕੀਤੀ ਹੈ। ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿਚ ਖੇਡੇ ਮੁਕਾਬਲੇ ਦੌਰਾਨ ਮੇਜ਼ਬਾਨ ਟੀਮ ਨੇ ਪ੍ਰਭਾਵਸ਼ਾਲੀ ‘ਡ੍ਰੀਮ ਰਨਜ਼’ ਤੇ ਰੱਖਿਆਤਮਕ ਰਣਨੀਤੀ ਨਾਲ ਵਿਰੋਧੀ ਟੀਮ ਨੂੰ ਚਿੱਤ ਕਰ ਦਿੱਤਾ। ਚੈਤਰਾ ਬੀ, ਮੀਰੂ ਤੇ ਕਪਤਾਨ ਪ੍ਰਿਯੰਕਾ ਇੰਗਲੇ ਨੇ ਲਗਾਤਾਰ ਡ੍ਰੀਮ ਰਨਜ਼ ਨਾਲ ਭਾਰਤ ਦੀ ਜਿੱਤ ਦੀ ਭੂਮਿਕਾ ਭੰਨੀ। ਇਸ ਰਣਨੀਤਕ ਓਪਨਿੰਗ ਦੀ ਮਦਦ ਨਾਲ ਭਾਰਤ ਨੇ ਪਹਿਲੀ ਵਾਰੀ(ਟਰਨ) ਮਗਰੋਂ ਦੱਖਣੀ ਕੋਰੀਆ ਵੱਲੋਂ ਲਏ 10 ਟੱਚ ਪੁਆਇੰਟਾਂ ਨੂੰ ਬੇਅਸਰ ਕਰ ਦਿੱਤਾ।
ਨਸਰੀਨ ਸ਼ੇਖ, ਪ੍ਰਿਯੰਕਾ ਤੇ ਰੇਸ਼ਮਾ ਰਾਠੌੜ ਦੇ ਜ਼ੋਰਦਾਰ ਹੱਲਿਆਂ ਨੇ ਭਾਰਤ ਦੀ ਮੈਚ ’ਤੇ ਪਕੜ ਨੂੰ ਬਣਾਈ ਰੱਖਿਆ। ਮਹਿਜ਼ 90 ਸਕਿੰਟਾਂ ਵਿਚ ਭਾਰਤ ਨੇ ਡਿਫੈਂਡਰਜ਼ ਖਿਲਾਫ਼ ਤਿੰਨ ‘ਆਲ ਆਊਟ’ ਜਿੱਤਾਂ ਦਰਜ ਕੀਤੀਆਂ ਜਿਸ ਨਾਲ ਸਕੋਰ 24 ਹੋ ਗਿਆ। 18 ਸਕਿੰਟਾਂ ਬਾਅਦ ‘ਵਿਮੈਨ ਇਨ ਬਲੂ’ ਨੇ ਦੱਖਣੀ ਕੋਰੀਆ ਨੂੰ ਚੌਥੀ ਵਾਰ ਆਲ ਆਊਟ ਕੀਤਾ, ਜਿਸ ਨਾਲ ਸਕੋਰ ਵਿਚ 22 ਅੰੰਕਾਂ ਦਾ ਵਾਧਾ ਹੋਇਆ। ਰੇਸ਼ਮਾ ਨੇ 6 ਟੱਚ ਪੁਆਇੰਟ ਦਰਜ ਕੀਤੇ ਜਦੋਂਕਿ ਮੀਨੂ ਨੇ ਆਪਣੀ ਸ਼ਾਨਦਾਰ ਖੇਡ ਸਦਕਾ 12 ਪੁਆਇੰਟ ਕਮਾਏ। ਦੂਜੀ ਵਾਰੀ(ਟਰਨ) ਖ਼ਤਮ ਹੋਣ ਮਗਰੋਂ ਸਕੋਰ ਲਾਈਨ 94-10 ਸੀ। ਤੀਜੀ ਵਾਰੀ(ਟਰਨ) ਵਿਚ ਭਾਰਤ ਨੇ ‘ਡ੍ਰੀਮ ਰਨ’ ਜ਼ਰੀਏ ਤਿੰਨ ਪੁਆਇੰਟ ਬਣਾਏ। ਤੀਜੀ ਵਾਰੀ ਦੀ ਦੂਜੀ ਪਾਰੀ ਵਿਚ ਦੱਖਣੀ ਕੋਰੀਆ ਸਿਰਫ਼ ਅੱਠ ਅੰਕ ਹੀ ਹਾਸਲ ਕਰ ਸਕਿਆ। ਅੰਤਿਮ ਵਾਰੀ ਵਿਚ ਭਾਰਤ ਨੇ ਮੈਚ ’ਤੇ ਆਪਣੀ ਪਕੜ ਬਣਾਈ ਰੱਖੀ ਤੇ ਵਿਰੋਧੀ ਟੀਮ ਨੂੰ ਕੋਈ ਮੌਕਾ ਨਹੀਂ ਦਿੱਤਾ। ਇਸ ਦੌਰਾਨ ਪੁਰਸ਼ਾਂ ਦੇ ਮੁਕਾਬਲੇ ਵਿਚ ਭਾਰਤ ਨੇ ਬ੍ਰਾਜ਼ੀਲ ਦੀ ਟੀਮ ਨੂੰ 64-34 ਨਾਲ ਹਰਾ ਦਿੱਤਾ।