
ਵਾਸ਼ਿੰਗਟਨ, 4 ਜਨਵਰੀ – ਅਮਰੀਕਾ ’ਚ ਟਰੱਕ ਨਾਲ ਕੁਚਲੇ ਜਾਣ ਦੀ ਘਟਨਾ ਤੋਂ ਬਾਅਦ ਹੁਣ ਰਾਜਧਾਨੀ ਵਾਸ਼ਿੰਗਟਨ ਡੀਸੀ ’ਚ ਵੀ ਗੋਲੀਬਾਰੀ ਹੋਈ ਹੈ। ਰਿਪੋਰਟ ਮੁਤਾਬਕ ਸ਼ੁਕਰਵਾਰ ਰਾਤ ਨੂੰ ਹੋਈ ਗੋਲੀਬਾਰੀ ਤੋਂ ਬਾਅਦ 4 ਲੋਕਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਜ਼ਖ਼ਮੀਆਂ ਵਿਚ ਤਿੰਨ ਪੁਰਸ਼ ਅਤੇ ਇਕ ਔਰਤ ਸ਼ਾਮਲ ਹੈ। ਇਹ ਘਟਨਾ ਰਾਤ ਕਰੀਬ 9 ਵਜੇ ਵਾਪਰੀ। ਤਾਜ਼ਾ ਜਾਣਕਾਰੀ ਮੁਤਾਬਕ ਹਮਲੇ ਦੇ ਸਾਰੇ ਪੀੜਤ ਹੋਸ਼ ਵਿਚ ਹਨ ਅਤੇ ਸਾਹ ਲੈ ਰਹੇ ਹਨ। ਪਤਾ ਲੱਗਾ ਹੈ ਕਿ ਗੋਲੀਬਾਰੀ ਦੀ ਇਹ ਘਟਨਾ ਹੈਰੀ ਥਾਮਸ ਵੇ ਨੌਰਥ ਈਸਟ ਦੇ 1500 ਬਲਾਕ ਵਿਚ ਵਾਪਰੀ, ਜੋ ਕਿ ਨੋਮਾ-ਗੈਲਾਉਡੇਟ ਯੂ ਨਿਊਯਾਰਕ ਐਵੇਨਿਊ ਮੈਟਰੋ ਸਟੇਸ਼ਨ ਤੋਂ ਸਿਰਫ਼ 500 ਫੁੱਟ ਦੂਰ ਹੈ।
ਰਿਪੋਰਟ ਮੁਤਾਬਕ ਹਮਲੇ ਤੋਂ ਬਾਅਦ ਦੋ ਪੀੜਤਾਂ ਨੂੰ ਐਮਰਜੈਂਸੀ ਮੈਡੀਕਲ ਸੇਵਾਵਾਂ ਰਾਹੀਂ ਹਸਪਤਾਲ ਲਿਜਾਇਆ ਗਿਆ। ਖ਼ਬਰ ਹੈ ਕਿ ਗੋਲੀਬਾਰੀ ਦੌਰਾਨ ਮਚੀ ਭਾਜੜ ਕਾਰਨ ਕਈ ਲੋਕ ਜ਼ਖ਼ਮੀ ਵੀ ਹੋਏ ਹਨ। ਜਿਸ ਥਾਂ ’ਤੇ ਗੋਲੀਬਾਰੀ ਹੋਈ, ਉੱਥੇ ਅਕਸਰ ਵੱਡੀ ਭੀੜ ਦੇਖੀ ਜਾਂਦੀ ਹੈ। ਫ਼ਿਲਹਾਲ ਮੌਕੇ ’ਤੇ ਪੁਲਿਸ ਦੀ ਟੀਮ ਤਾਇਨਾਤ ਹੈ ਅਤੇ ਘਟਨਾ ਵਾਲੀ ਥਾਂ ਦੀ ਘੇਰਾਬੰਦੀ ਕਰ ਲਈ ਗਈ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਹਮਲਾਵਰ ਬਾਰੇ ਅਜੇ ਤਕ ਕੋਈ ਜਾਣਕਾਰੀ ਨਹੀਂ ਮਿਲੀ ਹੈ। ਮੌਕੇ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਆਸ-ਪਾਸ ਮੌਜੂਦ ਲੋਕਾਂ ਤੋਂ ਵੀ ਪੁਛਗਿਛ ਦੀ ਕਾਰਵਾਈ ਜਾਰੀ ਹੈ।