
ਸਾਨ ਫਰਾਂਸਿਸਕੋ, 2 ਜਨਵਰੀ – ਭਾਰਤੀ-ਅਮਰੀਕੀ ਤਕਨੀਸ਼ੀਅਨ ਸੁਚਿਰ ਬਾਲਾਜੀ, ਜਿਸ ਨੂੰ ਬੀਤੀ 14 ਦਸੰਬਰ ਨੂੰ ਆਪਣੇ ਸਾਨ ਫਰਾਂਸਿਸਕੋ ਸਥਿਤ ਅਪਾਰਟਮੈਂਟ ’ਚ ਮਿ੍ਰਤਕ ਪਾਇਆ ਗਿਆ ਸੀ, ਦੇ ਮਾਪਿਆਂ ਨੇ ਉਸ ਦੀ ਮੌਤ ਨੂੰ ਖੁਦਕੁਸ਼ੀ ਕਰਾਰ ਦਿੱਤੇ ਜਾਣ ਨੂੰ ਰੱਦ ਕਰਦਿਆਂ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਹੱਤਿਆ ਕੀਤੀ ਗਈ ਸੀ। ਓਪਨ ਏ ਆਈ ਦੇ ਸਾਬਕਾ ਕਰਮਚਾਰੀ ਸੁਚਿਰ ਨੇ ਜਨਰੇਟਿਵ ਏ ਆਈ ਨਾਲ ਜੁੜੇ ਇਖ਼ਲਾਕੀ ਸਰੋਕਾਰਾਂ ਬਾਰੇ ਆਪਣੇ ਵ੍ਹਿਸਲਬਲੋਇੰਗ ਖੁਲਾਸਿਆਂ ਸਦਕਾ ਸੁਰਖੀਆਂ ਬਟੋਰੀਆਂ ਸਨ। ਇਕ ਪ੍ਰਾਈਵੇਟ ਖ਼ਬਰੀ ਚੈਨਲ ਨਾਲ ਇੰਟਰਵਿਊ ’ਚ ਉਸ ਦੇ ਮਾਪਿਆਂ ਨੇ ਦਾਅਵਾ ਕੀਤਾ ਹੈ ਕਿ ਦੂਜੀ ਪੋਸਟਮਾਰਟਮ ਰਿਪੋਰਟ ‘ਸੰਘਰਸ਼ ਦੇ ਸੰਕੇਤਾਂ’ ਨੂੰ ਦਰਸਾਉਂਦੀ ਹੈ, ਜਿਸ ’ਚ ਉਸ ਦੇ ਸਿਰ ’ਚ ਸੱਟ ਅਤੇ ਸਦਮਾ ਸ਼ਾਮਲ ਹੈ, ਜੋ ਕਿ ਮੈਡੀਕਲ ਪੜਤਾਲਕਾਰਾਂ ਦੇ ਦਫਤਰ ਵੱਲੋਂ ਮੌਤ ਨੂੰ ਖੁਦਕੁਸ਼ੀ ਕਰਾਰ ਦੇਣ ਦੇ ਫੈਸਲੇ ਦਾ ਖੰਡਨ ਕਰਦੇ ਹਨ।
ਸੁਚਿਰ ਦੀ ਮਾਂ ਪੂਰਨਿਮਾ ਰਾਮਾਰਾਓ ਨੇ ਖੁਦਕੁਸ਼ੀ ਦੇ ਫੈਸਲੇ ’ਤੇ ਬੇਭਰੋਸਗੀ ਜ਼ਾਹਰ ਕਰਦਿਆਂ ਕਿਹਾ ਕਿ ਸੁਚਿਰ ਦਾ ਕੋਈ ਖੁਦਕੁਸ਼ੀ ਨੋਟ ਵੀ ਨਹੀਂ ਮਿਲਿਆ, ਜਿਹੜਾ ਉਨ੍ਹਾਂ ਦੇ ਸ਼ੱਕ ਨੂੰ ਪੁਖ਼ਤਾ ਕਰਦਾ ਹੈ। ਉਸ ਨੇ ਕਿਹਾਸਾਡੇ ਕੋਲ ਦੂਜੀ ਪੋਸਟਮਾਰਟਮ ਦੇ ਤੱਥ ਹਨ ਸਿਰ ’ਚ ਸੱਟ ਅਤੇ ਸੰਘਰਸ਼ ਦੇ ਸੰਕੇਤ। ਇਹ ਖੁਦਕੁਸ਼ੀ ਨਹੀਂ ਹੈ, ਇਹ ਇੱਕ ਕਤਲ ਹੈ। ਉਸ ਦੇ ਪਿਤਾ ਬਾਲਾਜੀ ਰਾਮਮੂਰਤੀ ਨੇ 22 ਦਸੰਬਰ ਨੂੰ ਕਿਹਾ ਸੀ ਕਿ ਸੁਚਿਰ ਲਾਸ ਏਂਜਲਸ ਦੀ ਯਾਤਰਾ ਤੋਂ ਬਹੁਤ ਖੁਸ਼ ਪਰਤਿਆ ਸੀ ਅਤੇ ਪੂਰੇ ਜੋਸ਼ ’ਚ ਸੀ। ਜਦੋਂ ਪੁੱਛਿਆ ਗਿਆ ਕਿ ਕੀ ਸੁਚਿਰ ਨੇ ਕੋਈ ਹੋਰ ਨੌਕਰੀ ਕੀਤੀ, ਤਾਂ ਉਸ ਦੀ ਮਾਂ ਨੇ ਕਿਹਾਨਹੀਂ, ਉਸ ਨੇ ਨਹੀਂ ਕੀਤੀ। ਉਨ੍ਹਾਂ (ਓਪਨ ਏ ਆਈ) ਨੇ ਸ਼ਾਇਦ ਉਸ ਨੂੰ ਧਮਕੀ ਦਿੱਤੀ ਸੀ। ਉਨ੍ਹਾਂ ਨੇ ਉਸ ਨੂੰ ਕਿਤੇ ਹੋਰ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਉਸ ਨੇ ਇੱਕ ਕਾਪੀਰਾਈਟ ਵਕੀਲ ਨਾਲ ਵੀ ਸਲਾਹ ਕੀਤੀ ਅਤੇ ਪਤਾ ਲਗਾਇਆ ਕਿ ਉਹ ਕੁਝ ਗਲਤ ਨਹੀਂ ਕਰ ਰਿਹਾ ਸੀ ਅਤੇ ਉਹ ਉਸ ਨੂੰ ਦਬਾਅ ਰਹੇ ਸਨ।