
ਚੰਡੀਗੜ੍ਹ, 2 ਜਨਵਰੀ – ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਚਲਾਏ ਜਾ ਰਹੇ 22 ਨਸ਼ਾ ਛੁਡਾਊ ਕੇਂਦਰਾਂ ਵਿਚ ਨਸ਼ਾ ਛੁਡਾਉਣ ਵਾਲੀਆਂ ਦਵਾਈਆਂ ਦੀ ਦੁਰਵਰਤੋਂ ਕਰਨ ਦੇ ਦੋਸ਼ ਹੇਠ ਡਾ. ਅਮਿਤ ਬਾਂਸਲ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦਸਿਆ ਕਿ ਇਸ ਸਬੰਧੀ ਉਕਤ ਦੋਹਾਂ ਮੁਲਜ਼ਮਾਂ ਵਿਰੁਧ ਵਿਜੀਲੈਂਸ ਬਿਊਰੋ ਦੇ ਉੱਡਣ ਦਸਤਾ-1, ਮੋਹਾਲੀ, ਪੰਜਾਬ ਵਿਖੇ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਡਾ. ਅਮਿਤ ਬਾਂਸਲ ਪੰਜਾਬ ਵਿਚ ਕਰੀਬ 22 ਨਸ਼ਾ ਛੁਡਾਊ ਕੇਂਦਰ ਚਲਾ ਰਿਹਾ ਹੈ, ਜਿਥੇ ਨਸ਼ੇ ਦੇ ਆਦੀ ਮਰੀਜ਼ਾਂ ਨੂੰ ਇਲਾਜ ਲਈ ਐਡਨੋਕ-ਐਨ 0.4 ਅਤੇ ਐਡਨੋਕ-ਐਨ 2.0 (ਬਿਊਪ੍ਰੇਨੋਰਫੀਨ ਅਤੇ ਨਲੋਕਸੋਨ) ਦੀਆਂ ਗੋਲੀਆਂ ਦਿਤੀਆਂ ਜਾਂਦੀਆਂ ਹਨ।
ਪੁਛਗਿਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਡਾ. ਅਮਿਤ ਬਾਂਸਲ ਵਲੋਂ ਚਲਾਏ ਜਾ ਰਹੇ ਇਨ੍ਹਾਂ ਨਸ਼ਾ ਛੁਡਾਊ ਕੇਂਦਰਾਂ ’ਚ ਉਕਤ ਗੋਲੀਆਂ ਦੀ ਦੁਰਵਰਤੋਂ ਹੋ ਰਹੀ ਸੀ ਅਤੇ ਇਹ ਗੋਲੀਆਂ ਬਾਜ਼ਾਰ ’ਚ ਅਜਿਹੇ ਵਿਅਕਤੀਆਂ ਅਤੇ ਨਸ਼ੇ ਦੇ ਆਦੀਆਂ ਨੂੰ ਵੇਚੀਆਂ ਜਾ ਰਹੀਆਂ ਸਨ, ਜਿਨ੍ਹਾਂ ਦਾ ਨਾਮ ਇਨ੍ਹਾਂ ਨਸ਼ਾ ਛੁਡਾਊ ਕੇਂਦਰਾਂ ਦੀ ਸੂਚੀ ’ਚ ਸ਼ਾਮਲ ਨਹੀਂ ਸੀ। ਉਨ੍ਹਾਂ ਅੱਗੇ ਦਸਿਆ ਕਿ ਇਸ ਤੋਂ ਪਹਿਲਾਂ ਡਾਕਟਰ ਅਮਿਤ ਬਾਂਸਲ ਦੇ ਲੁਧਿਆਣਾ ਸਥਿਤ ਸਿਮਰਨ ਹਸਪਤਾਲ/ਨਸ਼ਾ ਛੁਡਾਊ ਕੇਂਦਰ ਦੇ ਕਰਮਚਾਰੀਆਂ ਵਿਦੰਤ ਅਤੇ ਕਮਲਜੀਤ ਸਿੰਘ ਵਿਰੁਧ ਥਾਣਾ ਐਸ.ਟੀ.ਐਫ, ਫੇਜ਼-4, ਮੋਹਾਲੀ ਵਿਖੇ ਮੁਕੱਦਮਾ ਨੰਬਰ 242 ਮਿਤੀ 05.10.2022 ਦਰਜ ਕੀਤਾ ਗਿਆ ਸੀ।