
ਖਮਾਣੋ, 4 ਜਨਵਰੀ – ਇਥੋਂ ਨੇੜਲੇ ਪਿੰਡ ਰਿਆ ਦੇ ਇਕ ਨੌਜਵਾਨ ਨੂੰ ਅਮਰੀਕਾ ਦੇ ਸ਼ਹਿਰ ਵੇਕਰਫ਼ੀਲਡ ਵਿਖੇ ਇਕ ਰਿਸ਼ਤੇਦਾਰ ਨੇ ਗੋਲੀਆਂ ਮਾਰ ਕੇ ਕਤਲ ਕਰ ਦਿਤਾ। ਇਸ ਸਬੰਧੀ ਅੱਜ ਮ੍ਰਿਤਕ ਦੇ ਭਰਾ ਸੰਦੀਪ ਸਿੰਘ ਨੇ ਦਸਿਆ ਕਿ ਉਸ ਦਾ ਭਰਾ ਜਤਿੰਦਰ ਸਿੰਘ ਕਰੀਬ 7 ਸਾਲ ਤੋਂ ਅਮਰੀਕਾ ’ਚ ਰਹਿ ਰਿਹਾ ਸੀ। ਜੋ ਯਾਰਡ ’ਚ ਅਪਣਾ ਟਰੱਕ ਖੜਾ ਕਰ ਕੇ ਘਰ ਵਾਪਸ ਜਾਣ ਲੱਗਿਆ ਸੀ ਤਾਂ ਵੀਰਵਾਰ ਨੂੰ ਉਸ ਦੇ ਕਰੀਬੀ ਰਿਸ਼ਤੇਦਾਰ ਨੇ ਕਿਸੇ ਗੱਲੋਂ ਤਕਰਾਰ ਹੋਣ ਕਰ ਕੇ ਗੋਲੀਆਂ ਮਾਰ ਕੇ ਕਤਲ ਕਰ ਦਿਤਾ। ਮ੍ਰਿਤਕ ਅਪਣੇ ਪਿੱਛੇ ਇਕ ਬੇਟੀ ਅਤੇ ਪਤਨੀ ਨੂੰ ਛੱਡ ਗਿਆ।
ਦੱਸਣਯੋਗ ਹੈ ਕਿ ਮ੍ਰਿਤਕ ਦੀ ਪਤਨੀ ਅਤੇ ਬੇਟੀ ਪਿਛਲੇ ਸਾਲ ਹੀ ਅਮਰੀਕਾ ਪੁੱਜੇ ਸਨ। ਇਸ ਘਟਨਾਂ ਦੀ ਖ਼ਬਰ ਮਿਲਦੇ ਹੀ ਇਲਾਕੇ ’ਚ ਸੋਗ ਦੀ ਲਹਿਰ ਫੈਲ ਗਈ। ਇਸ ਮੌਕੇ ਪਰਵਾਰ ਨਾਲ ਦੁੱਖ ਸਾਂਝਾ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਰਿਆ, ਸ਼੍ਰੋਮਣੀ ਕਮੇਟੀ ਮੈਂਬਰ ਰਵਿੰਦਰ ਸਿੰਘ ਖਾਲਸਾ, ਆੜ੍ਹਤੀ ਐਸੋ. ਪ੍ਰਧਾਨ ਕੇਵਲ ਜੀਤ ਸਿੰਘ ਭੁੱਲਰ, ਗੁਰਦੇਵ ਸਿੰਘ, ਸੁਰਮੁੱਖ ਸਿੰਘ ਕਲੇਰ ਆੜ੍ਹਤੀ, ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਜਥੇਦਾਰ ਦਰਬਾਰਾ ਸਿੰਘ ਗੁਰੂ, ਬੀਕੇਯੂ ਕਾਦੀਆਂ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਅਮਰਾਲਾ, ਮੁਨੀ ਲਾਲ ਢੋਲਾ ਅਤੇ ਇਲਾਕੇ ’ਚੋਂ ਲੋਕ ਵੱਡੀ ਗਿਣਤੀ ’ਚ ਪੁੱਜੇ।