ਚੰਡੀਗੜ੍ਹ, 18 ਨਵੰਬਰ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਸੁਖਬੀਰ ਬਾਦਲ ਵੱਲੋਂ ਅਸਤੀਫ਼ਾ ਦਿੱਤੇ ਜਾਣ ਮਗਰੋਂ ‘ਹੁਣ ਅੱਗੇ ਕੀ’ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਵਿਚ ਸੋਮਵਾਰ ਨੂੰ ਹੋਣ ਵਾਲੀ ਵਰਕਿੰਟ ਕਮੇਟੀ ਦੀ ਮੀਟਿੰਗ ਵਿਚ ਸੁਖਬੀਰ ਬਾਦਲ ਦੇ ਅਸਤੀਫ਼ੇ ’ਤੇ ਚਰਚਾ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਸੁਖਬੀਰ ਬਾਦਲ ਦਾ ਅਸਤੀਫ਼ਾ ਮਨਜ਼ੂਰ ਹੋਣਾ ਤੈਅ ਹੈ ਕਿਉਂਕਿ ਜੇਕਰ ਵਰਕਿੰਗ ਕਮੇਟੀ ਅਸਤੀਫ਼ਾ ਨਾ-ਮਨਜ਼ੂਰ ਕਰਦੀ ਹੈ ਤਾਂ ਅਕਾਲੀ ਦਲ ਦੇ ਨਾਲ-ਨਾਲ ਸੁਖਬੀਰ ਬਾਦਲ ਦੀ ਪਰੇਸ਼ਾਨੀ ਹੋਰ ਵੀ ਵੱਧ ਸਕਦੀ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਸੁਖਬੀਰ ਬਾਦਲ ਨੂੰ ਤਨਖ਼ਾਹੀਆ ਐਲਾਨਿਆ ਹੋਇਆ ਹੈ। ਦੋ ਮਹੀਨੇ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਸੁਖਬੀਰ ਨੂੰ ਹਾਲੇ ਤੱਕ ਸਜ਼ਾ ਨਹੀਂ ਸੁਣਾਈ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਸੰਕਟ ਦੇ ਇਸ ਦੌਰ ਵਿਚੋਂ ਨਿਕਲਣ ਲਈ ਵਰਕਿੰਗ ਕਮੇਟੀ ਸੁਖਬੀਰ ਦੇ ਅਸਤੀਫ਼ੇ ’ਤੇ ਮੋਹਰ ਲਗਾ ਸਕਦੀ ਹੈ। ਸੋਮਵਾਰ ਨੂੰ ਹੋਣ ਵਾਲੀ ਮੀਟਿੰਗ ਵਿਚ ਸੁਖਬੀਰ ਦੇ ਅਸਤੀਫ਼ੇ ਨੂੰ ਮਨਜ਼ੂਰ ਕੀਤਾ ਜਾਂਦਾ ਹੈ ਤਾਂ ਪਾਰਟੀ ਨੂੰ ਨਵਾਂ ਪ੍ਰਧਾਨ ਬਣਾਉਣ ਦੀ ਪ੍ਰਕਿਰਿਆ 14 ਦਸੰਬਰ 2024 ਤੱਕ ਪੂਰੀ ਕਰਨੀ ਹੋਵੇਗੀ।
ਸ਼੍ਰੋਮਣੀ ਅਕਾਲੀ ਦਲ ਦੇ ਇਸ ਵੇਲੇ ਜਿਹੜੇ ਹਾਲਾਤ ਹਨ, ਅਜਿਹੇ ਵਿਚ ਨਵੇਂ ਪ੍ਰਧਾਨ ਲਈ ਰਾਹ ਸੌਖਾ ਨਹੀਂ ਹੈ। ਪਹਿਲੀ ਗੱਲ ਇਹ ਹੈ ਕਿ ਅਕਾਲੀ ਦਲ ’ਤੇ 28 ਸਾਲਾਂ ਤੱਕ ਬਾਦਲ ਪਰਿਵਾਰ ਦਾ ਦਬਦਬਾ ਰਿਹਾ ਹੈ। ਦੂਜਾ ਇਹ ਕਿ ਅਕਾਲੀ ਦਲ ਨੂੰ ਆਪਣਾ ਖਿਸਕਿਆ ਵੋਟ ਬੈਂਕ ਵੀ ਸੰਭਾਲਣਾ ਹੋਵੇਗਾ ਅਤੇ ਨਾਰਾਜ਼ ਧੜਿਆਂ ਨੂੰ ਲੈ ਕੇ ਇਕ ਮੰਚ ’ਤੇ ਆਉਣਾ ਹੋਵੇਗਾ। ਅਹਿਮ ਗੱਲ ਹੈ ਕਿ ਪਾਰਟੀ ਨੇ ਚਾਰ ਵਿਧਾਨ ਸਭਾ ਖੇਤਰਾਂ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਨਾ ਲੜਨ ਦਾ ਫ਼ੈਸਲਾ ਕੀਤਾ। ਇਹ ਚਾਰੋਂ ਹੀ ਪੇਂਡੂ ਖੇਤਰ ਦੀਆਂ ਸੀਟਾਂ ਹਨ, ਜਿੱਥੇ ਅਕਾਲੀ ਦਲ ਜਿੱਤਦਾ ਵੀ ਰਿਹਾ ਹੈ। ਅਜਿਹੇ ਵਿਚ ਉਸਦਾ ਵੋਟ ਬੈਂਕ ਦੂਜੀਆਂ ਪਾਰਟੀਆਂ ’ਚ ਜਾਣਾ ਤੈਅ ਹੈ। ਉੱਥੇ, 2022 ਤੋਂ ਲੈ ਕੇ ਹੁਣ ਤੱਕ ਲਗਾਤਾਰ ਆਪਸੀ ਖਿੱਚੋਤਾਣ ਕਾਰਨ ਪਾਰਟੀ ਦਾ ਵੋਟ ਬੈਂਕ ਖਿਸਕਦਾ ਹੀ ਜਾ ਰਿਹਾ ਹੈ। ਅਜਿਹੇ ਵਿਚ ਨਵੇਂ ਪ੍ਰਧਾਨ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਆਪਣੇ ਵੋਟ ਬੈਂਕ ਨੂੰ ਸੰਭਾਲਣ ਦੀ ਹੋਵੇਗੀ। ਉੱਥੇ, ਨਵੇਂ ਪ੍ਰਧਾਨ ਦੇ ਸਾਹਮਣੇ ਸਭ ਤੋਂ ਪਹਿਲੀ ਚੁਣੌਤੀ ਪੰਜ ਨਗਰ ਨਿਗਮਾਂ, 43 ਨਗਰ ਕੌਂਸਲਾਂ ਦੀਆਂ ਚੋਣਾਂ ਹੋਣਗੀਆਂ, ਜਿਹੜੀਆਂ ਕਿ ਦਸੰਬਰ ਦੇ ਮੱਧ ਤੱਕ ਹੋ ਸਕਦੀਆਂ ਹਨ। ਸ਼ਹਿਰੀ ਖੇਤਰ ਵਿਚ ਹੋਣ ਵਾਲੀਆਂ ਇਹ ਚੋਣਾਂ ਅਕਾਲੀ ਦਲ ਦੇ ਨਵੇਂ ਪ੍ਰਧਾਨ ਲਈ ਪ੍ਰੀਖਿਆ ਦੀ ਤਰ੍ਹਾਂ ਹੋਣਗੀਆਂ। ਸ਼ਹਿਰੀ ਖੇਤਰਾਂ ਵਿਚ ਅਕਾਲੀ ਦਲ ਕਮਜ਼ੋਰ ਹੀ ਰਿਹਾ ਹੈ। ਉੱਥੇ, ਨਵੇਂ ਪ੍ਰਧਾਨ ਸਾਹਮਣੇ ਬਾਗ਼ੀ ਧੜੇ ਨੂੰ ਨਾਲ ਜੋੜਨਾ ਵੀ ਵੱਡੀ ਚੁਣੌਤੀ ਹੋਵੇਗੀ। ਬਾਗ਼ੀ ਧੜਾ ਹਮੇਸ਼ਾ ਹੀ ਇਸ ਗੱਲ ਦੀ ਮੰਗ ਕਰਦਾ ਰਿਹਾ ਹੈ ਕਿ ਪਾਰਟੀ ਦੀ ਪ੍ਰਧਾਨਗੀ ਤੋਂ ਬਾਦਲ ਪਰਿਵਾਰ ਨੂੰ ਦੂਰ ਕੀਤਾ ਜਾਵੇ। ਹੁਣ ਜਦੋਂ ਬਾਦਲ ਪਰਿਵਾਰ ਪਾਰਟੀ ਦੀ ਪ੍ਰਧਾਨਗੀ ਤੋਂ ਦੂਰ ਹੋ ਰਿਹਾ ਹੈ ਤਾਂ ਕੀ ਬਾਗ਼ੀ ਧੜਾ ਵਾਪਸ ਪਾਰਟੀ ਮੰਚ ’ਤੇ ਆਵੇਗਾ। ਇਸਦੀ ਜ਼ਿੰਮੇਵਾਰੀ ਵੀ ਨਵੇਂ ਪ੍ਰਧਾਨ ’ਤੇ ਹੀ ਹੋਵੇਗੀ। ਸੂਤਰ ਦੱਸਦੇ ਹਨ ਕਿ ਸੋਮਵਾਰ ਨੂੰ ਹੋਣ ਵਾਲੀ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਸੰਭਾਵਤ ਪ੍ਰਧਾਨਾਂ ਦੇ ਨਾਵਾਂ ’ਤੇ ਚਰਚਾ ਹੋ ਸਕਦੀ ਹੈ। ਹਾਲਾਂਕਿ ਇਸ ਗੱਲ ਦੀ ਸੰਭਾਵਨਾ ਘੱਟ ਹੀ ਹੈ ਕਿ ਵਰਕਿੰਗ ਕਮੇਟੀ ਨਵੇਂ ਪ੍ਰਧਾਨ ਨੂੰ ਲੈ ਕੇ ਕੋਈ ਫ਼ੈਸਲਾ ਲੈ ਸਕੇ।