ਪਰਵਾਸੀ ਪੰਜਾਬੀ ਸਾਹਿੱਤ ਬਾਰੇ ਤ੍ਰੈ ਮਾਸਿਕ ਪੱਤ੍ਰਿਕਾ ਪਰਵਾਸ ਦਾ 40ਵਾਂ ਅੰਕ ਲੋਕ ਅਰਪਨ

ਲੁਧਿਆਣਾ, 30 ਅਕਤੂਬਰ – ਪਰਵਾਸੀ ਸਾਹਿਤ ਅਧਿਐਨ ਕੇਂਦਰ, ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਵੱਲੋਂ ਤ੍ਰੈ-ਮਾਸਿਕ ਪੱਤ੍ਰਿਕਾ ਪਰਵਾਸ ਦਾ 40ਵਾਂ ਅਕਤੂਬਰ-ਦਸੰਬਰ 2024 ਅੰਕ ਲੋਕ ਅਰਪਿਤ ਕੀਤਾ ਗਿਆ। ਇਸ ਸਮਾਗਮ ਵਿਚ ਅਮਰੀਕਾ ਵੱਸਦੇ ਪੰਜਾਬੀ ਸ਼ਾਇਰ ਹਰਜਿੰਦਰ ਕੰਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦੇ ਆਰੰਭ ਵਿਚ ਡਾ. ਸ. ਪ. ਸਿੰਘ ਪ੍ਰਧਾਨ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਤੇ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਸਭ ਮਹਿਮਾਨਾਂ ਨੂੰ “ਜੀ ਆਇਆਂ “ਕਿਹਾ ਅਤੇ ਉਨ੍ਹਾਂ ਨੇ ਦੱਸਿਆ ਕਿ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਪੁਨਰ ਪ੍ਰਕਾਸ਼ਿਤ ਇਸ ਪੱਤ੍ਰਿਕਾ ਦਾ 40ਵਾਂ ਅੰਕ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਇਹ ISSN ਸਮੇਤ ਪ੍ਰਕਾਸ਼ਿਤ ਹੋਇਆ ਹੈ। ਇਸ ਤੋਂ ਪਹਿਲਾਂ ਅਕਤੂਬਰ 1990 ਤੋਂ ਲੈ ਕੇ ਸਤੰਬਰ 2000 ਤੱਕ ਪਹਿਲਾਂ ਵੀ ਪਰਵਾਸ ਮੈਗਜ਼ੀਨ ਛਪਦਾ ਰਿਹਾ ਹੈ। ਉਨ੍ਹਾਂ ਨੇ ਇਸ ਗੱਲ ਦੀ ਵੀ ਖ਼ੁਸ਼ੀ ਜ਼ਾਹਿਰ ਕੀਤੀ ਕਿ ਵਿਦੇਸ਼ਾਂ ਵਿਚ ਵੱਸਦੇ ਸਾਹਿਤਕਾਰਾਂ ਨੇ ਇਸ ਪੱਤ੍ਰਿਕਾ ਨੂੰ ਫਿਰ ਪਹਿਲਾਂ ਵਾਂਗ ਹੀ ਮਾਣ ਦਿੱਤਾ ਹੈ।

ਹਰਜਿੰਦਰ ਕੰਗ ਨੇ ਇਸ ਮੌਕੇ ਪਰਵਾਸ ਪੱਤ੍ਰਿਕਾ ਨਾਲ ਜੁੜੀਆਂ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਦੱਸਿਆ ਕਿ 1990 ਵਿਚ ਸ਼ੁਰੂ ਹੋਏ ਪਰਵਾਸ ਦੇ ਮੁੱਢਲੇ ਅੰਕਾਂ ਵਿਚ ਡਾ. ਸ. ਪ. ਸਿੰਘ ਨੇ ਉਨ੍ਹਾਂ ਦੀਆਂ ਰਚਨਾਵਾਂ ਨੂੰ ਪ੍ਰਕਾਸ਼ਿਤ ਕਰ ਕੇ ਮਾਣ ਦਿੱਤਾ ਸੀ। ਪ੍ਰੋ. ਗੁਰਭਜਨ ਸਿੰਘ ਗਿੱਲ ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕਾਡਮੀ, ਲੁਧਿਆਣਾ ਨੇ ਪਰਵਾਸ ਮੈਗਜ਼ੀਨ ਨੂੰ ISSN ਮਿਲਣ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਹੁਣ ਇਸ ਵਿਚ ਪ੍ਰਕਾਸ਼ਿਤ ਭਾਰਤੀ ਪੰਜਾਬੀ ਆਲੋਚਕਾਂ ਨੂੰ ਅਕਾਦਮਿਕ ਤਰੱਕੀ ਵਿਚ ਇਸ ਦਾ ਲਾਭ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਵਿਦੇਸ਼ਾਂ ਵਿਚ ਪੰਜਾਬੀ ਭਾਈਚਾਰੇ ਦੇ ਲੋਕ ਆਪਣੀ ਬੋਲੀ ਅਤੇ ਸਾਹਿਤ ਪ੍ਰਤੀ ਸੁਹਿਰਦਤਾ ਨਾਲ ਯਤਨਸ਼ੀਲ ਹਨ। ਪੰਜਾਬੀ ਵਿਭਾਗ ਦੇ ਮੁੱਖੀ ਪ੍ਰੋ. ਸ਼ਰਨਜੀਤ ਕੌਰ ਨੇ ਪਰਵਾਸ ਦੇ ਹੱਥਲੇ ਅੰਕ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਅੰਕ ਦੇ ਚਿੱਤਰਕਾਰ ਕੰਵਲ ਧਾਲੀਵਾਲ ਯੂ.ਕੇ. ਤੋਂ ਹਨ। ਵਿਸ਼ੇਸ਼ ਲੇਖਕ ਵਜੋਂ ਅਜਮੇਰ ਰੋਡੇ (ਕੈਨੇਡਾ) ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ। ਸੰਤੋਖ ਸਿੰਘ ਹੇਅਰ (ਇੰਗਲੈਂਡ) ਦੀ ਕਹਾਣੀ ‘ਛਤਰੀ’ ਤੇ ਮੰਗਤ ਕੁਲਜਿੰਦ (ਅਮਰੀਕਾ) ਦੀ ਕਹਾਣੀ ‘ਬੰਦ ਬੂਹਾ’ ਸ਼ਾਮਿਲ ਹਨ।

ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਹਰਜਿੰਦਰ ਕੰਗ ਦੀ ਸੱਜਰੀ ਪੁਸਤਕ ਵੇਲ ਰੁਪਏ ਦੀ ਵੇਲ ਬਾਰੇ, ਡਾ. ਗੁਰਇਕਬਾਲ ਸਿੰਘ ਨੇ ਬਿੰਦੂ ਦਲਬੀਰ ਕੌਰ ਦੀ ਗ਼ਜ਼ਲ ਪੁਸਤਕ ਹਰਫ਼ ਇਲਾਹੀ, ਨੀਲੂ ਜਰਮਨੀ ਦੀ ਪੁਸਤਕ ਪਰਛਾਵਿਆਂ ਦੀ ਡਾਰ ਬਾਰੇ ਭਗਵਾਨ ਢਿੱਲੋਂ ਤੇ ਡਾ. ਤੇਜਿੰਦਰ ਕੌਰ ਨੇ ਦਵਿੰਦਰ ਮਲਹਾਂਸ ਦੀ ਪੁਸਤਕ ਜੰਗਲੀ ਗੁਲਾਬ ਬਾਰੇ ਪਰਵਾਸੀ ਪੰਜਾਬੀ ਸਾਹਿਤ ਤੇ ਆਧਾਰਿਤ ਆਲੋਚਨਾਤਮਕ ਲੇਖ ਸ਼ਾਮਿਲ ਹਨ। ਸੱਜਣ ਮੇਰੇ ਰੰਗੁਲੇ ਸਿਰਲੇਖ ਅਧੀਨ ਅਮਨ ਪਾਲ ਸਾਰਾ ਨੂੰ ਵਿਜੈ ਬੰਬੇਲੀ ਨੇ ਆਪਣੀ ਲਿਖਤ ਰਾਹੀਂ ਸ਼ਰਧਾਂਜਲੀ ਦਿੱਤੀ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੇ ਰਸਮੀ ਤੌਰ ’ਤੇ ਸਭ ਦਾ ਧੰਨਵਾਦ ਕਰਦੇ ਹੋਏ ਪੰਜਾਬੀ ਵਿਭਾਗ ਅਤੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਨੂੰ ਇਸ ਅੰਕ ਦੇ ਲੋਕ ਅਰਪਨ ਦੀ ਵਧਾਈ ਦਿੱਤੀ ਅਤੇ ਦੱਸਿਆ ਕਿ ਅਗਲੇ ਅੰਕ ਦੇ ਲੇਖਕ ਭੁਪਿੰਦਰ ਸੱਗੂ ਇੰਗਲੈਂਡ ਤੋਂ ਹੋਣਗੇ। ਇਸ ਮੌਕੇ ਸ. ਹਰਸ਼ਰਨ ਸਿੰਘ ਨਰੂਲਾ ਆਨਰੇਰੀ ਜਨਰਲ ਸਕੱਤਰ, ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ, ਥਾਈਲੈਂਡ ਵਾਸੀ ਸ. ਪ੍ਰਿਤਪਾਲ ਸਿੰਘ ਚਾਵਲਾ, ਪ੍ਰੋ. ਮਨਜੀਤ ਸਿੰਘ ਛਾਬੜਾ ਡਾਇਰੈਕਟਰ ਜੀ.ਜੀ.ਐਨ.ਆਈ.ਐਮ.ਟੀ., ਉੱਘੇ ਸ਼ਾਇਰ ਤੇ ਮੀਤ ਪ੍ਰਧਾਨ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਤਰਲੋਚਨ ਲੋਚੀ ਤੇ ਡਾ. ਗੁਰਚਰਨ ਕੌਰ ਕੋਚਰ, ਡਾ. ਗੁਰਇਕਬਾਲ ਸਿੰਘ, ਜਨਰਲ ਸਕੱਤਰ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ, ਗੀਤਕਾਰ ਅਮਰਜੀਤ ਸਿੰਘ ਸ਼ੇਰਪੁਰੀ, ਫਰਿਜ਼ਨੋ (ਅਮਰੀਕਾ)ਵੱਸਦੇ ਲੇਖਕ ਰਣਜੀਤ ਸਿੰਘ ਜੱਗਾ ਗਿੱਲ, ਹਿੰਦੀ ਵਿਭਾਗ ਦੇ ਮੁਖੀ ਪ੍ਰੋ. ਰਜਿੰਦਰ ਕੌਰ ਮਲੋਹਤਰਾ, ਡਾ. ਦਲੀਪ ਸਿੰਘ, ਪੰਜਾਬੀ ਵਿਭਾਗ ਦੇ ਡਾ. ਗੁਰਪ੍ਰੀਤ ਸਿੰਘ, ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਸੁਸ਼ਮਿੰਦਰਜੀਤ ਕੌਰ, ਡਾ. ਹਰਗੁਣਜੋਤ ਕੌਰ, ਡਾ. ਮਨਦੀਪ ਕੌਰ ਰੰਧਾਵਾ, ਡਾ. ਭੁਪਿੰਦਰਜੀਤ ਕੌਰ, ਪ੍ਰੋ. ਮਨਜੀਤ ਸਿੰਘ, ਪ੍ਰੋ. ਜਸਪ੍ਰੀਤ ਕੌਰ, ਪ੍ਰੋ. ਆਸ਼ਾ ਰਾਣੀ ਤੇ ਰਾਜਿੰਦਰ ਸਿੰਘ ਸੰਧੂ ਵੀ ਹਾਜ਼ਰ ਸਨ। ਪ੍ਰੋਗਰਾਮ ਦਾ ਸੰਚਾਲਨ ਡਾ. ਤੇਜਿੰਦਰ ਕੌਰ ਕੋਆਰਡੀਨੇਟਰ ਪਰਵਾਸੀ ਸਾਹਿਤ ਅਧਿਐਨ ਕੇਂਦਰ ਨੇ ਕੀਤਾ।

ਸਾਂਝਾ ਕਰੋ

ਪੜ੍ਹੋ

ਇੰਫਾਲ ਵਿੱਚ ਕਰਫਿਊ, ਸਰਕਾਰੀ ਸਕੂਲ ਅਤੇ ਕਾਲਜ

ਇੰਫਾਲ, 18 ਨਵੰਬਰ – ਇੰਫਾਲ ਪੱਛਮੀ ਅਤੇ ਇੰਫਾਲ ਪੂਰਬੀ ਵਿੱਚ...