ਨਵੀਂ ਦਿੱਲੀ, 17 ਨਵੰਬਰ – ਆਮਦਨ ਕਰ ਵਿਭਾਗ ਨੇ ਅੱਜ ਕਰਦਾਤਾਵਾਂ ਨੂੰ ਅਪੀਲ ਕੀਤੀ ਹੈ ਕਿ ਆਮਦਨ ਕਰ ਰਿਟਰਨ (ਆਈਟੀਆਰ) ਵਿੱਚ ਆਪਣੀ ਵਿਦੇਸ਼ ’ਚ ਸਥਿਤ ਸੰਪਤੀ ਜਾਂ ਵਿਦੇਸ਼ਾਂ ’ਚੋਂ ਹੁੰਦੀ ਆਮਦਨ ਦਾ ਖੁਲਾਸਾ ਨਾ ਕਰਨ ’ਤੇ ਉਨ੍ਹਾਂ ਨੂੰ ਕਾਲਾ ਧਨ ਵਿਰੋਧੀ ਕਾਨੂੰਨ ਤਹਿਤ 10 ਲੱਖ ਰੁਪਏ ਦਾ ਜੁਰਮਾਨਾ ਲੱਗ ਸਕਦਾ ਹੈ। ਵਿਭਾਗ ਨੇ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ਪਾਲਣਾ ਸਹਿ-ਜਾਗਰੂਕਤਾ (ਸੀਸੀਏ) ਮੁਹਿੰਮ ਤਹਿਤ ਅੱਜ ਇਕ ਜਨਤਕ ਐਡਵਾਈਜ਼ਰੀ ਜਾਰੀ ਕੀਤੀ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਰਦਾਤਾ ਮੁਲਾਂਕਣ ਸਾਲ 2024-25 ਲਈ ਆਪਣੀ ਆਮਦਨ ਕਰ ਰਿਟਰਨ (ਆਈਟੀਆਰ) ਵਿੱਚ ਅਜਿਹੀ ਜਾਣਕਾਰੀ ਦਰਜ ਕਰਨ।
ਐਡਵਾਈਜ਼ਰੀ ਅਨੁਸਾਰ ਵਿਦੇਸ਼ੀ ਸੰਪਤੀ ’ਚ ਜਿਨ੍ਹਾਂ ਚੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ ਉਨ੍ਹਾਂ ’ਚ ਵਿਦੇਸ਼ਾਂ ਵਿਚਲੇ ਬੈਂਕ ਖਾਤੇ, ਨਕਦ ਰਾਸ਼ੀ ਬੀਮਾ ਕਰਾਰ ਜਾਂ ਸਾਲਾਨਾ ਕਰਾਰ, ਕਿਸੇ ਯੂਨਿਟ ਜਾਂ ਕਾਰੋਬਾਰ ’ਚ ਵਿੱਤੀ ਹਿੱਤ, ਅਚੱਲ ਜਾਇਦਾਦ, ਕਸਟੋਡੀਅਲ ਅਕਾਊਂਟ, ਇਕੁਇਟੀ, ਟਰੱਸਟ ਜਿਸ ਵਿੱਚ ਵਿਅਕਤੀ ਟਰੱਸਟੀ ਹੈ, ਦਸਤਖ਼ਤ ਕਰਨ ਦੇ ਅਧਿਕਾਰ ਵਾਲੇ ਖਾਤੇ ਆਦਿ ਤੋਂ ਇਲਾਵਾ ਵਿਦੇਸ਼ ਵਿੱਚ ਰੱਖੀ ਗਈ ਕੋਈ ਪੂੰਜੀਗਤ ਸੰਪਤੀ ਆਦਿ ਸ਼ਾਮਲ ਹਨ। ਵਿਭਾਗ ਨੇ ਕਿਹਾ ਕਿ ਇਸ ਨੇਮ ਅਧੀਨ ਆਉਣ ਵਾਲੇ ਕਰਦਾਤਾਵਾਂ ਨੂੰ ਆਪਣੀ ਆਈਟੀਆਰ ਵਿੱਚ ਵਿਦੇਸ਼ੀ ਸੰਪਤੀ (ਐੱਫਏ) ਜਾਂ ਵਿਦੇਸ਼ੀ ਸਰੋਤ ਤੋਂ ਆਮਦਨ (ਐੱਫਐੱਸਆਈ) ਅਨੂਸੂਚੀ ਨੂੰ ਲਾਜ਼ਮੀ ਤੌਰ ’ਤੇ ਭਰਨਾ ਹੋਵੇਗਾ, ਭਾਵੇਂ ਉਸ ਦੀ ਆਮਦਨ ‘ਟੈਕਸ ਯੋਗ ਸੀਮਾ ਤੋਂ ਘੱਟ’ ਹੋਵੇ ਜਾਂ ਵਿਦੇਸ਼ ਵਿੱਚ ਸੰਪਤੀ ‘ਪ੍ਰਤੱਖ ਸਰੋਤਾਂ’ ਨਾਲ ਬਣਾਈ ਗਈ ਹੋਵੇ। ਇਸ ਦਾ ਖੁਲਾਸਾ ਨਾ ਕਰਨ ’ਤੇ ਉਨ੍ਹਾਂ ਨੂੰ 10 ਲੱਖ ਰੁਪਏ ਜੁਰਮਾਨਾ ਲੱਗ ਸਕਦਾ ਹੈ। ਟੈਕਸ ਵਿਭਾਗ ਲਈ ਪ੍ਰਸ਼ਾਸਕ ਬੋਰਡ ਸੀਟੀਬੀਟੀ ਨੇ ਕਿਹਾ ਸੀ ਕਿ ਮੁਹਿੰਮ ਤਹਿਤ ਉਹ ਉਨ੍ਹਾਂ ਕਰਦਾਤਾਵਾਂ ਨੂੰ ਸੂਚਨਾ ਵਜੋਂ ਮੈਸੇਜ ਜਾਂ ਈਮੇਲ ਭੇਜੇਗੀ ਜਿਹੜੇ ਪਹਿਲਾਂ ਹੀ 2024-25 ਆਪਣੀ ਆਈਟੀਆਰ ਭਰ ਚੁੱਕੇ ਹਨ।