ਲੰਘੇ ਸ਼ਨੀਵਾਰ ਓਡੀਸ਼ਾ ਨੇ ਚੇਨਈ ਵਿੱਚ ਚੌਦ੍ਹਵੀਂ ਹਾਕੀ ਇੰਡੀਆ ਸੀਨੀਅਰ ਮੈਨ ਨੈਸ਼ਨਲ ਚੈਂਪੀਅਨਸ਼ਿਪ ’ਚ ਹਰਿਆਣਾ ਨੂੰ 5-1 ਨਾਲ ਹਰਾ ਕੇ ਪਹਿਲੀ ਵਾਰ ਕੌਮੀ ਖਿਤਾਬ ਜਿੱਤਿਆ। ਹਰਿਆਣਾ ਪਿਛਲੀ ਵਾਰ ਵੀ ਫਾਈਨਲ ’ਚ ਪੰਜਾਬ ਤੋਂ ਹਾਰ ਗਿਆ ਸੀ। ਪੰਜਾਬ ਐਤਕੀਂ ਸੈਮੀਫਾਈਨਲ ’ਚ ਥਾਂ ਨਹੀਂ ਬਣਾ ਸਕਿਆ। ਯੂ ਪੀ ਨੇ ਤੀਜਾ ਤੇ ਮਨੀਪੁਰ ਨੇ ਚੌਥਾ ਸਥਾਨ ਹਾਸਲ ਕੀਤਾ। ਫਾਈਨਲ ’ਚ ਓਡੀਸ਼ਾ ਦੇ ਕੌਮਾਂਤਰੀ ਖਿਡਾਰੀ ਸ਼ਿਲਾਨੰਦ ਲਾਕੜਾ ਨੇ ਤਿੰਨ ਗੋਲ ਕੀਤੇ। ਦਰਅਸਲ, ਓਡੀਸ਼ਾ ਦੀ ਇਸ ਜਿੱਤ ’ਚ ਸਾਬਕਾ ਮੁੱਖ ਮੰਤਰੀ ਨਵੀਨ ਪਟਨਾਇਕ ਦਾ ਕੁੰਜੀ ਰੋਲ ਰਿਹਾ ਹੈ, ਜਿਨ੍ਹਾ ਮੁੱਖ ਮੰਤਰੀ ਹੁੰਦਿਆਂ ਹਾਕੀ ਦੇ ਵਿਕਾਸ ਲਈ ਕਰੋੜਾਂ ਰੁਪਏ ‘ਖੇਡ ਵਿੱਚ ਨਿਵੇਸ਼, ਨੌਜਵਾਨਾਂ ਵਿੱਚ ਨਿਵੇਸ਼’ ਦੇ ਮੰਤਰ ਨਾਲ ਨਿਵੇਸ਼ ਕੀਤੇ। 2021 ਦੀ ਟੋਕੀਓ ਉਲੰਪਿਕ ਹਾਕੀ ’ਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦੇ ਪੈਰਿਸ ਉਲੰਪਿਕ-2024 ਵਿੱਚ ਲਗਾਤਾਰ ਦੂਜੀ ਵਾਰ ਕਾਂਸੀ ਦਾ ਤਮਗਾ ਜਿੱਤਣ ’ਚ ਵੀ ਪਟਨਾਇਕ ਦੇ ਮੰਤਰ ਨੇ ਹੀ ਕੰਮ ਕੀਤਾ ਸੀ। 1972 ਤੋਂ ਬਾਅਦ ਇਹ ਦੂਜੀ ਵਾਰ ਸੀ ਕਿ ਭਾਰਤੀ ਟੀਮ ਦੁਨੀਆ ਦੀਆਂ ਤਿੰਨ ਸਰਵੋਤਮ ਟੀਮਾਂ ’ਚ ਸ਼ੁਮਾਰ ਹੋਈ। ਪਟਨਾਇਕ ਸੰਜੇ ਗਾਂਧੀ ਨਾਲ ਦੂਨ ਸਕੂਲ ਵਿੱਚ ਪੜ੍ਹਦਿਆਂ ਹਾਕੀ ਟੀਮ ਦੇ ਗੋਲਕੀਪਰ ਰਹੇ। ਫਿਰ ਉਹ ਦਿੱਲੀ ਯੂਨੀਵਰਸਿਟੀ ’ਚ ਇਤਿਹਾਸ ਦੀ ਪੜ੍ਹਾਈ ਕਰਨ ਲੱਗੇ ਅਤੇ ਉਸ ਤੋਂ ਬਾਅਦ ਲੰਮਾ ਸਮਾਂ ਅਮਰੀਕਾ ’ਚ ਬਿਤਾਇਆ। 1997 ਵਿੱਚ 50 ਸਾਲ ਦੀ ਪੱਕੀ ਉਮਰ ’ਚ ਉਹ ਸਿਆਸਤ ’ਚ ਨਿੱਤਰੇ। ਇੱਧਰ ਹਾਕੀ ਵਿੱਚ ਭਾਰਤ ਨੂੰ 1980 ’ਚ ਮਾਸਕੋ ਉਲੰਪਿਕ ’ਚ ਸੋਨ ਤਮਗਾ ਜਿੱਤਣ ਤੋਂ ਬਾਅਦ ਕਦੇ ਤਮਗਾ ਨਸੀਬ ਨਹੀਂ ਸੀ ਹੋਇਆ।
ਟੋਕੀਓ ਉਲੰਪਿਕ ’ਚ ਜਾਣ ਲਈ ਜਦੋਂ ਭਾਰਤੀ ਟੀਮ ਤਿਆਰੀ ਕਰ ਰਹੀ ਸੀ, ਉਸ ਕੋਲ ਕੋਈ ਸਪਾਂਸਰ ਨਹੀਂ ਸੀ, ਕਿਉਕਿ ਸਹਾਰਾ ਨੇ 2018 ’ਚ ਹੱਥ ਖਿੱਚ ਲਏ ਸਨ। ਉਸ ਸਮੇਂ ਪਟਨਾਇਕ ਨੇ ਮੁੱਖ ਮੰਤਰੀ ਹੁੰਦਿਆਂ ਓਡੀਸ਼ਾ ਸਰਕਾਰ ਨੂੰ ਮਰਦਾਂ ਤੇ ਮਹਿਲਾਵਾਂ ਦੀ ਕੌਮੀ ਟੀਮ ਦਾ ਸਪਾਂਸਰ ਬਣਾਇਆ। ਉਸ ਨੇ ਪੰਜ ਸਾਲ ਵਿੱਚ 120 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਇਹ ਪੈਸਾ ਹਾਕੀ ਲਈ ਬੁਨਿਆਦੀ ਢਾਂਚੇ ਦੇ ਨਿਰਮਾਣ ਤੇ ਬੁਨਿਆਦੀ ਸਹੂਲਤਾਂ ’ਤੇ ਖਰਚ ਕੀਤਾ ਜਾਣਾ ਸੀ। ਇਸ ਦੇ ਇਲਾਵਾ ਦੋਹਾਂ ਟੀਮਾਂ ਦੇ ਸਾਰੇ ਖਰਚਬੋਰਡਿੰਗ ਤੇ ਟਰੇਨਿੰਗ ਆਦਿ ਸਰਕਾਰੀ ਖਜ਼ਾਨੇ ਵਿੱਚੋਂ ਕੀਤੇ ਗਏ। 2018 ਵਿੱਚ ਓਡੀਸ਼ਾ ਨੇ ਭੁਬਨੇਸ਼ਵਰ ਦੇ ਆਪਣੇ ਬਿਲਕੁਲ ਨਵੇਂ ਕਲਿੰਗਾ ਸਟੇਡੀਅਮ ’ਚ ਪੁਰਸ਼ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ। ਉਦੋਂ ਕਿਸੇ ਨੇ ਪਟਨਾਇਕ ਤੋਂ ਪੁੱਛਿਆ ਕਿ ਜਿਹੜਾ ਕੰਮ ਕੇਂਦਰ ਨੂੰ ਕਰਨਾ ਚਾਹੀਦਾ ਸੀ, ਉਸ ਦੀ ਜ਼ਿੰਮੇਵਾਰੀ ਤੁਸੀਂ ਕਿਉ ਲਈ, ਤਾਂ ਪਟਨਾਇਕ ਦਾ ਜਵਾਬ ਸੀਕਿਸੇ ਨੂੰ ਤਾਂ ਜ਼ਿੰਮੇਵਾਰੀ ਲੈਣੀ ਹੀ ਹੋਵੇਗੀ, ਤਾਂ ਕਿ ਦੇਸ਼ ਤੇ ਖੇਡ ਨੂੰ ਸ਼ਰਮਿੰਦਗੀ ਤੋਂ ਬਚਾਇਆ ਜਾ ਸਕੇ। ਪਟਨਾਇਕ ਦੇ ਮੁੱਖ ਮੰਤਰੀ ਰਹਿੰਦਿਆਂ ਓਡੀਸ਼ਾ ਵਿਸ਼ਵ ਕੱਪ, ਵਿਸ਼ਵ ਚੈਂਪੀਅਨਜ਼ ਟਰਾਫੀ ਤੇ ਵਿਸ਼ਵ ਲੀਗ ਫਾਈਨਲ ਦੀ ਮੇਜ਼ਬਾਨੀ ਕਰ ਚੁੱਕਾ ਹੈ। ਜਦੋਂ ਟੋਕੀਓ ਉਲੰਪਿਕ ਵਿੱਚ ਭਾਰਤ ਨੇ ਕਾਂਸੀ ਤਮਗਾ ਜਿੱਤਿਆ, ਓਡੀਸ਼ਾ ਨੇ ਉੱਤਰੀ ਜ਼ਿਲ੍ਹੇ ਸੰੁਦਰਗੜ੍ਹ ਦੇ 17 ਬਲਾਕਾਂ ਵਿੱਚ 17 ਐਸਟਰੋਟਰਫ ਵਿਛਾਉਣ ਲਈ 190 ਕਰੋੜ ਰੁਪਏ ਖਰਚ ਕਰਨ ਦਾ ਐਲਾਨ ਕੀਤਾ। ਇਸ ਦੌਰਾਨ ਸੂਬਾ ਸਰਕਾਰ ਨੇ ਰੌੜਕੇਲਾ ’ਚ 20 ਹਜ਼ਾਰ ਦਰਸ਼ਕਾਂ ਨੂੰ ਸਮਾਉਣ ਵਾਲਾ ਦੁਨੀਆ ਦਾ ਸ਼ਾਨਦਾਰ ਬਿਰਸਾ ਮੁੰਡਾ ਕੌਮਾਂਤਰੀ ਸਟੇਡੀਅਮ ਵੀ ਬਣਾਇਆ ਹੈ। ਹੁਣ ਓਡੀਸ਼ਾ ਦੀ ਭਾਜਪਾ ਸਰਕਾਰ ਨੇ ਐਲਾਨਿਆ ਹੈ ਕਿ ਉਹ 2036 ਤੱਕ ਭਾਰਤ ਦੀਆਂ ਪੁਰਸ਼ ਤੇ ਮਹਿਲਾ ਹਾਕੀ ਟੀਮਾਂ ਦੀ ਸਪਾਂਸਰ ਬਣੀ ਰਹੇਗੀ। ਓਡੀਸ਼ਾ ਦੇ ਕੌਮੀ ਚੈਂਪੀਅਨ ਬਣਨ ਪਿੱਛੇ ਹਾਕੀ ਦੀ ਖੇਡ ਦੇ ਬੁਨਿਆਦੀ ਢਾਂਚੇ ਵਿੱਚ ਕੀਤਾ ਗਿਆ ਨਿਵੇਸ਼ ਹੈ। ਪਟਨਾਇਕ ਨੇ ਸੋਨ ਤਮਗਾ ਜਿੱਤ ਕੇ ਆਉਣ ਤੋਂ ਬਾਅਦ ਕਰੋੜਾਂ ਰੁਪਏ ਦੇਣ ਦਾ ਐਲਾਨ ਕਰਨ ਦੀ ਥਾਂ ਬੁਨਿਆਦੀ ਢਾਂਚੇ ਤੇ ਸਹੂਲਤਾਂ ’ਤੇ ਪੈਸਾ ਵਹਾਇਆ, ਤਾਂ ਜੋ ਖਿਡਾਰੀ ਸੋਨ ਤਮਗਾ ਜਿੱਤਣ ਵਾਲੇ ਤਾਂ ਬਣਨ। ਹੋਰਨਾਂ ਸੂਬਿਆਂ ਦੇ ਨਾਲ-ਨਾਲ ਪੰਜਾਬ ਨੂੰ ਵੀ ਪਟਨਾਇਕ ਦਾ ਇਹ ਮੰਤਰ ਸਮਝਣਾ ਚਾਹੀਦਾ ਹੈਜਿੰਨਾ ਗੁੜ ਪਾਓਗੇ, ਓਨਾ ਮਿੱਠਾ ਹੋਊ।