ਨਫ਼ਰਤ ਨਾਲ ਭਰੇ ਲੋਕ ਦੇਸ਼ ਨੂੰ ਬਦਨਾਮ ਕਰਨ ਦਾ ਕੋਈ ਮੌਕਾ ਨਹੀਂ ਛੱਡ ਰਹੇ – ਮੋਦੀ

ਅਹਿਮਦਾਬਾਦ, 17 ਸਤੰਬਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਦੋਸ਼ ਲਾਇਆ ਕਿ ਨਫ਼ਰਤ ਅਤੇ ਨਕਾਰਾਤਮਕਤਾ ਨਾਲ ਭਰੇ ਕੁੱਝ ਲੋਕ ਦੇਸ਼ ਨੂੰ ਬਦਨਾਮ ਕਰ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਦੀ ਇਹ ਟਿਪਣੀ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਵਿਦੇਸ਼ ’ਚ ਦਿਤੇ ਗਏ ਕੁੱਝ ਬਿਆਨਾਂ ਨੂੰ ਲੈ ਕੇ ਸਿਆਸੀ ਵਿਵਾਦ ਦੇ ਵਿਚਕਾਰ ਆਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਅਹਿਮਦਾਬਾਦ ’ਚ 8,000 ਕਰੋੜ ਰੁਪਏ ਦੇ ਵੱਖ-ਵੱਖ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ, ਨਾਲ ਹੀ ਭੁਜ-ਅਹਿਮਦਾਬਾਦ ‘ਨਮੋ ਭਾਰਤ’ ਰੈਪਿਡ ਰੇਲ, ਪਹਿਲੀ ਵੰਦੇ ਇੰਡੀਆ ਮੈਟਰੋ ਸੇਵਾ ਅਤੇ ਪੰਜ ਵੰਦੇ ਇੰਡੀਆ ਐਕਸਪ੍ਰੈਸ ਰੇਲ ਗੱਡੀਆਂ ਸ਼ਾਮਲ ਹਨ। ਮੋਦੀ ਨੇ ਬਿਨਾਂ ਕਿਸੇ ਦਾ ਨਾਂ ਲਏ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ (ਵਿਰੋਧੀ ਧਿਰ) ਤੁਸ਼ਟੀਕਰਨ ਦੀ ਸਿਆਸਤ ਲਈ ਕਿਸੇ ਵੀ ਹੱਦ ਨੂੰ ਪਾਰ ਕਰ ਸਕਦੇ ਹਨ। ਉਨ੍ਹਾਂ ਦੋਸ਼ ਲਾਇਆ, ‘‘ਨਕਾਰਾਤਮਕਤਾ ਤੋਂ ਪ੍ਰੇਰਿਤ ਕੁੱਝ ਲੋਕ ਦੇਸ਼ ਨੂੰ ਵੰਡਣ ਦੇ ਇਰਾਦੇ ਨਾਲ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਨਿਸ਼ਾਨਾ ਬਣਾ ਰਹੇ ਹਨ। ਨਫ਼ਰਤ ਨਾਲ ਭਰੇ ਲੋਕ ਭਾਰਤ ਅਤੇ ਗੁਜਰਾਤ ਨੂੰ ਬਦਨਾਮ ਕਰਨ ਦਾ ਕੋਈ ਮੌਕਾ ਨਹੀਂ ਛੱਡ ਰਹੇ। ਮੋਦੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਤੌਰ ’ਤੇ ਉਨ੍ਹਾਂ ਦੇ ਤੀਜੇ ਕਾਰਜਕਾਲ ਦੇ ਪਹਿਲੇ 100 ਦਿਨਾਂ ’ਚ ਵਿਰੋਧੀ ਧਿਰ ਨੇ ਉਨ੍ਹਾਂ ਦਾ ਅਪਮਾਨ ਕੀਤਾ, ਮਜ਼ਾਕ ਉਡਾਇਆ ਅਤੇ ਮਖੌਲ ਕੀਤਾ ਪਰ ਉਹ ਇਸ ਸਮੇਂ ਦੌਰਾਨ ਸਰਕਾਰ ਦੇ ਵਿਕਾਸ ਦੇ ਏਜੰਡੇ ਨੂੰ ਪੂਰਾ ਕਰਨ ’ਤੇ ਧਿਆਨ ਕੇਂਦਰਿਤ ਕਰਦੇ ਰਹੇ।

ਉਨ੍ਹਾਂ ਕਿਹਾ, ‘‘ਜਦੋਂ ਹਰ ਭਾਰਤੀ ਦੇਸ਼ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਨਕਾਰਾਤਮਕਤਾ ਨਾਲ ਭਰੇ ਕੁੱਝ ਲੋਕ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਤਬਾਹ ਕਰਨਾ ਚਾਹੁੰਦੇ ਹਨ। ਉਹ ਦੇਸ਼ ਨੂੰ ਵੰਡਣਾ ਚਾਹੁੰਦੇ ਹਨ। ਅਮਰੀਕਾ ’ਚ ਰਾਖਵਾਂਕਰਨ ’ਤੇ ਰਾਹੁਲ ਗਾਂਧੀ ਦੀ ਟਿਪਣੀ ਅਤੇ ਜੰਮੂ-ਕਸ਼ਮੀਰ ’ਚ ਨੈਸ਼ਨਲ ਕਾਨਫਰੰਸ ਨਾਲ ਕਾਂਗਰਸ ਦੇ ਚੋਣ ਗਠਜੋੜ ਨੂੰ ਲੈ ਕੇ ਵਿਵਾਦ ਦਰਮਿਆਨ ਮੋਦੀ ਨੇ ਕਿਹਾ ਕਿ ਨਫ਼ਰਤ ਨਾਲ ਭਰੇ ਕੁੱਝ ਲੋਕ ਦੇਸ਼ ਨੂੰ ਬਦਨਾਮ ਕਰਨ ਦਾ ਕੋਈ ਮੌਕਾ ਨਹੀਂ ਛੱਡ ਰਹੇ। ਉਨ੍ਹਾਂ ਕਿਹਾ, ‘‘ਤੁਸੀਂ ਸੁਣਿਆ ਹੈ ਕਿ ਉਹ ਜੰਮੂ-ਕਸ਼ਮੀਰ ’ਚ ਧਾਰਾ 370 ਨੂੰ ਵਾਪਸ ਲਿਆਉਣਾ ਚਾਹੁੰਦੇ ਹਨ, ਉਹ ਜੰਮੂ-ਕਸ਼ਮੀਰ ’ਚ ਦੋ ਸੰਵਿਧਾਨ ਅਤੇ ਦੋ ਕਾਨੂੰਨ ਵਾਪਸ ਲਿਆਉਣਾ ਚਾਹੁੰਦੇ ਹਨ। ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਲੋਕਾਂ ਲਈ ਖ਼ੁਦ ਨੂੰ ਕੁਰਬਾਨ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ, ‘‘ਜੇ ਮੈਂ ਜਿਉਂਦਾ ਹਾਂ, ਮੈਂ ਤੁਹਾਡੇ ਲਈ ਜਿਉਂਦਾ ਹਾਂ, ਜੇ ਮੈਂ ਸੰਘਰਸ਼ ਕਰਦਾ ਹਾਂ, ਮੈਂ ਤੁਹਾਡੇ ਲਈ ਸੰਘਰਸ਼ ਕਰਦਾ ਹਾਂ ਅਤੇ ਜੇ ਮੈਂ ਅਪਣੇ ਆਪ ਨੂੰ ਕੁਰਬਾਨ ਕਰਦਾ ਹਾਂ, ਤਾਂ ਇਹ ਤੁਹਾਡੇ ਲਈ ਹੋਵੇਗਾ।

ਸਾਂਝਾ ਕਰੋ

ਪੜ੍ਹੋ