ਜੰਮੂ-ਕਸ਼ਮੀਰ ’ਚ ਅਤਿਵਾਦ ਨੂੰ ਕੀਤਾ ਜਾਵੇਗਾ ਡੂੰਘਾ ਦਫ਼ਨ : ਸ਼ਾਹ

ਗੁਲਾਬਗੜ੍ਹ, 16 ਸਤੰਬਰ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਕਿਹਾ ਕਿ ਇਸ ਕੇਂਦਰੀ ਸ਼ਾਸਿਤ ਪ੍ਰਦੇਸ਼ ਵਿਚ ਦਹਿਸ਼ਤਗਰਦੀ ਨੂੰ ਮੁੜ ਉਭਾਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ, ਪਰ ਸਰਕਾਰ ਅਜਿਹਾ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਅਤਿਵਾਦ ਨੂੰ ‘ਐਨਾ ਡੂੰਘਾ ਦਫ਼ਨ ਕਰ’ ਦਿੱਤਾ ਜਾਵੇਗਾ, ਕਿ ਕੋਈ ਉਸ ਨੂੰ ਮੁੜ ਉਭਾਰਨ ਦੀ ਹਿੰਮਤ ਨਹੀਂ ਕਰ ਸਕੇਗਾ। ਸ਼ਾਹ ਕਿਸ਼ਤਵਾੜ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪ੍ਰਦੇਸ਼ ਵਿਚ ਨੈਸ਼ਨਲ ਕਾਨਫਰੰਸ-ਕਾਂਗਰਸ ਗੱਠਜੋੜ ਆਪਣੀ ਸਰਕਾਰ ਨਹੀਂ ਬਣਾ ਸਕੇਗਾ। ਪਡਰ-ਨਾਗਸੇਨੀ ਹਲਕੇ ਤੋਂ ਭਾਜਪਾ ਉਮੀਦਵਾਰ ਅਤੇ ਸਾਬਕਾ ਮੰਤਰੀ ਸੁਨੀਲ ਸ਼ਰਮਾ ਦੇ ਹੱਕ ਵਿਚ ਹੋਈ ਇਸ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘‘ਅਸੀਂ ਅਤਿਵਾਦ ਨੂੰ ਐਨਾ ਡੂੰਘਾ ਦਬਾ ਦੇਵਾਂਗੇ ਕਿ ਇਹ ਮੁੜ ਬਾਹਰ ਨਹੀਂ ਨਿਕਲ ਸਕੇਗਾ। ਦਹਿਸ਼ਤਗਰਦੀ ਨੂੰ ਮੁੜ ਉਭਾਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ, ਜਿਵੇਂ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਦਾ ਗੱਠਜੋੜ ਦਹਿਸ਼ਤਗਰਦਾਂ ਨੂੰ ਰਿਹਾਅ ਕਰਨ ਦੀ ਗੱਲ ਕਹਿ ਰਿਹਾ ਹੈ। ਪਰ ਇਹ ਮੋਦੀ ਸਰਕਾਰ ਹੈ ਅਤੇ ਜੰਮੂ-ਕਸ਼ਮੀਰ ਵਿਚ ਦਹਿਸ਼ਤਗਰਦੀ ਨੂੰ ਮੁੜ ਉਭਾਰਨ ਦੀ ਕਿਸੇ ਵਿਚ ਤਾਕਤ ਨਹੀਂ ਹੈ।

ਸਾਂਝਾ ਕਰੋ

ਪੜ੍ਹੋ